For the best experience, open
https://m.punjabitribuneonline.com
on your mobile browser.
Advertisement

ਪਾੜ੍ਹਿਆਂ ਅਤੇ ਮਾਪਿਆਂ ਨੇ ਸਕੂਲ ਦੇ ਗੇਟ ਨੂੰ ਲਾਇਆ ਜਿੰਦਰਾ

07:00 AM Jul 09, 2024 IST
ਪਾੜ੍ਹਿਆਂ ਅਤੇ ਮਾਪਿਆਂ ਨੇ ਸਕੂਲ ਦੇ ਗੇਟ ਨੂੰ ਲਾਇਆ ਜਿੰਦਰਾ
ਪਿੰਡ ਮੁਜ਼ਾਫਤ ਕਲਾਂ ਵਿੱਚ ਸਕੂਲ ਦੇ ਗੇਟ ਨੂੰ ਤਾਲਾ ਲਾ ਕੇ ਬਾਹਰ ਬੈਠੇ ਮਾਪੇ ਤੇ ਬੱਚੇ।
Advertisement

ਦਵਿੰਦਰ ਸਿੰਘ
ਯਮੁਨਾਨਗਰ, 8 ਜੁਲਾਈ
ਪਿੰਡ ਮੁਜ਼ਾਫਤ ਕਲਾਂ ਦੇ ਮਿਡਲ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਤੋਂ ਪ੍ਰੇਸ਼ਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਅੱਜ ਸਕੂਲ ਦੇ ਗੇਟ ਨੂੰ ਤਾਲਾ ਲਾ ਦਿੱਤਾ। ਮਾਪਿਆਂ ਨੇ ਆਪਣੇ ਬੱਚਿਆਂ ਨਾਲ ਸਕੂਲ ਦੇ ਗੇਟ ਦੇ ਅੱਗੇ ਬੈਠ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੂਚਨਾ ਮਿਲਦੇ ਹੀ ਬਲਾਕ ਸਿੱਖਿਆ ਅਧਿਕਾਰੀ ਨੇ ਮੌਕੇ ’ਤੇ ਪਹੁੰਚ ਕੇ ਮਾਪਿਆਂ ਨੂੰ ਸਮਝਾ ਕੇ ਸ਼ਾਂਤ ਕੀਤਾ। ਬਾਅਦ ਵਿੱਚ ਬਲਾਕ ਸਿੱਖਿਆ ਅਫ਼ਸਰ ਨੇ ਸਕੂਲ ਵਿੱਚ ਆਰਜ਼ੀ ਤੌਰ ’ਤੇ ਦੋ ਅਧਿਆਪਕ ਨਿਯੁਕਤ ਕਰ ਦਿੱਤੇ, ਜਿਸ ਮਗਰੋਂ ਮਾਪਿਆਂ ਨੇ ਸਕੂਲ ਦੇ ਗੇਟ ਦਾ ਤਾਲਾ ਖੋਲ੍ਹ ਦਿੱਤਾ। ਪਿੰਡ ਵਾਸੀ ਅੰਕੁਸ਼ ਸੈਣੀ, ਸੰਗੀਤਾ, ਅਮਿਤ ਕੁਮਾਰ ਆਦਿ ਨੇ ਦੱਸਿਆ ਕਿ ਸਕੂਲ ਵਿੱਚ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਘਾਟ ਹੈ । ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਕਈ ਵਾਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਪਰ ਵਿਭਾਗੀ ਅਧਿਕਾਰੀਆਂ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ। ਮਾਪਿਆਂ ਨੇ ਦੱਸਿਆ ਕਿ ਸਕੂਲ ਵਿੱਚ 150 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ਨੂੰ ਹਾਲ ਹੀ ਵਿੱਚ ਨਿਯੁਕਤ ਮਹਿਲਾ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ । ਅਜਿਹੇ ਵਿੱਚ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਘਾਟ ਕਾਰਨ ਪਿਛਲੇ ਸੈਸ਼ਨ ਵਿੱਚ ਸਕੂਲ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਵੀ ਚੰਗਾ ਨਹੀਂ ਰਿਹਾ। ਹੁਣ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ ਪਰ ਅਜੇ ਤੱਕ ਸਕੂਲ ਵਿੱਚ ਅਧਿਆਪਕਾਂ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਪ੍ਰਤਾਪਨਗਰ ਦੇ ਬਲਾਕ ਸਿੱਖਿਆ ਅਧਿਕਾਰੀ ਉਮੇਸ਼ ਖਰਬੰਦਾ ਨੇ ਦੱਸਿਆ ਕਿ ਉਹ ਤਾਲਾਬੰਦੀ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਨ। ਸਕੂਲ ਵਿੱਚ ਦੋ ਅਧਿਆਪਕ ਆਰਜ਼ੀ ਤੌਰ ’ਤੇ ਨਿਯੁਕਤ ਕੀਤੇ ਗਏ ਹਨ। ਅਧਿਆਪਕਾਂ ਦੀ ਪੱਕੀ ਨਿਯੁਕਤੀ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਲਦੀ ਹੀ ਸਕੂਲ ਵਿੱਚ ਪੱਕੇ ਅਧਿਆਪਕ ਨਿਯੁਕਤ ਕਰ ਦਿੱਤੇ ਜਾਣਗੇ।

Advertisement

Advertisement
Author Image

Advertisement
Advertisement
×