For the best experience, open
https://m.punjabitribuneonline.com
on your mobile browser.
Advertisement

ਪੰਜਾਬੀ ’ਵਰਸਿਟੀ ’ਚ ਹੋਵੇਗਾ ਮਹਾਨ ਕੋਸ਼ ਸੋਧਣ ਦਾ ਕਾਰਜ

06:18 AM Feb 05, 2025 IST
ਪੰਜਾਬੀ ’ਵਰਸਿਟੀ ’ਚ ਹੋਵੇਗਾ ਮਹਾਨ ਕੋਸ਼ ਸੋਧਣ ਦਾ ਕਾਰਜ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫ਼ਰਵਰੀ
ਪੰਜਾਬੀ ਯੂਨੀਵਰਸਿਟੀ ਆਪਣੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਉਪਲਬਧ 1930 ਵਿੱਚ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਮੁੱਖ ਸਰੋਤ ਮੰਨਦਿਆਂ ਇਸੇ ਆਧਾਰ ’ਤੇ ਹੀ ਮਿਲਾਣ ਦਾ ਕੰਮ ਕਰੇਗੀ। ਇਹ ਫੈਸਲਾ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਗਏ ‘ਭਾਈ ਕਾਨ੍ਹ ਸਿੰਘ ਨਾਭਾ ਰਚਿਤ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਸਬੰਧੀ ਵਿਚਾਰ ਚਰਚਾ ਕਰਨ ਲਈ ਅੱਜ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਲਿਆ ਗਿਆ। ਉਂਜ ਪਹਿਲਾਂ ਵੀ ਇਸੇ ਕਾਪੀ ਨੂੰ ਮੁੱਖ ਸਰੋਤ ਮੰਨਿਆ ਗਿਆ ਸੀ ਤੇ ਹੁਣ ਵੀ ਇਸੇ ਆਧਾਰ ’ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕੀਤੀ। ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਸਿੰਘ ਬਰਾੜ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਅਤੇ ਪ੍ਰਾਜੈਕਟ ਕੋਆਰਡੀਨੇਟਰ ਪ੍ਰੋ. ਧਨਵੰਤ ਕੌਰ ਸਮੇਤ ਮੇਜਰ ਏਪੀ ਸਿੰਘ, ਪ੍ਰੋ. ਹਰਪਾਲ ਸਿੰਘ ਪੰਨੂ, ਡਾ. ਜੋਗਾ ਸਿੰਘ, ਡਾ. ਓ.ਪੀ. ਵਿਸ਼ਸ਼ਟ, ਡਾ. ਪਰਮਜੀਤ ਸਿੰਘ ਢੀਂਗਰਾ, ਡਾ. ਇਕਬਾਲ ਸਿੰਘ ਗੋਦਾਰਾ ਅਤੇ ਪ੍ਰੋ. ਸੁਖਵਿੰਦਰ ਕੌਰ ਬਾਠ (ਆਨਲਾਈਨ ਸ਼ਮੂਲੀਅਤ) ਮੈਂਬਰ ਵੀ ਹਾਜ਼ਰ ਹੋਏ। ਇਸ ਦੌਰਾਨ ਮਹਾਨ ਕੋਸ਼ ਦੇ ਹਰ ਪੱਖ ਅਤੇ ਤੱਥ ਨੂੰ ਸਮਝਦਿਆਂ ਹੋਇਆਂ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਨਾਲ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਸਬੰਧੀ ਇਹ ਫ਼ੈਸਲਾ ਲਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫ਼ਰੈਂਸ ਲਾਇਬ੍ਰੇਰੀ ਵਿੱਚ ਪਏ 1930 ਦੌਰਾਨ ਛਪੇ ਮਹਾਨ ਕੋਸ਼ ਦੀ ਕਾਪੀ ਨੂੰ ਹੀ ਮੁੱਖ ਸਰੋਤ ਮੰਨਿਆ ਗਿਆ ਸੀ। ਹੁਣ ਵੀ ਇਸੇ ਆਧਾਰ ’ਤੇ ਹੀ ਸੋਧ ਦਾ ਕੰਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਕੋਸ਼ ਦੀਆਂ ਛਾਪੀਆਂ ਗਈਆਂ ਚਾਰੋਂ ਸੈਂਚੀਆਂ ਨੂੰ ਸੋਧਣ ਦਾ ਕੰਮ ਦੋ ਕਮੇਟੀਆਂ ਨੂੰ ਦਿੱਤਾ ਗਿਆ ਸੀ। ਇਨ੍ਹਾਂ ਕਮੇਟੀਆਂ ਵਿੱਚੋਂ ਇੱੱਕ ਕਮੇਟੀ ਡਾ. ਪਰਮਜੀਤ ਸਿੰਘ ਸਿੱਧੂ, ਡਾ. ਅਜਮੇਰ ਸਿੰਘ ਅਤੇ ਡਾ. ਉਮਾ ਸੇਠੀ ’ਤੇ ਆਧਾਰਿਤ ਰਹੀ। ਜਦਕਿ ਦੂਜੀ ਕਮੇਟੀ ਵਿੱਚ ਸ੍ਰੀ ਮਨਮੰਦਰ ਸਿੰਘ, ਡਾ. ਇਕਬਾਲ ਸਿੰਘ ਗੋਦਾਰਾ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਸ਼ਾਮਲ ਰਹੇ। ਇਨ੍ਹਾਂ ਕਮੇਟੀਆਂ ਵੱਲੋਂ ਆਪਣਾ ਕੰਮ ਮੁਕੰਮਲ ਕਰਕੇ ਰਿਪੋਰਟਾਂ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਅੱਜ ਦੀ ਇਸ ਇਕੱਤਰਤਾ ’ਚ ਸ਼ਾਮਲ ਮੈਂਬਰਾਂ ਵੱਲੋਂ ਕੀਤੀ ਗਈ ਵਿਚਾਰ ਚਰਚਾ ਦੌਰਾਨ ਇਨ੍ਹਾਂ ਸੋਧਕਾਂ ਵੱਲੋਂ ਲਾਈਆਂ ਗਈਆਂ ਗ਼ਲਤੀਆਂ ਦੇ ਸੰਕਲਨ ਦੇ ਕੰਮ ਦੀ ਲੋੜ ਮਹਿਸੂਸ ਕੀਤੀ ਗਈ। ਸੰਕਲਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਡਾ.ਪਰਮਿੰਦਰਜੀਤ ਕੌਰ ਮੁਖੀ ਅਤੇ ਕਨਵੀਨਰ ਵਜੋਂ ਭੂਮਿਕਾ ਨਿਭਾਉਣਗੇ ਜਦੋਂ ਕਿ ਵਿਭਾਗ ਦੇ ਸਾਬਕਾ ਮੁਖੀਆਂ ਵਜੋਂ ਡਾ. ਧਨਵੰਤ ਕੌਰ ਤੇੇ ਡਾ. ਜੋਗਾ ਸਿੰਘ ਸਮੇਤ ਡਾ. ਓ.ਪੀ. ਵਸ਼ਿਸ਼ਟ ਇਸ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement