ਕਰ ਵਿਭਾਗ ਵੱਲੋਂ ਟੈਕਸ ਚੋਰੀ ਰੋਕਣ ਲਈ ਸਖ਼ਤੀ
ਸ਼ਗਨ ਕਟਾਰੀਆ
ਬਠਿੰਡਾ, 5 ਅਕਤੂਬਰ
ਤਿਉਹਾਰਾਂ ਦਾ ਸੀਜ਼ਨ ਜੋਬਨ ’ਤੇ ਹੈ ਅਤੇ ਸੀਜ਼ਨ ’ਚ ਟੈਕਸ ਦੀ ਚੋਰੀ ਰੋਕਣ ਅਤੇ ਜੀਐੱਸਟੀ ਵਸੂਲੀ ਵਧਾਉਣ ਦੇ ਉਦੇਸ਼ ਨਾਲ ਜੀਐੱਸਟੀ ਵਿਭਾਗ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਅਧੀਨ ਫ਼ਰੀਦਕੋਟ ਮੰਡਲ ਦੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਸ਼ਾਲਿਨ ਵਾਲੀਆ ਦੀ ਅਗਵਾਈ ਹੇਠ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਬਠਿੰਡਾ ਪ੍ਰਭਦੀਪ ਕੌਰ ਅਤੇ ਸਟੇਟ ਟੈਕਸ ਅਫਸਰ ਜਤਿੰਦਰ ਬਾਂਸਲ ਵੱਲੋਂ ਆਪਣੇ ਸਟਾਫ਼ ਦੀ ਮਦਦ ਨਾਲ ਦੁਕਾਨਾਂ, ਸ਼ੋਅ ਰੂਮ, ਬੇਕਰੀ, ਕੱਪੜਿਆਂ ਦੀਆਂ ਦੁਕਾਨਾਂ ਅਤੇ ਜਨਰਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕੀ ਇਨ੍ਹਾਂ ਤੋਂ ਪੂਰਾ ਟੈਕਸ ਜਮ੍ਹਾਂ ਹੋ ਰਿਹਾ ਹੈ। ਪੜਤਾਲ ਮੌਕੇ ਉਨ੍ਹਾਂ ਨਾ ਸਿਰਫ ਦੁਕਾਨਾਂ ਤੋਂ ਸਾਮਾਨ ਖਰੀਦ ਕੇ ਬਾਹਰ ਆ ਰਹੇ ਗਾਹਕਾਂ ਦੇ ਬਿੱਲ ਚੈੱਕ ਕੀਤੇ ਬਲਕਿ ਬਿੱਲ ਨਾ ਕੱਟਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਵੀ ਦਿੱਤੀ। ਚੈਕਿੰਗ ਦੌਰਾਨ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਵੱਲੋਂ ਮੌਕੇ ’ਤੇ ਦੋ ਡਿਫਾਲਟਰ ਦੁਕਾਨਦਾਰਾਂ ਨੂੰ 40 ਹਜ਼ਾਰ ਰੁਪਏ ਦੇ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਬਿੱਲ ਲੈ ਕੇ ਆ ਰਹੇ ਗਾਹਕਾਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ ਗਈ। ਉਨ੍ਹਾਂ ਗਾਹਕਾਂ ਨੂੰ ਦੱਸਿਆ ਕਿ ਵਿਭਾਗ ਵੱਲੋਂ ‘ਮੇਰਾ ਬਿੱਲ’ ਐਪ ਚੱਲ ਰਹੀ ਹੈ, ਜਿਸ ਵਿੱਚ ਬਿੱਲ ਅਪਲੋਡ ਕਰਕੇ ਉਹ ਇਨਾਮ ਜਿੱਤ ਸਕਦੇ ਹਨ। ਇਸ ਮੌਕੇ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਕੁੱਲ 143 ਬਿੱਲਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ ’ਤੇ ਤਿੰਨ ਡਿਫਾਲਟਰ ਦੁਕਾਨਦਾਰਾਂ ਨੂੰ 60 ਹਜ਼ਾਰ ਰੁਪਏ ਦੇ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਗਏ।