ਪਰਾਲੀ ਦੀਆਂ ਗੰਢਾਂ ਬਣਾਉਣ ਦਾ ਕੰਮ ਘਟਿਆ
ਪੱਤਰ ਪ੍ਰੇਰਕ
ਫਿਲੌਰ, 9 ਨਵੰਬਰ
ਇਲਾਕੇ ’ਚ ਇਸ ਵਾਰ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਕੰਮ ਕਾਫੀ ਘਟ ਗਿਆ ਹੈ। ਇਸ ਵਾਰ ਕਿਸਾਨਾਂ ਨੇ ਪਰਾਲੀ ਵਾਹ ਕੇ ਕਣਕ ਬੀਜਣ ਨੂੰ ਪਹਿਲ ਦਿੱਤੀ ਹੈ। ਬਹੁਤ ਘੱਟ ਖੇਤਰ ’ਚ ਇਸ ਵਾਰ ਪਰਾਲੀ ਗੰਢਾਂ ਦੇ ਰੂਪ ’ਚ ਸਮੇਟੀ ਗਈ ਹੈ। ਪਿੰਡ ਦੁਸਾਂਝ ਖੁਰਦ ਦੇ ਮਨਮੋਹਨ ਸਿੰਘ ਨੇ ਦੱਸਿਆ ਕਿ ਗੰਢਾਂ ਦੀ ਪਿਛਲੇ ਸਾਲ ਸਹੀ ਵਿਕਰੀ ਨਾ ਹੋਣ ਕਾਰਨ ਵੀ ਇਸ ਸਾਲ ਗੰਢਾਂ ਘੱਟ ਬਣੀਆਂ ਹਨ। ਪਿਛਲੀ ਵਾਰ ਬਣੀਆਂ ਗੰਢਾਂ ਲੇਬਰ ਦੁੱਖੋਂ ਚੁੱਕਣ ਦੀ ਘਾਟ ਕਾਰਨ ਕਈਆਂ ਨੇ ਖੇਤਾਂ ਵਿੱਚ ਹੀ ਪਰਾਲੀ ਦੀਆਂ ਗੰਢਾਂ ਨੂੰ ਅੱਗ ਲਗਾ ਦਿੱਤੀ ਸੀ।
ਇੱਕ ਹੋਰ ਬੇਲਰ ਮਸ਼ੀਨ ਦੇ ਮਾਲਕ ਨੇ ਦੱਸਿਆ ਕਿ ਮਿੱਲਾਂ ਵੱਲੋਂ ਪਰਾਲੀ ਦੀ ਭਾਅ ਤੈਅ ਨਾ ਹੋਣ ਕਾਰਨ ਵੀ ਇਹ ਵਪਾਰ ਵਧੀਆ ਨਹੀਂ ਰਿਹਾ। ਪਿਛਲੀ ਵਾਰ ਦਾ ਤਜਰਬਾ .ਦੱਸਦਾ ਹੈ ਕਿ ਕਿਸਾਨਾਂ ਨੂੰ ਰੀਪਰ ਵੀ ਫੇਰਨਾ ਪੈਂਦਾ ਸੀ ਅਤੇ ਮਗਰੋਂ ਮਸ਼ੀਨ ਦਾ ਕਈ- ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਵਾਰ ਝੋਨੇ ਦੀ ਵਢਾਈ ਦੇਰੀ ਨਾਲ ਹੋਣ ਕਾਰਨ ਕਿਸੇ ਕੋਲ ਵੀ ਇੰਤਜ਼ਾਰ ਕਰਨ ਦਾ ਸਮਾਂ ਹੀ ਨਹੀਂ ਬਚਿਆ। ਇਲਾਕੇ ’ਚ ਡੱਲੇਵਾਲ, ਘੁੜਕਾ, ਰੁੜਕਾ, ਦੁਸਾਂਝ ਖੁਰਦ ਸਮੇਤ ਹੋਰ ਪਿੰਡਾਂ ’ਚ ਮਸ਼ੀਨਾਂ ਤਾਂ ਸਨ ਪਰ ਇਨ੍ਹਾਂ ’ਚੋਂ ਕੁੱਝ ਕਿਰਾਏ ’ਤੇ ਕਿਸੇ ਹੋਰ ਇਲਾਕੇ ’ਚ ਚੱਲ ਰਹੀਆਂ ਹਨ। ਗੁਜ਼ਰ ਭਾਈਚਾਰੇ ਨੇ ਪੁਰਾਣੀ ਖਰੀਦੀ ਹੋਈ ਮਸ਼ੀਨ ਨਾਲ ਆਪਣੇ ਜੋਗੀ ਪਰਾਲੀ ਇਕੱਠੀ ਕਰ ਲਈ ਹੈ।
ਇੱਕ ਹੋਰ ਕਿਸਾਨ ਨੇ ਦੱਸਿਆ ਕਿ ਪਰਾਲੀ ਦੀਆਂ ਦੀਆਂ ਗੰਢਾਂ ਵਾਲੇ ਖੇਤਾਂ ’ਚ ਕਣਕ ਦਾ ਝਾੜ ਘਟਿਆ ਹੈ ਅਤੇ ਜਿਥੇ ਪਰਾਲੀ ਵਾਹ ਕੇ ਕਣਕ ਦੀ ਬਿਜਾਈ ਕੀਤੀ ਸੀ, ਉਥੇ ਕਣਕ ਦਾ ਝਾੜ ਵਧਿਆਂ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਗੰਢਾਂ ਬਣਵਾਉਣ ਤੋਂ ਮੂੰਹ ਫੇਰ ਲਿਆ ਹੈ।