ਅਧਿਆਪਕਾਂ ਨੇ ਡੀਈਓ ਨੂੰ ਸਮੱਸਿਆਵਾਂ ਦੱਸੀਆਂ
ਪੱਤਰ ਪ੍ਰੇਰਕ
ਜਲੰਧਰ, 28 ਜੂਨ
ਅਧਿਆਪਕਾਂ ਦੇ ਮਸਲਿਆਂ ਦੇ ਹੱਲ ਵਾਸਤੇ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਜਲੰਧਰ ਡਾ. ਕੁਲਤਰਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀ ਨਾਲ ਕਈ ਮਸਲੇ ਵਿਚਾਰੇ ਤੇ ਬਹੁਤੇ ਮਸਲਿਆਂ ਦਾ ਹੱਲ ਮੌਕੇ ‘ਤੇ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਮੱਕੜ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਅਧਿਆਪਕਾਂ ਤੇ ਪੈਨਸ਼ਨਰਜ਼ ਦੇ ਕਈ ਸਾਲਾਂ ਤੋਂ ਮੈਡੀਕਲ ਬਿੱਲਾਂ ਦੇ ਬਕਾਇਆ ਕਲੇਮ ਤਰਤੀਬ ਵਾਰ ਜਾਰੀ ਕਰਨ ‘ਤੇ ਸਹਿਮਤੀ ਬਣੀ। ਸਾਰੇ ਅਧਿਆਪਕਾਂ ਦੀਆਂ ਸਰਵਿਸ ਬੁੱਕਾਂ ਤੇ ਜੀਪੀਐੱਫ ਤੇ ਹੋਰ ਪੈਡਿੰਗ ਵੇਰਵੇ ਪੂਰੇ ਕਰਨ ਲਈ ਬਲਾਕ ਦਫਤਰਾਂ ਨੂੰ ਹਦਾਇਤ ਕੀਤੀ ਗਈ। ਇਸ ਸਮੇਂ ਸੀਐੱਚਟੀਦੀ ਪਰਮੋਸ਼ਨ ਲਈ ਕੋਰਟ ਕੇਸ ਦਾ ਵੇਰਵਾ ਦਿੱਤਾ ਗਿਆ। ਬਲਾਕਾਂ ਵਿੱਚ ਕਲਾਰਕਾਂ ਦੀ ਘਾਟ ਲਈ ਮੁੱਖ ਦਫ਼ਤਰ ਨੂੰ ਲਿਖਣ ਤੇ ਸਹਿਮਤੀ ਬਣੀ ਗਈ ਆਦਿ। ਇਸ ਸਮੇਂ ਸੁਖਵਿੰਦਰ ਰਾਮ, ਲੇਖ ਰਾਜ ਪੰਜਾਬੀ, ਵੇਦ ਰਾਜ, ਰਜਿੰਦਰ ਸਿੰਘ ਭੋਗਪੁਰ ਤੋਂ ਇਲਾਵਾ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਪ੍ਰੀਤ ਕੌਰ, ਮਮਤਾ, ਮਨਿੰਦਰ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ।