ਅਧਿਆਪਕਾਂ ਨੇ ਕਾਰ ਦੀ ਡਿੱਗੀ ’ਚ ਬਿਠਾਏ ਸਕੂਲ ਦੇ ਵਿਦਿਆਰਥੀ
ਦਵਿੰਦਰ ਸਿੰਘ ਭੰਗੂ
ਰਈਆ, 12 ਦਸੰਬਰ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਚ ਹੋ ਰਹੀ ਬਲਾਕ ਪੱਧਰੀ ਪ੍ਰਤੀਯੋਗਤਾ ਵਿਚ ਇਕ ਸਕੂਲ ਦੇ ਅਧਿਆਪਕਾਂ ਵਲੋ ਵਿਦਿਆਰਥੀਾਂ ਨੂੰ ਆਲਟੋ ਕਾਰ ਦੀ ਡਿੱਗੀ ਵਿਚ ਤੁੰਨ ਕੇ ਲਿਜਾਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਸਮਾਜ ਸੇਵੀ ਜਥੇਬੰਦੀ ਦੇ ਆਗੂਆਂ ਵਲੋ ਅਜਿਹਾ ਵਰਤਾਰੇ ਕਰਨ ਵਾਲੇ ਅਧਿਆਪਕਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਚ ਬਲਾਕ ਪੱਧਰ ਤੇ ਪ੍ਰਤੀਯੋਗਤਾ ਚੱਲ ਰਹੀ ਹੈ ਜਿਸ ਵਿਚ ਵੱਖ-ਵੱਖ ਮਿਡਲ ਅਤੇ ਹਾਈ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਹਨ। ਸਰਕਾਰੀ ਹਾਈ ਸਕੂਲ ਵਡਾਲਾ ਕਲਾਂ ਦੇ ਦੋ ਅਧਿਆਪਕ ਅਮਰੀਕ ਸਿੰਘ ਅਤੇ ਸੁਖਦੇਵ ਸਿੰਘ ਵਲੋ ਆਲਟੋ ਕਾਰ ਨੰਬਰ ਨੰਬਰ ਪੀ ਬੀ 02 ਬੀ ਪੀ 1067 ਵਿਚ ਆਪਣੇ ਸਮੇਤ ਪੰਜ ਵਿਦਿਆਰਥੀਆ ਨੂੰ ਕਾਰ ਦੀ ਡਿੱਗੀ ਵਿਚ ਬਿਠਾ ਕੇ ਵਡਾਲਾ ਕਲਾ ਤੋ ਖਿਲਚੀਆਂ ਲਿਆਂਦਾ ਗਿਆ। ਇਸ ਸਬੰਧੀ ਸਕੂਲੀ ਬੱਚਿਆ ਦੇ ਮਾਪਿਆਂ ਵਲੋ ਰੋਸ ਪਾਇਆ ਜਾ ਰਿਹਾ ਹੈ।
ਸਮਾਜ ਸੇਵੀ ਜਥੇਬੰਦੀ ਈਡੀਅਟ ਕਲੱਬ ਦੇ ਪ੍ਰਧਾਨ ਰਜਿੰਦਰ ਰਿਖੀ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਜੋ ਲੋਕ ਖ਼ੁਦ ਸਿੱਖਿਆ ਖੇਤਰ ਵਿਚ ਬੱਚਿਆ ਨੂੰ ਸਿਖਾਉਣ ਲਈ ਲਾਏ ਗਏ ਹਨ ਉਹੀ ਗ਼ਲਤੀ ਕਰਨ ਤਾਂ ਬੱਚਿਆ ਨੂੰ ਕੀ ਸਿੱਖਿਆ ਦੇਣਗੇ। ਇਸ ਕਰਕੇ ਇਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀ ਈ ਉ ਸੈਕੰਡਰੀ ਅੰਮ੍ਰਿਤਸਰ ਹਰ ਭਗਵੰਤ ਸਿੰਘ ਨੂੰ ਇਸ ਸਬੰਧੀ ਵੀਡੀਉ ਅਤੇ ਫ਼ੋਟੋ ਭੇਜਣ ਉਪਰੰਤ ਪਹਿਲਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲ ਮੁਖੀ ਨਾਲ ਗੱਲ ਕੀਤੀ ਜਾ ਰਹੀ ਹੈ ਬਾਅਦ ਵਿਚ ਸੰਪਰਕ ਕਰਨ ’ਤੇ ਉਨ੍ਹਾਂ ਮੀਟਿੰਗ ਵਿਚ ਹੋਣ ਬਾਰੇ ਕਿਹਾ।