ਅਧਿਆਪਕਾਂ ਨੇ ਡੀਈਓ ਨੂੰ ਮੰਗ ਪੱਤਰ ਦਿੱਤਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਅਗਸਤ
ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਆਪਣੀਆਂ ਮੰਗਾਂ ਲਈ ਸਿੱਖਿਆ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਗਿਆ।
ਸੂਬਾਈ ਆਗੂ ਹਰਜੀਤ ਜੀਦਾ, ਰਤਨਜੋਤ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ ਨੇ ਦੱਸਿਆ ਕਿ ਸਾਲ 2018 ’ਚ ਰੈਗੂਲਰ ਕਰਨ ਦੇ ਨਾਂਅ ਹੇਠ ਕੈਪਟਨ ਸਰਕਾਰ ਵੱਲੋਂ ਤਨਖਾਹ ਕਟੌਤੀ ਦਾ ਫੈਸਲਾ ਬਾਅਦ ’ਚ ਹਾਈਕੋਰਟ ਵੱਲੋਂ ਰੱਦ ਕਰ ਕੇ 1 ਅਪ੍ਰੈਲ 2018 ਤੋਂ ਪੂਰੀ ਤਨਖਾਹ ਦੇਣ ਦੇ ਆਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਉਹ ਹੁਕਮ ਲਾਗੂ ਨਹੀਂ ਕੀਤੇ ਗਏ। ਉਨ੍ਹਾਂ ਹੁਕਮ ਲਾਗੂ ਕੀਤੇ ਜਾਣ ਅਤੇ ਪੰਜਾਬ ਸਿਵਲ ਸਰਵਿਸ ਨਿਯਮਾਂ ਤਹਿਤ ਬਣਦੀਆਂ ਛੁੱਟੀਆਂ ਨੂੰ ਵੀ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਪੂਰੇ ਕਾਡਰ ਨੂੰ ਪੁਰਾਣੀ ਸਰਵਿਸ ਦਾ ਲਾਭ ਦੇਣ ਦੀ ਵੀ ਮੰਗ ਉਠਾਈ। ਉਨ੍ਹਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ, 8886 ਅਧਿਆਪਕਾਂ ਨੂੰ ਏਸੀਪੀ ਲਾਭ ਦੇਣ, ਪ੍ਰੋਬੇਸ਼ਨ ਪੀਰੀਅਡ ਦੇ ਬਣਦੇ ਇੰਕਰੀਮੈਂਟ ਦੇਣ ਅਤੇ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਜਸਵਿੰਦਰ ਸੰਦੋਹਾ, ਹਰਜੀਤ ਸਿੰਘ ਬੰਗੀ ਕਲਾਂ, ਹਰਵਿੰਦਰ ਸਿੰਘ ਬੰਗੀ, ਬਲਜਿੰਦਰ ਸਿੰਘ ਮਛਾਣਾ, ਪ੍ਰਦੀਪ ਸਿੰਘ, ਨਿਰਮਲ ਸਿੰਘ, ਦਲਜਿੰਦਰ ਕੌਰ, ਕੰਵਲਪ੍ਰੀਤ ਕੌਰ, ਅਮਨਦੀਪ ਕੌਰ, ਰਤਿੰਦਰਪਾਲ ਕੌਰ ਆਦਿ ਹਾਜ਼ਰ ਸਨ।