For the best experience, open
https://m.punjabitribuneonline.com
on your mobile browser.
Advertisement

ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਅੱਗੇ ਡੇਰਾ ਲਾਇਆ

07:30 AM Aug 15, 2024 IST
ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਅੱਗੇ ਡੇਰਾ ਲਾਇਆ
ਸੰਗਰੂਰ ਵਿੱਚ ਡੀਈਓ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਅਧਿਆਪਕ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਐੱਸਸੀ ਤੇ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵੱਲੋਂ ਸੂਬਾ-ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਦੀ ਅਗਵਾਈ ਹੇਠ ਹੈੱਡ ਟੀਚਰ ਦੇ ਬੈਕਲਾਗ ਦੀਆਂ ਅਸਾਮੀਆਂ ਭਰਨ ਦੀ ਮੰਗ ਲਈ ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੱਸਿਆ ਕਿ 2016 ਵਿੱਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਕਰਕੇ ਤਰੱਕੀਆਂ ਕੀਤੀਆਂ ਗਈਆਂ ਸਨ। ਭਲਾਈ ਵਿਭਾਗ ਪੰਜਾਬ ਵੱਲੋਂ ਪੜਤਾਲ ਉਪਰੰਤ 42 ਅਸਾਮੀਆਂ ਦਾ ਬੈਕਲਾਗ ਬਣਾਇਆ ਗਿਆ ਜੋ ਕਿ ਅਜੇ ਤੱਕ ਭਰਿਆ ਨਹੀਂ ਗਿਆ। ਫੀਲਡ ਵਿਚ ਇਨ੍ਹਾਂ ਅਸਾਮੀਆਂ ’ਤੇ ਸਟੇਅ ਸਬੰਧੀ ਭਰਮ ਫੈਲਾਇਆ ਜਾ ਰਿਹਾ ਹੈ ਜਦੋਂ ਕਿ ਕੋਰਟ ਦੇ ਹੁਕਮਾਂ ਵਿੱਚ 10-4- 2019 ਤੱਕ ਹੀ ਸਟੇਅ ਦਿੱਤੀ ਗਈ ਸੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਵੀ ਬੈਕਲਾਗ ਦੀਆਂ ਅਸਾਮੀਆਂ ਨਾ ਭਰੀਆਂ ਗਈਆਂ ਤਾਂ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਮਲਜੀਤ ਸਿੰਘ, ਸਮਸ਼ੇਰ ਸਿੰਘ, ਸੰਜੀਵ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ, ਨਾਇਬ ਸਿੰਘ, ਪਰਮਜੀਤ ਸਿੰਘ ਤੇ ਜਗਜੀਤ ਲੱਡਾ ਆਦਿ ਹਾਜ਼ਰ ਸਨ।
ਦੂਜ ਪਾਸੇ ਹੈੱਡ ਟੀਚਰਾਂ ਦੀਆਂ ਤਰੱਕੀਆਂ ਕਰਨ ਦੀ ਟਾਲ-ਮਟੋਲ ਵਾਲੀ ਨੀਤੀ ਖ਼ਿਲਾਫ਼ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੱਦੇ ’ਤੇ ਅਧਿਆਪਕਾਂ ਵਲੋਂ ਤੀਜੇ ਦਿਨ ਵੀ ਡੀਈਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭਲਵਾਨ ਨੇ ਦੋਸ਼ ਲਾਇਆ ਕਿ ਡੀਪੀਆਈ ਵੱਲੋਂ ਸਪੱਸ਼ਟ ਆਦੇਸ਼ ਹੋਣ ਦੇ ਬਾਵਜੂਦ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਅਗਲੇ ਦਿਨਾਂ ਵਿੱਚ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮਿਲ ਗਿਆ ਹੈ। ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਬੇਮਿਆਦੀ ਰੋਸ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਰੱਕੀਆਂ ਦੀ ਪਹਿਲੀ ਸੂਚੀ ਜਾਰੀ ਨਹੀਂ ਕੀਤੀ ਜਾਂਦੀ। ਜੇਕਰ ਤਰੱਕੀਆਂ ਦੀ ਲਿਸਟ ਜਾਰੀ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਹੋਵੇਗਾ। ਇਸ ਮੌਕੇ ਦਲਬਾਰਾ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ, ਪ੍ਰੇਮ ਕੁਮਾਰ, ਕੁਲਦੀਪ ਸਿੰਘ, ਗੁਰਚਰਨ ਸਿੰਘ ਅਤੇ ਲਖਵੀਰ ਸਿੰਘ ਆਦਿ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

Advertisement
Advertisement
Author Image

Advertisement
×