ਅਧਿਆਪਕਾਂ ਨੇ ਡੀਸੀ ਰਾਹੀਂ ਸੂਬਾਈ ਚੋਣ ਅਧਿਕਾਰੀ ਨੂੰ ਭੇਜੇ ਪੱਤਰ
ਸ਼ਗਨ ਕਟਾਰੀਆ
ਬਠਿੰਡਾ, 30 ਸਤੰਬਰ
ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪੱਧਰੀ ਵਫ਼ਦ ਨੇ ਏਡੀਸੀ ਮੈਡਮ ਪੂਨਮ ਸਿੰਘ ਨੂੰ ਮਿਲ ਕੇ ਪੰਜਾਬ ਰਾਜ ਚੋਣ ਕਮਿਸ਼ਨਰ ਦੇ ਨਾਂਅ ਮੰਗ ਪੱਤਰ ਦਿੱਤਾ। ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਤੇ ਕੁਲਵਿੰਦਰ ਵਿਰਕ ਨੇ ਕਿਹਾ ਕਿ ਪੰਚਾਇਤ ਚੋਣਾਂ ਮੌਕੇ ਪਿੰਡ ਪੱਧਰੀ ਸਿਆਸੀ ਖਹਿਬਾਜ਼ੀ ਦਾ ਖਮਿਆਜ਼ਾ ਚੋਣ ਅਮਲੇ ਨੂੰ ਭੁਗਤਣਾ ਪੈਂਦਾ ਹੈ ਅਤੇ ਹਿੰਸਾ ਦਾ ਸ਼ਿਕਾਰ ਵੀ ਚੋਣ ਅਮਲਾ ਹੀ ਹੁੰਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਚੋਣਾਂ ਕੇਵਲ ਪਿੰਡਾਂ ਵਿੱਚ ਹੋ ਰਹੀਆਂ ਹਨ, ਇਸ ਕਰ ਕੇ ਜ਼ਿਆਦਾ ਚੋਣ ਅਮਲੇ ਦੀ ਜ਼ਰੂਰਤ ਨਹੀਂ। ਮੰਗ ਪੱਤਰ ਰਾਹੀਂ ਅਧਿਆਪਕਾਵਾਂ, ਅੰਗਹੀਣਾਂ, ਸੇਵਾ ਨਵਿਰਤੀ ’ਤੇ ਬੈਠੇ ਅਧਿਆਪਕਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਨੂੰ ਚੋਣ ਡਿਊਟੀ ਤੋਂ ਛੋਟ ਮੰਗ ਗਈ। ਇਸ ਤੋਂ ਇਲਾਵਾ ਬੀਐੱਲਓ’ਜ਼ ਨੂੰ ਚੋਣ ਡਿਊਟੀ ਤੋਂ ਫਾਰਗ ਕੀਤੇ ਜਾਣ ਦੀ ਮੰਗ ਰੱਖੀ ਗਈ। ਵੋਟਾਂ ਦੀ ਗਿਣਤੀ ਮੌਕੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰਨ, ਚੋਣ ਪ੍ਰਕਿਰਿਆ ਮੌਕੇ ਹਾਦਸੇ ਅਤੇ ਬਿਮਾਰੀ ਲਈ ਕਰਮਚਾਰੀਆਂ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਲਈ ਵੀ ਕਿਹਾ ਗਿਆ। ਅਜਿਹਾ ਨਾ ਕਰਨ ’ਤੇ ਚਿਤਾਵਨੀ ਦਿੰਦਿਆਂ ਆਗੂਆਂ ਨੇ ਤਿੱਖਾ ਸੰਘਰਸ਼ ਕਰਨ ਦੀ ਗੱਲ ਆਖੀ।
ਜ਼ੀਰਾ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਫਿਰੋਜ਼ਪੁਰ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਵਫ਼ਦ ਨਾਲ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡਾਕਟਰ ਨਿਧੀ.ਕੇ ਬੰਬਾਹ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਰਾਮ ਸ਼ਰਮਾ, ਜਨਰਲ ਸਕੱਤਰ ਗਗਨਦੀਪ ਬਰਾੜ ਆਦਿ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਚੋਣਾਂ ਦੌਰਾਨ ਆਮ ਤੌਰ ਤੇ ਪਿੰਡ ਪੱਧਰ ਦੀ ਸਿਆਸੀ ਖਹਿਬਾਜ਼ੀ ਦਾ ਖਮਿਆਜ਼ਾ ਚੋਣ ਅਮਲੇ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਮ ਤੌਰ ’ਤੇ ਪੰਚਾਇਤੀ ਚੋਣਾਂ ਦੀ ਹਿੰਸਾ ਦਾ ਸ਼ਿਕਾਰ ਚੋਣ ਅਮਲਾ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਵਿੱਚ ਲੱਗੇ ਕਰਮਚਾਰੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਵੋਟਾਂ ਦੀ ਗਿਣਤੀ ਸਮੇਂ ਪੁਲੀਸ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ।
ਚੋਣ ਅਮਲੇ ਦੀ ਡਿਊਟੀ ਬਲਾਕ ਪੱਧਰ ’ਤੇ ਲਾਉਣ ਦੀ ਮੰਗ
ਮਾਨਸਾ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਵਿੱਚ ਚੋਣ ਅਮਲੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੌਰਮਿੰਟ ਟੀਚਰਜ਼ ਯੂਨੀਅਨ ਮਾਨਸਾ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਸੌਂਪਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ ਨੇ ਦੱਸਿਆ ਕਿ ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਪੰਚਾਇਤੀ ਚੋਣਾਂ ਵਿੱਚ ਮੁਲਾਜ਼ਮਾਂ ਦੀ ਡਿਊਟੀ ਬਲਾਕ ਪੱਧਰ ’ਤੇ ਹੀ ਲਾਈ ਜਾਵੇ, ਚੋਣਾਂ ਦਾ ਕੰਮ ਸਾਰਾ ਵੋਟਿੰਗ ਮਸ਼ੀਨਾਂ ਰਾਹੀਂ ਕੀਤਾ ਜਾਵੇ, ਕਿਉਂਕਿ ਨਤੀਜਾ ਘੋਸ਼ਿਤ ਕਰਨ ਸਮੇਂ ਮੁਲਾਜ਼ਮਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।