ਮਹਾਰਾਜੇ ਦੀ ਸਮਾਧ ਦੇ ਪ੍ਰਬੰਧਾਂ ਦੀ ਉਲਝੀ ਤਾਣੀ
ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 27 ਜੂਨ 1839 ਨੂੰ ਹੋਇਆ। ਮਾਤਮੀ ਰਸਮਾਂ ਪੂਰੀਆਂ ਹੋਣ ਤੋਂ ਤੁਰੰਤ ਬਾਅਦ ਮਹਾਰਾਜਾ ਖੜਕ ਸਿੰਘ ਨੇ ਆਪਣੇ ਸਵਰਗਵਾਸੀ ਪਿਤਾ ਦੀ ਸਮਾਧ ਦੀ ਉਸਾਰੀ ਹਕੀਮ ਭਗਵਾਨ ਦਾਸ ਦੀ ਨਿਗਰਾਨੀ ਹੇਠ ਕਰਵਾਉਣੀ ਸ਼ੁਰੂ ਕੀਤੀ। ਇਹ ਜ਼ਿੰਮੇਵਾਰੀ ਨਿਭਾਉਣ ਦੇ ਇਵਜ਼ ਵਿੱਚ ਉਸ ਨੂੰ 1600 ਰੁਪਏ ਮੁੱਲ ਦੀ ਜਾਗੀਰ ਜੀਵਨ ਭਰ ਲਈ ਮਨਜ਼ੂਰ ਕੀਤੀ ਗਈ। ਮਹਾਰਾਜਾ ਖੜਕ ਸਿੰਘ ਦੀ ਯੋਜਨਾ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਦੀ ਸੀ। ਇਸ ਲਈ ਭਾਈ ਫਤਿਹ ਸਿੰਘ ਨੂੰ ਇੱਥੇ ਗ੍ਰੰਥੀ ਦੀ ਸੇਵਾ ਸੌਂਪੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਊਂਦਿਆਂ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਸੁਣਾਇਆ ਕਰਦਾ ਸੀ ਅਤੇ ਇਸ ਸੇਵਾ ਬਦਲੇ ਉਸ ਨੂੰ ਜੀਵਨ ਭਰ ਲਈ ਇੱਕ ਹਜ਼ਾਰ ਰੁਪਏ ਮੁੱਲ ਦੀ ਜਾਗੀਰ ਦਿੱਤੀ ਹੋਈ ਸੀ। ਨਵੀਂ ਨਿਯੁਕਤੀ ਦੇਣ ਸਮੇਂ ਉਸ ਨੂੰ ਜੀਵਨ ਭਰ ਲਈ ਦਿੱਤੀ ਜਾਗੀਰ ਘਟਾ ਕੇ 757 ਰੁਪਏ 8 ਆਨੇ ਮੁੱਲ ਦੀ ਕਰ ਦਿੱਤੀ ਗਈ, ਪਰ ਵਾਧਾ ਇਹ ਕੀਤਾ ਗਿਆ ਕਿ ਇਸ ਵਿੱਚੋਂ 577 ਰੁਪਏ ਮੁੱਲ ਦੀ ਜਾਗੀਰ ਉਸ ਦੀ ਅਗਲੀ ਪੀੜ੍ਹੀ ਲਈ ਵੀ ਪ੍ਰਵਾਨ ਕੀਤੀ ਗਈ।
ਉਸਾਰੀ ਦਾ ਕੰਮ ਮਹਾਰਾਜਾ ਦਲੀਪ ਸਿੰਘ ਦੇ ਸਮੇਂ ਅਤੇ ਫਿਰ ਪਹਿਲੇ ਸਿੱਖ-ਅੰਗਰੇਜ਼ ਯੁੱਧ ਉਪਰੰਤ ਅੰਗਰੇਜ਼ ਰੈਜ਼ੀਡੈਂਟ ਦੇ ਲਾਹੌਰ ਵਿੱਚ ਆ ਬੈਠਣ ਦੇ ਦਿਨੀਂ ਵੀ ਜਾਰੀ ਰਿਹਾ। ਇਉਂ ਇਸ ਸਮਾਧ ਦੀ ਉਸਾਰੀ ਦਾ ਕਾਰਜ 1848 ਈਸਵੀ ਵਿੱਚ ਪੂਰਾ ਹੋਇਆ। ਉਸਾਰੀ ਮੁਕੰਮਲ ਹੋਣ ਉਪਰੰਤ ਇਸ ਦੀ ਦੇਖ-ਰੇਖ ਹਕੀਮ ਭਗਵਾਨ ਦਾਸ ਦੇ ਹੱਥ ਹੀ ਰਹਿਣ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਾਠ ਅਤੇ ਸੁੱਖ-ਆਸਣ ਕਰਨ ਵਿੱਚ ਭਾਈ ਫਤਹਿ ਸਿੰਘ ਦਾ ਹੱਥ ਵਟਾਉਣ ਲਈ ਭਾਈ ਗੰਡਾ ਸਿੰਘ ਨੂੰ ਦੂਸਰਾ ਗ੍ਰੰਥੀ ਨਿਯੁਕਤ ਕੀਤਾ ਗਿਆ। ਉਸ ਨੂੰ ਇਹ ਸੇਵਾ ਨਿਭਾਉਣ ਬਦਲੇ ਜੀਵਨ ਭਰ ਲਈ 534 ਰੁਪਏ ਸਾਲਾਨਾ ਮੁੱਲ ਦੀ ਜਾਗੀਰ ਦਿੱਤੀ ਗਈ, ਜਿਸ ਵਿੱਚੋਂ 215 ਰੁਪਏ ਦੀ ਜਾਗੀਰ ਉਸ ਦੇ ਵਾਰਸਾਂ ਨੂੰ ਮਿਲਣਯੋਗ ਸੀ। ਸਮਾਧ ਨਾਲ ਸਬੰਧਿਤ ਹੋਰ ਵਿਭਿੰਨ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਣ ਲਈ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਦੇ ਨਿੱਜੀ ਸੇਵਾਦਾਰਾਂ ਵਿੱਚੋਂ ਪੁਰਾਣੇ ਅਤੇ ਵਫ਼ਾਦਾਰ ਕਰਮਚਾਰੀਆਂ ਦੀ ਚੋਣ ਕੀਤੀ ਗਈ। ਸਵੇਰੇ-ਸ਼ਾਮ ਕੀਰਤਨ ਕਰਨ ਲਈ ਰਬਾਬੀ ਭਾਈ ਅਮਰੀਕਾ ਮਿਰਾਸੀ ਅਤੇ ਕੀਰਤਨੀਏ ਭਾਈ ਬਚਨ ਸਿੰਘ ਤੇ ਭਾਈ ਨਿਹਾਲ ਸਿੰਘ ਦੀ ਨਿਯੁਕਤੀ ਕੀਤੀ ਗਈ। ਇਨ੍ਹਾਂ ਨੂੰ ਜੀਵਨ ਭਰ ਲਈ ਦਿੱਤੀ ਗਈ ਜਾਗੀਰ ਤੋਂ ਹੋਣ ਵਾਲੀ ਸਾਲਾਨਾ ਆਮਦਨ ਕ੍ਰਮਵਾਰ 164 ਰੁਪਏ ਅਤੇ 325 ਰੁਪਏ ਸੀ। ਇਨ੍ਹਾਂ ਤੋਂ ਬਿਨਾਂ ਮਾਲੀ ਵਜੋਂ ਸੇਵਾ ਕਰਨ ਵਾਲੇ ਸਤਾਰ ਨੂੰ ਜੀਵਨ ਭਰ ਲਈ 353 ਰੁਪਏ 13 ਆਨੇ ਸਾਲਾਨਾ ਮੁੱਲ ਦੀ ਜਾਗੀਰ ਪ੍ਰਵਾਨ ਕੀਤੀ ਗਈ।
ਦੂਜੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖ ਫ਼ੌਜ ਦੀ ਹਾਰ ਉਪਰੰਤ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਦੀ ਸਲਤਨਤ ਦਾ ਹਿੱਸਾ ਬਣਾ ਲਿਆ ਗਿਆ। ਅੰਗਰੇਜ਼ ਸਰਕਾਰ ਨੇ ਖਾਲਸਾ ਰਾਜ ਦੇ ਹਿਤੂ ਲੋਕਾਂ ਵਿੱਚ ਸਦਭਾਵਨਾ ਬਣਾਉਣ ਵਾਸਤੇ ਭਾਈ ਦੀਵਾਨ ਸਿੰਘ ਚੌਰੀ-ਬਰਦਾਰ, ਭਾਈ ਚੇਤ ਰਾਮ ਤੋਸ਼ਾਖਾਨੀਏ,
ਸਮਾਧ ਦੀ ਆਮ ਦੇਖਭਾਲ ਲਈ ਨਿਯੁਕਤ ਭਾਈ ਰਤਨ ਚੰਦ ਅਤੇ ਦੂਜੇ ਰਬਾਬੀ ਭਾਈ ਮੁੱਲਾ ਨੂੰ ਜੀਵਨ ਭਰ ਜਾਗੀਰ ਦਿੱਤੀ।
ਆਮਦਨ ਦੀ ਵੰਡ ਤੋਂ ਝਗੜਾ
ਸਮਾਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਇਸ ਤਰ੍ਹਾਂ ਸਮਾਧ ਨੂੰ ਨਿਯਮਤ ਰੂਪ ਵਿੱਚ ਚੜ੍ਹਾਵੇ ਦੀ ਆਮਦਨ ਹੁੰਦੀ ਸੀ ਜੋ ਬੇਸ਼ੱਕ ਪੱਕੀ ਨਹੀਂ ਸੀ ਅਤੇ ਹਰ ਮਹੀਨੇ ਘੱਟ ਵੱਧ ਹੋ ਜਾਂਦੀ ਸੀ, ਪਰ ਹੁੰਦੀ ਜ਼ਰੂਰ ਸੀ। ਕੁਝ ਸਾਲ ਪਿੱਛੋਂ ਆਮਦਨ ਦੀ ਵੰਡ ਨੂੰ ਲੈ ਕੇ ਝਗੜਾ ਹੋਣਾ ਸ਼ੁਰੂ ਹੋ ਗਿਆ। ਭਗਵਾਨ ਦਾਸ ਦਾਅਵਾ ਕਰਨ ਲੱਗਾ ਕਿ ਸਮਾਧ ਦੇ ਸਮੁੱਚੇ ਕਾਰ-ਵਿਹਾਰ, ਦੇਖਭਾਲ ਆਦਿ ਦਾ ਜ਼ਿੰਮੇਵਾਰ ਹੋਣ ਕਾਰਨ ਚੜ੍ਹਾਵੇ ਉੱਤੇ ਉਸ ਦਾ ਹੱਕ ਬਣਦਾ ਹੈ, ਪਰ ਭਾਈ ਫਤਹਿ ਸਿੰਘ ਅਤੇ ਭਾਈ ਗੰਡਾ ਸਿੰਘ ਦੋਵੇਂ ਗ੍ਰੰਥੀ ਆਪਣੇ ਆਪ ਨੂੰ ਚੜ੍ਹਾਵਾ ਪ੍ਰਾਪਤ ਕਰਨ ਦਾ ਅਧਿਕਾਰੀ ਦੱਸਦੇ ਸਨ। 1859 ਈਸਵੀ ਵਿੱਚ ਇਹ ਝਗੜਾ ਮਿਸਟਰ ਟੈਂਪਲ, ਕਮਿਸ਼ਨਰ ਲਾਹੌਰ, ਸਾਹਮਣੇ ਫ਼ੈਸਲੇ ਲਈ ਪੇਸ਼ ਹੋਇਆ। ਉਸ ਨੇ ਫ਼ੈਸਲਾ ਸੁਣਾਇਆ ਕਿ ਸਾਰੀ ਆਮਦਨ ਗੋਲਕ ਵਿੱਚ ਪਾਈ ਜਾਇਆ ਕਰੇ ਅਤੇ ਹਰ ਤਿੰਨ ਮਹੀਨੇ ਪਿੱਛੋਂ ਦੋਵਾਂ ਧਿਰਾਂ ਦਰਮਿਆਨ ਅੱਧੋ-ਅੱਧ ਵੰਡੀ ਜਾਵੇ। ਇਹ ਫ਼ੈਸਲਾ ਸੁਣਾਏ ਜਾਣ ਨਾਲ ਆਮਦਨ ਦੀ ਵੰਡ-ਵੰਡਾਈ ਦਾ ਰੌਲਾ ਤਾਂ ਮੁੱਕ ਗਿਆ, ਪਰ ਨਵਾਂ ਝਗੜਾ ਇਹ ਉਤਪੰਨ ਹੋ ਗਿਆ ਕਿ ਸਮਾਧ ਦੀ ਸੇਵਾ ਸੰਭਾਲ ਉੱਤੇ ਨਿਯੁਕਤ ਅਮਲੇ ਨੂੰ ਤਨਖ਼ਾਹ ਕਿਹੜੀ ਧਿਰ ਵੱਲੋਂ ਦਿੱਤੀ ਜਾਵੇ? ਝਗੜਾ ਨਿਪਟਾਰੇ ਲਈ ਫਿਰ ਕਮਿਸ਼ਨਰ ਲਾਹੌਰ ਸਾਹਮਣੇ ਰੱਖਿਆ ਗਿਆ। ਉਸ ਨੇ ਦੀਵਾਨ ਬੈਜ ਨਾਥ ਅਤੇ ਮਿਸਰ ਮੇਘ ਰਾਜ ਦੀ ਰਾਇ ਲੈਣ ਪਿੱਛੋਂ ਫ਼ੈਸਲਾ ਸੁਣਾਇਆ ਕਿ ਸਮਾਧ ਨੂੰ ਹੋਣ ਵਾਲੀ ਕੁੱਲ ਆਮਦਨ ਇੱਕ ਰੁਪਿਆ ਮੰਨ ਕੇ ਤੋਸ਼ੇਖਾਨੀਆ, ਦੀਵਾਨ ਸਿੰਘ ਸਾਫ਼ ਵਾਲਾ, ਰਾਗੀ ਅਤੇ ਗ੍ਰੰਥੀ ਸਮਾਧ ਮਹਾਰਾਜਾ ਖੜਕ ਸਿੰਘ ਨੂੰ ਇੱਕ ਇੱਕ ਆਨਾ ਅਤੇ ਗ੍ਰੰਥੀ ਸਮਾਧ ਕੰਵਰ ਨੌਨਿਹਾਲ ਸਿੰਘ ਨੂੰ ਅੱਧਾ ਆਨਾ ਦੇ ਕੇ ਬਕਾਇਆ ਸਾਢੇ ਗਿਆਰਾਂ ਆਨੇ ਦੋਵਾਂ ਗ੍ਰੰਥੀਆਂ ਫਤਹਿ ਸਿੰਘ ਅਤੇ ਗੰਡਾ ਸਿੰਘ ਦਰਮਿਆਨ ਬਰਾਬਰ ਵੰਡੇ ਜਾਣ। ਉਦੋਂ ਤੱਕ ਹਕੀਮ ਭਗਵਾਨ ਦਾਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਥਾਂ ਨਿਯੁਕਤ ਉਸ ਦੇ ਵੱਡੇ ਪੁੱਤਰ ਨੂੰ ਪਿਤਾ ਦੀ ਜਾਗੀਰ ਦਾ ਅੱਧਾ ਭਾਗ ਪੱਕੀ ਜਾਗੀਰ ਵਜੋਂ ਦਿੱਤਾ ਗਿਆ।
ਸਮਾਧ ਦੀ ਸੇਵਾ-ਸੰਭਾਲ ਦੇ ਨਾਉਂ ਉੱਤੇ ਜ਼ਮੀਨੀ ਗ੍ਰਾਂਟਾਂ ਪ੍ਰਾਪਤ ਕਰਨ ਵਾਲੇ ਮੁੱਢਲੇ ਸੇਵਾਦਾਰਾਂ ਦੇ ਕੁਝ ਵਾਰਸਾਂ ਵੱਲੋਂ ਸਮਾਧ ਉੱਤੇ ਆਪ ਸੇਵਾ ਕਰਨ ਦੀ ਥਾਂ ਕੰਮੀ-ਕਮੀਣ ਰੱਖੇ ਹੋਣ ਕਾਰਨ ਮੁੜ ਲੜਾਈ-ਝਗੜਾ ਸ਼ੁਰੂ ਹੋ ਗਿਆ ਜੋ ਲੈਫਟੀਨੈਂਟ ਗਵਰਨਰ ਤੱਕ ਪੁੱਜਾ। ਉਸ ਵੱਲੋਂ 28 ਨਵੰਬਰ 1862 ਨੂੰ ਜਾਰੀ ਆਦੇਸ਼ ਦੀ ਲੋਅ ਵਿੱਚ ਮਿਸਟਰ ਈਗਰਟਨ, ਕਮਿਸ਼ਨਰ ਲਾਹੌਰ, ਨੇ ਪੰਜਾਬ ਸਰਕਾਰ ਨੂੰ ਪੱਤਰ ਨੰਬਰ 213, ਮਿਤੀ 13 ਅਗਸਤ 1863 ਲਿਖ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਰੱਖ-ਰਖਾਅ ਅਤੇ ਇਸ ਦੀ ਦੇਖਭਾਲ ਕਰਨ ਲਈ ਇੱਕ ਕਮੇਟੀ ਬਣਾਉਣ ਦੀ ਸਿਫ਼ਾਰਿਸ਼ ਕੀਤੀ। ਪੰਜਾਬ ਸਰਕਾਰ ਨੇ ਕਮਿਸ਼ਨਰ ਦੀਆਂ ਸਿਫ਼ਾਰਸ਼ਾਂ ਨਾਲ ਸਹਿਮਤੀ ਪ੍ਰਗਟਾਉਂਦਿਆ ਇਸ ਦੀ ਪ੍ਰਵਾਨਗੀ ਹਿੰਦੋਸਤਾਨ ਸਰਕਾਰ ਤੋਂ ਮੰਗੀ। ਹਿੰਦੋਸਤਾਨ ਸਰਕਾਰ ਨੇ ਕੁਝ ਹੋਰ ਲਿਖਤ-ਪੜ੍ਹਤ ਕਰਨ ਪਿੱਛੋਂ ਸਰਦਾਰ ਸਮਸ਼ੇਰ ਸਿੰਘ ਸੰਧਾਵਾਲੀਆ ਨੂੰ ਸਮਾਧ ਦੇ ਪ੍ਰਬੰਧ ਦੀ ਦੇਖ-ਰੇਖ ਲਈ ਆਨਰੇਰੀ ਮੈਨੇਜਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਪੰਜਾਬ ਸਰਕਾਰ ਵੱਲੋਂ ਪੱਤਰ ਨੰਬਰ 295, ਮਿਤੀ 30 ਮਈ 1866 ਦੁਆਰਾ ਸੂਚਨਾ ਪ੍ਰਾਪਤ ਹੋਣ ਉੱਤੇ ਸਰਦਾਰ ਸਮਸ਼ੇਰ ਸਿੰਘ ਸੰਧਾਵਾਲੀਆ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ।
1872 ਈਸਵੀ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ ਦਾ ਦੇਹਾਂਤ ਹੋ ਗਿਆ ਤਾਂ ਪੰਜਾਬ ਸਰਕਾਰ ਨੇ ਆਪਣੇ ਪੱਤਰ ਨੰਬਰ 413, ਮਿਤੀ 12 ਅਪਰੈਲ 1872 ਦੁਆਰਾ ਸਰਦਾਰ ਠਾਕਰ ਸਿੰਘ ਨੂੰ ਆਨਰੇਰੀ ਮੈਨੇਜਰ ਨਿਯੁਕਤ ਕੀਤਾ। ਭਾਵੇਂ ਸ. ਸ਼ਮਸ਼ੇਰ ਸਿੰਘ ਲਗਪਗ ਛੇ ਸਾਲ ਆਨਰੇਰੀ ਮੈਨੇਜਰ ਰਿਹਾ, ਪਰ ਉਸ ਨੇ ਸਮਾਧ ਦਾ ਪ੍ਰਬੰਧ ਸੁਧਾਰਨ ਵਿੱਚ ਦਿਲਚਸਪੀ ਨਾ ਵਿਖਾਈ ਜਿਸ ਕਾਰਨ ਪ੍ਰਬੰਧ ਵਿੱਚ ਹੋਰ ਵਿਗਾੜ ਆਇਆ। ਸ. ਠਾਕਰ ਸਿੰਘ ਨੇ ਸਮਾਧ ਦੇ ਸੇਵਾਦਾਰਾਂ ਵੱਲੋਂ ਆਪਹੁਦਰੇ ਢੰਗ ਨਾਲ ਆਮਦਨ ਦੀ ਵੰਡ ਕਰਨ ਨੂੰ ਰੋਕਣ ਦੇ ਯਤਨ ਕੀਤੇ ਤਾਂ ਸੇਵਾਦਾਰਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਮੁਕੱਦਮੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਇੱਕ ਪਾਸੇ ਗ੍ਰੰਥੀਆਂ ਨੇ ਸ. ਠਾਕਰ ਸਿੰਘ ਦੇ ਖ਼ਿਲਾਫ਼ ਜਨਾਬ ਗੁਲਾਮ ਨਬੀ, ਵਧੀਕ ਸਹਾਇਕ ਕਮਿਸ਼ਨਰ ਦੀ ਕਚਹਿਰੀ ਵਿੱਚ ਮੁਕੱਦਮਾ ਦਾਇਰ ਕਰਵਾਇਆ ਤੇ ਦੂਜੇ ਪਾਸੇ ਗ੍ਰੰਥੀਆਂ ਨੇ ਆਪੋ ਆਪਣੇ ਹਿੱਤਾਂ ਦੀ ਰੱਖਿਆ ਲਈ ਮੁਕੱਦਮੇਬਾਜ਼ੀ ਦਾ ਆਸਰਾ ਲਿਆ। ਗ੍ਰੰਥੀ ਭਾਈ ਫਤਿਹ ਸਿੰਘ ਵੱਲੋਂ ਆਪਣੇ ਚੇਲੇ ਭਾਈ ਗੁਰਦਿੱਤ ਸਿੰਘ (ਜਿਸ ਨੇ ਭਾਈ ਫਤਿਹ ਸਿੰਘ ਦੀ ਬਿਰਧ ਅਵਸਥਾ ਕਾਰਨ ਉਸ ਨੂੰ ਸੇਵਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ) ਖ਼ਿਲਾਫ; ਭਾਈ ਫਤਿਹ ਸਿੰਘ ਦੇ ਮੁਤਬੰਨੇ ਭਾਈ ਭੋਲਾ ਸਿੰਘ ਵੱਲੋਂ ਭਾਈ ਗੁਰਦਿੱਤ ਸਿੰਘ ਦੇ ਖ਼ਿਲਾਫ਼ ਅਤੇ ਇਸ ਤਰ੍ਹਾਂ ਦੇ ਹੋਰ ਮੁਕੱਦਮੇ ਕਚਹਿਰੀ ਵਿੱਚ ਚੱਲਣੇ ਸ਼ੁਰੂ ਹੋ ਗਏ। ਇੱਕ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦਾ ਪ੍ਰਬੰਧ ਚਲਾਉਣ ਲਈ ਸਰਕਾਰ ਵੱਲੋਂ ਵਿਖਾਈ ਜਾ ਰਹੀ ਅਰੁਚੀ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਤਾਂ ਅਧਿਕਾਰੀ ਪੱਧਰ ਉੱਤੇ ਇਸ ਵਿਸ਼ੇ ਬਾਰੇ ਨਵੇਂ ਸਿਰਿਉਂ ਵਿਚਾਰ ਸ਼ੁਰੂ ਹੋਈ। ਫਲਸਰੂਪ ਡਿਪਟੀ ਕਮਿਸ਼ਨਰ, ਲਾਹੌਰ ਮਿਸਟਰ ਡਬਲਿਊ. ਓ. ਕਲਾਰਕ ਨੇ ਕਮਿਸ਼ਨਰ ਲਾਹੌਰ ਵੱਲ ਪੱਤਰ ਨੰਬਰ 488, ਮਿਤੀ 13 ਜੁਲਾਈ 1885 ਲਿਖ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪ੍ਰਬੰਧ ਲਈ ਸਾਲ 1863 ਦੇ ਐਕਟ ਵੀਹ ਦੀ ਲੋਅ ਵਿੱਚ ਕਮੇਟੀ ਦਾ ਗਠਨ ਛੇਤੀ ਕਰਨ ਲਈ ਬੇਨਤੀ ਕੀਤੀ। ਉਸ ਨੇ ਹਿੰਦੋਸਤਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲ ਲਿਖੇ ਪੱਤਰ ਨੰਬਰ 1400, ਮਿਤੀ 28 ਮਈ 1884 ਦਾ ਹਵਾਲਾ ਦਿੰਦਿਆਂ ਅਦਾਲਤੀ ਹਦਾਇਤ ਦੀ ਲੋਅ ਵਿੱਚ ਗਠਿਤ ਕੀਤੀ ਜਾਣ ਵਾਲੀ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਕਮੇਟੀ ਵਿੱਚ ਨਾਮਜ਼ਦ ਕੀਤੇ ਜਾਣ ਵਾਲੇ ਸੰਭਾਵੀ ਵਿਅਕਤੀਆਂ ਦੀ ਸੂਚੀ ਵੀ ਭੇਜੀ।
ਪ੍ਰਬੰਧਕੀ ਕਮੇਟੀ ਦਾ ਗਠਨ
ਇਸ ਵੇਲੇ ਅਦਾਲਤੀ ਟਿੱਪਣੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਿੱਚ ਲਗਪਗ ਸਾਰੇ ਛੋਟੇ-ਵੱਡੇ ਅਧਿਕਾਰੀ ਸਮਾਧ ਦਾ ਪ੍ਰਬੰਧ ਕਰਨ ਲਈ ਕਮੇਟੀ ਗਠਿਤ ਕਰਨ ਦੀ ਲੋੜ ਬਾਰੇ ਇਕਮੱਤ ਸਨ, ਪਰ ਇਸ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਵਾਂ ਬਾਰੇ ਅੰਤਿਮ ਫ਼ੈਸਲਾ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਥਾਨਕ ਰਿਆਸਤਾਂ ਦੇ ਰਾਜਿਆਂ ਦੀ ਰਾਇ ਲੈਣੀ ਉਚਿਤ ਸਮਝੀ। ਇਸ ਮਨੋਰਥ ਲਈ ਪੰਜਾਬ ਸਰਕਾਰ ਨੇ ਮਹਾਰਾਜਾ ਜੰਮੂ-ਕਸ਼ਮੀਰ, ਮਹਾਰਾਜਾ ਪਟਿਆਲਾ, ਰਾਜਾ ਜੀਂਦ, ਰਾਜਾ ਨਾਭਾ ਅਤੇ ਰਾਜਾ ਕਪੂਰਥਲਾ ਨੂੰ ਪੱਤਰ ਨੰਬਰ 3137, ਮਿਤੀ 24 ਦਸੰਬਰ 1885 ਲਿਖ ਕੇ ਯੋਗ ਵਿਅਕਤੀਆਂ ਦੇ ਨਾਉਂ ਲਿਖ ਭੇਜਣ ਦੀ ਮੰਗ ਕੀਤੀ। ਪੰਜਾਬ ਸਰਕਾਰ ਨੇ ਦੇਸੀ ਰਿਆਸਤਾਂ ਵੱਲੋਂ ਪ੍ਰਸਤਾਵਿਤ ਨਾਵਾਂ ਉੱਤੇ ਵਿਚਾਰ ਕਰਕੇ ਇਨ੍ਹਾਂ ਵਿੱਚੋਂ ਸਰਦਾਰ ਬਖਸ਼ੀਸ਼ ਸਿੰਘ ਸੰਧਾਵਾਲੀਆ, ਸਰਦਾਰ ਅਜੀਤ ਸਿੰਘ ਅਟਾਰੀ ਅਤੇ ਭਾਈ ਮੀਹਾਂ ਸਿੰਘ ਲਾਹੌਰ ਦੇ ਨਾਉਂ ਚੁਣੇ ਅਤੇ ਆਪਣੇ ਪੱਤਰ ਨੰਬਰ 681, ਮਿਤੀ 12 ਅਪਰੈਲ 1886 ਦੁਆਰਾ ਇਸ ਦੀ ਸੂਚਨਾ ਹੇਠਲੇ ਅਧਿਕਾਰੀਆਂ ਨੂੰ ਭੇਜੀ।
ਪੰਜਾਬ ਸਰਕਾਰ ਵੱਲੋਂ ਲਿਖਿਆ ਪੱਤਰ ਡਿਪਟੀ ਕਮਿਸ਼ਨਰ, ਲਾਹੌਰ ਤੱਕ ਪੁੱਜਾ ਤਾਂ ਉਸ ਨੇ ਪਹਿਲਾਂ ਕਮੇਟੀ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਤਿੰਨਾਂ ਸਿੱਖ ਪਤਵੰਤਿਆਂ ਦੀ ਰਜ਼ਾਮੰਦੀ ਲਈ ਅਤੇ ਫਿਰ ਉਨ੍ਹਾਂ ਦੀ ਰਾਇ ਨਾਲ ਕਮੇਟੀ ਦੇ ਨਿਯਮ-ਵਿਨਿਯਮ ਤਿਆਰ ਕੀਤੇ। ਡਿਪਟੀ ਕਮਿਸ਼ਨਰ, ਲਾਹੌਰ ਵੱਲੋਂ ਖਰੜਾ ਰੂਪ ਵਿੱਚ ਤਿਆਰ ਕੀਤੀ ਇਹ ਸਕੀਮ ਕਮਿਸ਼ਨਰ, ਲਾਹੌਰ ਅਤੇ ਵਿੱਤ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਪਾਸ ਪਹੁੰਚੀ। ਉਪਰਲੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦੁਆਰਾ ਤਿਆਰ ਕੀਤੀ ਸਕੀਮ ਵਿੱਚ ਕੁਝ ਤਰਮੀਮਾਂ ਵੀ ਕੀਤੀਆਂ। ਅੰਤ ਪੰਜਾਬ ਸਰਕਾਰ ਨੇ ਦਸੰਬਰ 1886 ਵਿੱਚ ਇਸ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਸਕੀਮ ਅਨੁਸਾਰ ਆਮ ਨਿਗਰਾਨੀ ਦੀ ਜ਼ਿੰਮੇਵਾਰੀ ਮੁਹੱਰਰ ਨੂੰ ਸੌਂਪੀ ਗਈ ਜਿਸ ਦੀ ਤਨਖ਼ਾਹ ਛੇ ਰੁਪਏ ਪ੍ਰਤੀ ਮਹੀਨਾ ਮਿਥੀ ਗਈ। ਇਉਂ ਹੀ ਝਾੜੂਬਰਦਾਰ ਨੂੰ ਦੋ ਰੁਪਏ ਪ੍ਰਤੀ ਮਹੀਨਾ ਅਤੇ ਰਬਾਬੀ ਜਾਂ ਰਾਗੀ ਨੂੰ ਚਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਨਜ਼ੂਰ ਕੀਤੀ ਗਈ। ਮਾਸਿਕ ਜੋੜ ਮੇਲੇ ਦੇ ਪ੍ਰਬੰਧ ਵਾਸਤੇ ਤਿੰਨ ਰੁਪਏ ਪ੍ਰਤੀ ਮਹੀਨਾ ਖਰਚ ਕਰਨਾ ਮਨਜ਼ੂਰ ਹੋਇਆ। ਇਹ ਖਰਚੇ ਪੂਰੇ ਕਰਨ ਉਪਰੰਤ ਬਕਾਇਆ ਆਮਦਨੀ ਦੀ ਵੰਡ, ਕੁੱਲ ਆਮਦਨ 16 ਆਨੇ ਮੰਨ ਕੇ ਇਉਂ ਨਿਰਧਾਰਤ ਕੀਤੀ ਗਈ:
(ੳ) ਡੇਢ ਆਨਾ: ਗ੍ਰੰਥੀ ਸਮਾਧ ਮਹਾਰਾਜਾ ਖੜਕ ਸਿੰਘ
(ਅ) 2 ਆਨੇ: ਗ੍ਰੰਥੀ ਸਮਾਧ ਕੰਵਰ ਨੌਨਿਹਾਲ ਸਿੰਘ
(ੲ) ਸਾਢੇ ਬਾਰ੍ਹਾਂ ਆਨੇ: ਦੋਵੇਂ ਗ੍ਰੰਥੀ ਸਮਾਧ ਮਹਾਰਾਜਾ ਰਣਜੀਤ ਸਿੰਘ; ਹਿੱਸਾ ਬਰਾਬਰ ਬਰਾਬਰ।
ਹਰ ਸਾਲ ਜਨਵਰੀ ਦੇ ਮਹੀਨੇ ਹਿਸਾਬ-ਕਿਤਾਬ ਦਾ ਚਿੱਠਾ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੇ ਜਾਣਾ ਨਿਸ਼ਚਿਤ ਕੀਤਾ ਗਿਆ।
ਇਹ ਕਮੇਟੀ ਗਠਿਤ ਹੋਣ ਅਤੇ ਪ੍ਰਬੰਧ ਦੀ ਸਕੀਮ ਲਾਗੂ ਹੋਣ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦਾ ਪਿਛਲੇ ਚਾਰ ਦਹਾਕੇ ਤੋਂ ਉੱਘੜ-ਦੁੱਘੜ ਹੋਇਆ ਪ੍ਰਬੰਧ ਰੁਖ਼0 ਸਿਰ ਹੋ ਗਿਆ ਅਤੇ ਅਗਲੇ ਸਮੇਂ ਦੌਰਾਨ ਇਸੇ ਸਕੀਮ ਅਨੁਸਾਰ ਕਾਰਵਾਈ ਹੁੰਦੀ ਰਹੀ।
ਸੰਪਰਕ: 94170-49417