ਅਧਿਆਪਕਾਂ ਨੇ ਗੈਰ-ਮਿਆਰੀ ਵਰਦੀਆਂ ਦੇ ਮਾਮਲੇ ਦੀ ਜਾਂਚ ਮੰਗੀ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 28 ਜੁਲਾਈ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੈਲਫ ਹੈਲਪ ਗਰੁੱਪਾਂ ਵੱਲੋਂ ਜੋ ਵਰਦੀਆਂ ਵੰਡੀਆਂ ਗਈਆਂ ਹਨ, ਅਧਿਆਪਕ ਜਥੇਬੰਦੀਆਂ ਨੇ ਵਰਦੀਆਂ ਦੇ ਮਿਆਰ ’ਤੇ ਕਿੰਤੂ ਕਰਦਿਆਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਡੀਈਓ ਐਲੀਮੈਂਟਰੀ ਇੰਦੂ ਸਿਮਕ ਅਤੇ ਡੀਸੀ ਪੂਨਮਦੀਪ ਕੌਰ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅਧਿਆਪਕ ਆਗੂ ਹਰਿੰਦਰ ਮੱਲੀਆਂ, ਰਾਜੀਵ ਕੁਮਾਰ, ਨਰਿੰਦਰ ਸ਼ਹਿਣਾ ਅਤੇ ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵਰਦੀਆਂ ਦੇ ਕੱਪੜੇ ਦਾ ਰੰਗ ਅਤੇ ਮਿਆਰ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਤੈਅ ਕੀਤਾ ਜਾਣਾ ਸੀ ਪ੍ਰੰਤੂ ਨਿਯਮਾਂ ਨੂੰ ਅੱਖੋਂ ਪਰੋਖੇ ਕਰਦਿਆਂ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਹੀ ਵਰਦੀਆਂ ਦੀ ਖਰੀਦ ਕਰ ਕੇ ਬਿਲਾਂ ਦਾ ਭੁਗਤਾਨ ਕਰਨ ਲਈ ਐੱਸਐੱਮਸੀ ਕਮੇਟੀ ਅਤੇ ਸਕੂਲ ਮੁਖੀਆਂ ’ਤੇ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ। ਅਧਿਆਪਕ ਜਥੇਬੰਦੀਆਂ ਮੰਗ ਕੀਤੀ ਕਿ ਬਿਲਾਂ ਦੀ ਅਦਾਇਗੀ ਉਸੇ ਪੱਧਰ ’ਤੇ ਕੀਤੀ ਜਾਵੇ ਜਿਸ ਪੱਧਰ ’ਤੇ ਵਰਦੀਆਂ ਖਰੀਦੀਆਂ ਗਈਆਂ ਹਨ।