For the best experience, open
https://m.punjabitribuneonline.com
on your mobile browser.
Advertisement

ਬੱਕਲੀਆਂ ਦਾ ਸੁਆਦ

06:07 AM Nov 02, 2023 IST
ਬੱਕਲੀਆਂ ਦਾ ਸੁਆਦ
Advertisement

ਗੁਰਦੀਪ ਢੁੱਡੀ

ਵੱਡੇ ਰੈਸਤਰਾਂ, ਹੋਟਲਾਂ, ਢਾਬਿਆਂ ਜਾਂ ਸ਼ਹਿਰਾਂ ਦੀ ਗੱਲ ਨਹੀਂ ਹੈ। ਇੱਥੇ ਤਾਂ ਜਦੋਂ ਤੁਸੀਂ ਮਰਜ਼ੀ ਚਲੇ ਜਾਵੋ, ਜੋ ਮਰਜ਼ੀ ਲੈ ਲਵੋ। ਹਰ ਸਮੇਂ, ਹਰ ਇਕ ਵਸਤੂ ਮਿਲ ਸਕਦੀ ਹੈ। ਵੱਡਿਆਂ ਦੀ ਗੱਲ ਇੱਥੇ ਨਹੀਂ ਕਰਨੀ। ਵੱਡਿਆਂ ਬੰਦਿਆਂ ਅਤੇ ਵੱਡੀਆਂ ਥਾਵਾਂ ’ਤੇ ਸਭ ਕੁਝ ਮਿਲਦਾ ਹੈ। ਮੈਂ ਤਾਂ ਚਿੜੀ ਦੇ ਪਹੁੰਚੇ ਜਿੱਡੇ ਸ਼ਹਿਰ ਫ਼ਰੀਦਕੋਟ ਦਾ ਬਾਸ਼ਿੰਦਾ ਹਾਂ। ਲੰਮੇ ਸਮੇਂ ਤੋਂ ਇਸ ਸ਼ਹਿਰ ਵਿਚ ਆਪਣੇ ਬਣਾਏ ਮਕਾਨ ਵਿਚ ਰਹਿੰਦਾ ਹੋਣ ਦੇ ਬਾਵਜੂਦ ਸਹੀ ਅਰਥਾਂ ਵਿਚ ਮੇਰੇ ਅੰਦਰੋਂ ਅਜੇ ਵੀ ਪਿੰਡ ਨਹੀਂ ਗਿਆ।
ਵੱਡੇ ਸ਼ਹਿਰਾਂ ਦੇ ਰੈਸਤਰਾਂ ਅਤੇ ਹੋਟਲਾਂ ਵਿਚ ਤਾਂ ਹਰ ਸਮੇਂ, ਹਰ ਤਰ੍ਹਾਂ ਦਾ ਸੂਪ ਮਿਲ ਜਾਂਦਾ ਹੈ, ਪ੍ਰੰਤੂ ਫ਼ਰੀਦਕੋਟ ਦੀ ਹਾਲਤ ਇਹ ਨਹੀਂ ਹੈ। ਇੱਥੇ ਜਿਵੇਂ ਹੀ ਸਿਆਲ਼ ਦੀ ਆਮਦ ਹੁੰਦੀ ਹੈ ਤਿਵੇਂ ਹੀ ਇਸ ਸ਼ਹਿਰ ਵਿਚ ਰੇਹੜੀਆਂ ਵਾਲਿਆਂ ਦੀਆਂ ਚੀਜ਼ਾਂ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਪਹਿਲਾਂ ਬਰਗਰ, ਨੂਡਲਜ਼, ਪੀਜ਼ੇ, ਆਈਸ ਕਰੀਮ, ਦੱਖਣੀ ਖਾਣੇ ਮਿਲਦੇ ਹੁੰਦੇ ਹਨ, ਉੱਥੇ ਹੁਣ ਇਨ੍ਹਾਂ ਦੀ ਥਾਂ ਸੂਪ ਵਾਲਿਆਂ ਦੀ ਭਰਮਾਰ ਹੋ ਜਾਂਦੀ ਹੈ। ਇਸ ਸੂਪ ਵਿਚ ਚਨਾ ਸੂਪ, ਟਮਾਟਰ ਸੂਪ, ਵੈਜੀਟੇਬਲ ਸੂਪ ਅਤੇ ਚਿਕਨ ਸੂਪ ਆਮ ਹੁੰਦੇ ਹਨ। ਇਨ੍ਹਾਂ ਸੂਪਾਂ ਵਿਚ ਮਿਰਚ ਮਸਾਲਿਆਂ ਵਾਲੇ ਸੂਪ ਵਿਚ ਨਿੰਬੂ, ਹਰਾ ਧਨੀਆ, ਬਟਰ ਸਮੇਤ ਉਹ ਚੀਜ਼ਾਂ ਵੀ ਮਿਲਾਈਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਸੂਪ ਤਿਆਰ ਕੀਤਾ ਜਾਂਦਾ ਹੈ। ਚਨਾ ਸੂਪ ਖ਼ਰੀਦਦਿਆਂ ਅਤੇ ਪੀਂਦਿਆਂ ਉਸ ਵਿਚ ਪਾਏ ਹੋਏ ਉਬਲੇ ਹੋਏ ਛੋਲਿਆਂ ਤੋਂ ਬਹੁਤ ਸਮਾਂ ਪਹਿਲਾਂ ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ।
ਪਿੰਡ ਦਾ ਛੋਟਾ ਜਿਹਾ ਘਰ। ਘਰ ਵਿਚ ਛੱਤਿਆ ਹੋਇਆ ਹਾਰਾ; ਜਿਸ ਵਿਚ ਆਮ ਤੌਰ ’ਤੇ ਕਾੜ੍ਹਨੀ ਵਿਚ ਦੁੱਧ ਕੜ੍ਹਨ ਲਈ ਰੱਖਿਆ ਜਾਂਦਾ ਸੀ। ਮਾਂ ਨੇ ਜਿਸ ਨੂੰ ਅਸੀਂ ਬੇਬੇ ਆਖਿਆ ਕਰਦੇ ਸਾਂ; ਹਾਰੇ ਵਿਚ ਪਾਥੀਆਂ ਦੀ ਅੱਗ ਸੁਲਘਾ ਕੇ ਕਾੜ੍ਹਨੀ ਵਿਚ ਦੁੱਧ ਅਤੇ ਕੁਝ ਪਾਣੀ ਪਾ ਕੇ ਇਸ ਵਿਚ ਰੱਖ ਦੇਣਾ। ਗਰਮੀਆਂ ਵਿਚ ਦੁਪਹਿਰ ਤੱਕ ਅਤੇ ਸਰਦੀਆਂ ਵਿਚ ਸ਼ਾਮ ਤੱਕ ਇਸ ਦੁੱਧ ਨੇ ਕੜ੍ਹ ਕੇ ਚਿੱਟੇ ਰੰਗ ਦੀ ਥਾਂ ਤਾਂਬੇ ਰੰਗੇ ਦੁੱਧ ਵਿਚ ਤਬਦੀਲ ਹੋ ਜਾਣਾ। ਇਸ ਦੁੱਧ ’ਤੇ ਆਈ ਹੋਈ ਮਲਾਈ ਦਾ ਰੰਗ ਵੀ ਦੁੱਧ ਵਰਗਾ ਹੀ ਹੁੰਦਾ ਸੀ। ਕਈ ਵਾਰੀ ਸਾਡੇ ਵਰਗੇ ‘ਬਿੱਲਿਆਂ’ ਦਾ ਚੋਰੀ ਛਿਪੇ ਦਾਅ ਲੱਗ ਜਾਣਾ, ਪਰ ਮਾਂ ਨੂੰ ਫਿਰ ਵੀ ਪਤਾ ਲੱਗ ਜਾਣਾ। ਹਿੱਲੀ ਹੋਈ ਮਲਾਈ ਅਤੇ ਦੁੱਧ ਵੱਲ ਵੇਖ ਕੇ ਅੰਦਰੋਂ ਖ਼ੁਸ਼ ਹੁੰਦੀ ਹੋਈ ਮਾਂ ਨੇ ਝਿੜਕ ਕੇ ਪੁੱਛਣਾ, ‘‘ਵੇ ਅੱਜ ਕਿਹੜੇ ਬਿੱਲੇ ਨੇ ਕਾੜ੍ਹਨੀ ਨੂੰ ਛੇੜਿਆ ਹੈ।’’ ਯਾਰਾਂ ਨੇ ਦੁੜੰਗੇ ਲਾ ਕੇ ਇੱਧਰ-ਉੱਧਰ ਖਿਸਕ ਜਾਣਾ। ਇਸ ਹਾਰੇ ਦੇ ਇਲਾਵਾ ਇਕ ਹਾਰੀ ਬਾਹਰ ਬਣਾਈ ਹੋਣੀ ਜਿਸ ਵਿਚ ਆਮ ਤੌਰ ’ਤੇ ਤੌੜੀ ਵਿਚ ਪਾ ਕੇ ਦਾਲ ਆਦਿ ਬਣਾਈ ਜਾਂਦੀ ਅਤੇ ਮੱਝ ਗਾਂ ਦੇ ਸੂਏ ਦੇ ਅਨੁਸਾਰ ਇਕ ਹਾਰਾ ਧਰਤੀ ਵਿਚ ਪੁੱਟ ਕੇ ਬਣਾਇਆ ਹੁੰਦਾ ਸੀ। ਇਸ ਹਾਰੇ ਵਿਚ ਵੱਡੇ ਸਾਰੇ ਪਤੀਲੇ ਜਾਂ ਬੋੜੇ ਹੋਏ ਤੌੜੇ ਵਿਚ ਛੋਲੇ ਪਾ ਕੇ ਧਰੇ ਹੁੰਦੇ। ਇਹ ਛੋਲੇ ਸਾਰਾ ਦਿਨ ਉਬਲਦੇ ਰਹਿੰਦੇ ਅਤੇ ਦੁਪਹਿਰ ਢਲਦਿਆਂ ਤੱਕ ਇਸ ਨੂੰ ਹਾਰੇ ਵਿਚੋਂ ਕੱਢ ਕੇ ਠੰਢਾ ਹੋਣ ਲਈ ਰੱਖ ਦਿੱਤਾ ਜਾਂਦਾ। ਇਨ੍ਹਾਂ ਉੱਬਲੇ ਹੋਏ ਛੋਲਿਆਂ (ਜਿਨ੍ਹਾਂ ਨੂੰ ਬੱਕਲੀਆਂ ਆਖਿਆ ਜਾਂਦਾ ਸੀ) ’ਤੇ ਮੱਝ ਗਾਂ ਦੇ ਨਾਲ ਸਾਡਾ ਵੀ ਹੱਕ ਹੁੰਦਾ ਸੀ। ਕੜਛੀ ਨਾਲ ਪਾਣੀ ਸਮੇਤ ਕੁਝ ਬੱਕਲੀਆਂ ਵਿਚ ਥੋੜ੍ਹਾ ਬਹੁਤਾ ਲੂਣ ਪਾ ਕੇ ਖਾਣਾ ਬਹੁਤ ਹੀ ਸੁਆਦ ਲੱਗਦਾ ਸੀ। ਸਿਹਤ ਵਰਧਕ ਇਹ ਬੱਕਲੀਆਂ ਅਤੇ ਇਸ ਦਾ ਪਾਣੀ ਸਾਡੇ ਵਾਸਤੇ ਕਿਸੇ ਨਿਆਮਤ ਤੋਂ ਘੱਟ ਨਹੀਂ ਹੁੰਦਾ ਸੀ।
ਹੁਣ ਜਦੋਂ ‘ਚਨਾ ਸੂਪ’ ਮੁੱਲ ਲੈ ਕੇ ਪੀਂਦਾ ਹਾਂ ਤਾਂ ਇਸ ਵਿਚ ਪਾਏ ਹੋਏ ਮਿਰਚ ਮਸਾਲਿਆਂ ਕਾਰਨ ਇਹ ਸੂਪ ਸੁਆਦ ਦੇਣ ਦੇ ਨਾਲ ਹੀ ਮੂੰਹ ਨੂੰ ਸਾੜਦਾ ਅਤੇ ਪੇਟ ਵਿਚ ਤੇਜ਼ਾਬੀ ਮਾਦੇ ਦੀ ਬਹੁਤਾਤ ਪੈਦਾ ਕਰਦਾ ਹੈ। ਇਸ ਸਮੇਂ ਉਨ੍ਹਾਂ ਛੋਲਿਆਂ ਦੀਆਂ ਬਣੀਆਂ ਹੋਈਆਂ ਬੱਕਲੀਆਂ ਦੇ ਸੁਆਦ ਅਤੇ ਮੁੱਲਵਾਨ ਭੋਜਨ ਦੀ ਯਾਦ ਆ ਜਾਣੀ ਸੁਭਾਵਿਕ ਹੀ ਹੈ। ਉਂਜ ਹੁਣ ਪੰਜਾਬ ਵਿਚ ਪੈਦਾ ਕੀਤੇ ਜਾਣ ਵਾਲੇ ਛੋਲਿਆਂ ਅਤੇ ਜੌਆਂ ਦੀ ਪੈਦਾਵਾਰ ਬਹੁਤ ਘਟ ਗਈ ਹੈ। ਪਿੰਡਾਂ ਦੇ ਕਿਸਾਨ ਘਰ ਵੀ ਹੁਣ ਸਾਗ ਜਾਂ ਛੋਲੀਆ ਲੈਣ ਲਈ ਸ਼ਹਿਰ ਆਉਂਦੇ ਹਨ ਅਤੇ ਇੱਥੇ ਬੜੀ ਦੂਰ ਤੋਂ ਪਹੁੰਚਿਆ ਹੋਇਆ ਛੋਲੀਆ ਅਤੇ (ਆਮ ਤੌਰ ’ਤੇ) ਗੰਦੇ ਪਾਣੀ ਅਤੇ ਰੇਹਾਂ ਸਪਰੇਆਂ ਨਾਲ ਤਿਆਰ ਕੀਤਾ ਸਾਗ ਮੁੱਲ ਲਜਿਾ ਕੇ ਪਿੰਡਾਂ ਵਿਚ ਜਾ ਕੇ ਬਣਾਉਂਦੇ ਹਨ। ਇਸ ਕਰਕੇ ਪਿੰਡਾਂ ਵਿਚ ਰੱਖੀਆਂ ਗਈਆਂ ਮੱਝਾਂ ਅਤੇ ਗਊਆਂ ਦੀ ਕਿਸਮਤ ਵਿਚੋਂ ਛੋਲਿਆਂ ਦੀਆਂ ਬੱਕਲੀਆਂ ਵੀ ਖ਼ਤਮ ਹੋ ਗਈਆਂ ਹਨ ਅਤੇ ਪਿੰਡਾਂ ਦੇ ਜੁਆਕਾਂ ਨੂੰ ਵੀ ਬੱਕਲੀਆਂ ਦੇ ਸੁਆਦ ਦਾ ਪਤਾ ਨਹੀਂ ਹੈ।
ਬਦਲੀਆਂ ਹੋਈਆਂ ਲੋੜਾਂ ਅਤੇ ਸਥਤਿੀਆਂ ਅਨੁਸਾਰ ਬੜਾ ਕੁਝ ਸਾਡੇ ਸਮਾਜ ਵਿਚੋਂ ਜਾਂ ਤਾਂ ਬਦਲ ਗਿਆ ਹੈ ਅਤੇ ਜਾਂ ਫਿਰ ਸਮਾਪਤ ਹੋ ਗਿਆ ਹੈ। ਇਸ ਨਾਲ ਜਿੱਥੇ ਸਮਾਜੀ ਕਦਰਾਂ-ਕੀਮਤਾਂ ਵਿਚ ਫ਼ਰਕ ਆਇਆ ਹੈ ਉੱਥੇ ਸਾਡੇ ਰਿਸ਼ਤਿਆਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਕੁਝ ਨਵੇਂ ਸਮਾਜੀ ਸੰਕਲਪਾਂ ਨੇ ਜਨਮ ਲੈ ਲਿਆ ਹੈ ਅਤੇ ਕੁਝ ਯਾਦਾਂ ਵਿਚ ਹੀ ਬਾਕੀ ਰਹਿ ਗਏ ਹਨ, ਪਰ ਸਿਆਣਿਆਂ ਦੀ ਮੱਤ ਹੈ ਕਿ ਸਾਨੂੰ ਇਸ ਦਾ ਨਾ ਤਾਂ ਝੋਰਾ ਕਰਨਾ ਚਾਹੀਦਾ ਹੈ ਅਤੇ ਨਾ ਹੀ ਇਸ ਦਾ ਹੇਰਵਾ ਹੋਣਾ ਚਾਹੀਦਾ ਹੈ। ਬਸ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਲੋੜ ਹੈ।
ਸੰਪਰਕ: 95010-20731

Advertisement

Advertisement
Author Image

joginder kumar

View all posts

Advertisement
Advertisement
×