ਅਧਿਆਪਕਾ ਦੀ ਚੇਨ ਲੁੱਟੀ
ਪੱਤਰ ਪ੍ਰੇਰਕ
ਪਠਾਨਕੋਟ, 21 ਨਵੰਬਰ
ਪਿੰਡ ਚੱਕਮਾਧੋ ਸਿੰਘ ਕੋਲ ਸੰਤ ਅਸਟੇਟ ਵੱਲ ਜਾਂਦੀ ਸੜਕ ’ਤੇ ਇੱਕ ਸਕੂਟੀ ਸਵਾਰ ਅਧਿਆਪਕਾ ਤੋਂ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਡਰਾ ਧਮਕਾ ਕੇ ਗਲ ’ਚ ਪਾਈ ਹੋਈ ਇੱਕ ਸੋਨੇ ਚੇਨ ਲੁੱਟ ਲਈ। ਪੀੜਤ ਅਧਿਆਪਕਾ ਸੀਮਾ ਦੇਵੀ ਵਾਸੀ ਸੰਤ ਅਸਟੇਟ ਚੱਕਮਾਧੋ ਸਿੰਘ ਨੇ ਦੱਸਿਆ ਕਿ ਜਦੋਂ ਉਹ ਸੁੰਨਸਾਨ ਰਸਤੇ ਕੋਲ ਪੁੱਜੀ ਤਾਂ ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਚੁੰਨੀ ਨੂੰ ਖਿੱਚ ਕੇ ਉਸ ਨੂੰ ਥੱਲ੍ਹੇ ਡੇਗ ਦਿੱਤਾ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਦੇ ਗਲੇ ਵਿੱਚ ਪਹਿਨੀ 2 ਤੋਲੇ ਦੀ ਸੋਨੇ ਦੀ ਚੇਨ ਖੇਹ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਉਕਤ ਰਸਤੇ ’ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੂੰ ਇੱਕ ਕੈਮਰੇ ਵਿੱਚ ਉਕਤ ਨੌਜਵਾਨਾਂ ਦੀਆਂ ਤਸਵੀਰਾਂ ਪ੍ਰਾਪਤ ਹੋਈਆਂ, ਜਿਨ੍ਹਾਂ ਪੀੜਤ ਔਰਤ ਨੇ ਪਛਾਣ ਲਿਆ। ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਸੋਨੇ ਦੀ ਵਾਲੀਆਂ ਤੇ ਨਕਦੀ ਲੁੱਟੀ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਇਥੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬੀਤੀ ਰਾਤ ਸ਼ਿਵਾਲਿਕ ਇਨਕਲੇਵ ਵਾਸੀ ਇੱਕ ਵਿਅਕਤੀ ਤੋਂ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਸੋਨੇ ਦੀਆਂ ਵਾਲੀਆਂ ਅਤੇ 1500 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਗੌਰਵ ਕਾਲੀਆ ਨੇ ਦੱਸਿਆ ਕਿ ਰਾਤ ਕੰਮ ਤੋਂ ਵਿਹਲੇ ਹੋ ਕੇ ਉਹ ਆਪਣੇ ਮੋਟਰਸਾਈਕਲ ’ਤੇ ਘਰ ਵਾਪਿਸ ਜਾ ਰਿਹਾ ਸੀ। ਜਦੋਂ ਉਹ ਧੋਬੀਘਾਟ ਦੇ ਨੇੜੇ ਮੰਦਿਰ ਅੱਗਿਉਂ ਲੰਘ ਰਿਹਾ ਸੀ ਤਾਂ ਅੱਗੇ ਖੜ੍ਹੇ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਵੱਖੀ ’ਤੇ ਚਾਕੂ ਰੱਖ ਕੇ ਉਸ ਕੋਲੋਂ ਸੋਨੇ ਦੀਆਂ ਬਾਲੀਆਂ ਅਤੇ 1500 ਰੁਪਏ ਦੀ ਨਕਦੀ ਲੁੱਟ ਲਈ। ਗੌਰਵ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਹੱਥ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਲੈ ਗਏ। ਥਾਣਾ ਸਦਰ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।