ਕਰ ਵਿਭਾਗ ਵੱਲੋਂ ਕਾਰੋਬਾਰੀ ਦੇ ਸ਼ੋਅਰੂਮ ਅਤੇ ਘਰ ’ਤੇ ਛਾਪਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਨਵੰਬਰ
ਜੀਐੱਸਟੀ ਇਨਵੈਸਟੀਗੇਸ਼ਨ ਦੀ ਟੀਮ ਨੇ ਅੱਜ ਸ਼ਹਿਰ ਦੇ ਇਕ ਵੱਡੇ ਇਲੈਕਟਰੋਨਿਕਸ ਕਾਰੋਬਾਰੀ ਦੇ ਦਫਤਰ ਅਤੇ ਘਰ ’ਤੇ ਛਾਪਾਮਾਰੀ ਕੀਤੀ। ਇਹ ਛਾਪਾ ਜੀਐੱਸਟੀ ਬਿੱਲਾਂ ਵਿੱਚ ਹੇਰਾਫੇਰੀ ਦੀ ਸੂਚਨਾ ਮਿਲਣ ਮਗਰੋਂ ਮਾਰਿਆ ਗਿਆ ਹੈ। ਟੀਮ ਨੇ ਕੰਪਨੀ ਦੇ ਮਾਲਕਾਂ ਤੋਂ ਪੁੱਛ-ਪੜਤਾਲ ਕਰਨ ਦੇ ਨਾਲ ਨਾਲ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ। ਇਸ ਦੌਰਾਨ ਮਾਤਾ ਰਾਣੀ ਚੌਕ ਸਥਿਤ ਗੁਪਤਾ ਮਿਊਜ਼ਿਕ ਕੈਫੇ ਦੇ ਸ਼ੋਅਰੂਮ ਅਤੇ ਭਾਰਤ ਨਗਰ ਚੌਕ ਸਥਿਤ ਘਰ ’ਤੇ ਵਿਭਾਗ ਦੀ ਟੀਮ ਨੇ ਤਲਾਸ਼ੀ ਲਈ। ਵਿਭਾਗ ਦੀ ਟੀਮ ਨੇ ਸ਼ੋਅਰੂਮ ’ਚ ਪਏ ਸਾਰੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਦੋਸ਼ ਹੈ ਕਿ ਸ਼ੋਅਰੂਮ ਮਾਲਕ ਵੱਲੋਂ ਵੱਡੇ ਪੱਧਰ ’ਤੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਜਿਸ ਦੀ ਗੁਪਤ ਸੂਚਨਾ ਵਿਭਾਗ ਨੂੰ ਮਿਲੀ ਹੈ। ਇਸ ਸੂਚਨਾ ਦੇ ਆਧਾਰ ’ਤੇ ਹੀ ਅੱਜ ਵਿਭਾਗ ਦੀ ਟੀਮ ਨੇ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਅੱਜ ਦੁਪਹਿਰ ਨੂੰ ਕੀਤੀ ਗਈ ਕਾਰਵਾਈ ਤੋਂ ਬਾਅਦ ਟੀਮ ਨੇ ਗੁਪਤਾ ਮਿਊਜ਼ਿਕ ਕੈਫੇ ਦੇ ਮਾਲਕਾਂ ਦੇ ਸਾਰੇ ਬੈਂਕ ਖਾਤਿਆਂ ਦਾ ਵੇਰਵਾ ਮੰਗ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੀਮ ਨੇ ਜਾਇਦਾਦਾਂ ਦੀ ਵੀ ਜਾਣਕਾਰੀ ਇਕੱਠੀ ਕੀਤੀ ਹੈ। ਸੂਤਰਾਂ ਅਨੁਸਾਰ ਗੁਪਤਾ ਮਿਊਜ਼ਿਕ ਕੈਫੇ ਦੇ ਮਾਲਕ ਵੱਲੋਂ ਵਿਦੇਸ਼ਾਂ ਤੋਂ ਮੋਬਾਈਲ ਫੋਨ ਤੇ ਹੋਰ ਸਪੀਕਰ ਤੇ ਸਾਮਾਨ ਮੰਗਵਾ ਕੇ ਵੇਚੇ ਜਾਂਦੇ ਹਨ। ਹਾਲ ਦੀ ਘੜੀ ਜੀਐੱਸਟੀ ਵਿਭਾਗ ਦੀ ਟੀਮ ਨੇ ਮੀਡੀਆ ਸਾਹਮਣੇ ਛਾਪਾਮਾਰੀ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਰੱਖੀ ਹੈ।