ਮੁੱਖ ਅਧਿਆਪਕ ਦੀ ਕੁੱਟਮਾਰ ਕਰਨ ਵਾਲੀ ਅਧਿਆਪਕਾ ਮੁਅੱਤਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ
ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਦੀ ਅਧਿਆਪਕਾ ਕਿਰਨਜੀਤ ਕੌਰ ਨੂੰ ਆਪਣੇ ਹੀ ਸਕੂਲ ਦੇ ਮੁਖੀ ਚਮਨ ਲਾਲ ਦੀ ਸਕੂਲ ਦੇ ਵਿਹੜੇ ਵਿੱਚ ਕਥਿਤ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ| ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੌਲਤ ਰਾਮ ਨੇ ਦੱਸਿਆ ਕਿ ਹੁਣ ਕਿਰਨਜੀਤ ਕੌਰ ਖ਼ਿਲਾਫ਼ ਵਿਭਾਗੀ ਪੜਤਾਲ ਸ਼ੁਰੂ ਕੀਤੀ ਜਾਵੇਗੀ ਤੇ ਉਸ ਮੁਤਾਬਿਕ ਅਗਲੀ ਕਾਰਵਾਈ ਹੋਵੇਗੀ| ਜ਼ਿਕਰਯੋਗ ਹੈ ਕਿ ਚਮਨ ਲਾਲ ਦੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ ਅਤੇ ਅਧਿਆਪਕ ਜਥੇਬੰਦੀਆਂ ਡੈਮਕ੍ਰੈਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਅਧਿਆਪਕ ਯੂਨੀਅਨ ਸਕੂਲ ਮੁਖੀ ਦੇ ਹੱਕ ਵਿੱਚ ਡਟ ਗਈਆਂ ਸਨ। ਉਨ੍ਹਾਂ ਕੁੱਟਮਾਰ ਕਰਨ ਵਾਲੀ ਅਧਿਆਪਕਾ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ| ਉਧਰ ਹਸਪਤਾਲ ਵਿੱਚ ਦਾਖ਼ਲ ਮੁੱਖ ਅਧਿਆਪਕ ਚਮਨ ਲਾਲ ਨੇ ਪੁਲੀਸ ਨੂੰ ਦੱਸਿਆ ਕਿ 16 ਫਰਵਰੀ ਨੂੰ ਜਦੋਂ ਉਹ ਦਫ਼ਤਰ ਬੰਦ ਕਰ ਰਿਹਾ ਸੀ ਤਾਂ ਨਿਰਮਲ ਸਿੰਘ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਮਗਰੋਂ ਅਧਿਆਪਕਾ ਕਿਰਨਜੀਤ ਕੌਰ ਤੇ ਉਸ ਦਾ ਪੁੱਤਰ ਉਦੈ ਸਿੰਘ ਵੀ ਆ ਗਏ। ਫਿਰ ਇਨ੍ਹਾਂ ਤਿੰਨਾਂ ਜਣਿਆਂ ਨੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਹ ਸਰਕਾਰ ਦੀਆਂ ਨੀਤੀਆਂ ਅਨੁਸਾਰ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਅਤੇ ਮੋਬਾਈਲ ਨਾ ਚਲਾਉਣ ਲਈ ਅਧਿਆਪਕਾਂ ਨੂੰ ਕਹਿੰਦਾ ਸੀ ਜਿਸ ਕਰਕੇ ਇਹ ਅਧਿਆਪਕਾ ਉਸ ਨੂੰ ਚੰਗਾ ਨਹੀਂ ਸਮਝਦੀ ਸੀ| ਮੁੱਖ ਅਧਿਆਪਕ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਪੁਲੀਸ ਨੇ ਅਧਿਆਪਕਾ ਕਿਰਨਜੀਤ ਕੌਰ ਸਣੇ ਨਿਰਮਲ ਸਿੰਘ ਅਤੇ ਉਦੈ ਸਿੰਘ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਹੈ|