For the best experience, open
https://m.punjabitribuneonline.com
on your mobile browser.
Advertisement

ਤਾਮਿਲਨਾਡੂ ਪੁਲੀਸ ਨੇ ਹਿਰਾਸਤ ਵਿਚ ਲਏ ਪੰਧੇਰ ਤੇ ਸਾਥੀ ਕਿਸਾਨ ਛੱਡੇ

09:23 AM Apr 08, 2024 IST
ਤਾਮਿਲਨਾਡੂ ਪੁਲੀਸ ਨੇ ਹਿਰਾਸਤ ਵਿਚ ਲਏ ਪੰਧੇਰ ਤੇ ਸਾਥੀ ਕਿਸਾਨ ਛੱਡੇ
ਪੁਲੀਸ ਵੱਲੋਂ ਛੱਡੇ ਜਾਣ ਉਪਰੰਤ ਆਪਣੇ ਸਾਥੀ ਕਿਸਾਨਾਂ ਨਾਲ਼ ਸਰਵਣ ਸਿੰਘ ਪੰਧੇਰ।
Advertisement

ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ, 7 ਅਪਰੈਲ
ਕੇਂਦਰ ਸਰਕਾਰ ਦਾ ਪੁਤਲਾ ਫੂਕਣ ਤੋਂ ਰੋਕਣ ਲਈ 7 ਅਪਰੈਲ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਗਏ ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨ ਨੇਤਾਵਾਂ ਨੂੰ ਅੱਜ ਪੁਲੀਸ ਨੇ ਹਿਰਾਸਤ ਵਿਚ ਲੈਣ ਪਿੱਛੋਂ ਦੇਰ ਸ਼ਾਮ ਰਿਹਾਅ ਕਰ ਦਿੱਤਾ। ਇਹ ਜਾਣਕਾਰੀ ‘ਕਿਸਾਨ ਮਜਦੂਰ ਮੋਰਚਾ’ ਦੇ ਮੀਡੀਆ ਕੋਆਡੀਨੇਟਰ ਮਹੇਸ਼ ਚੌਧਰੀ (ਤਾਮਿਲਨਾਡੂ) ਨੇ ਕੋਇੰਬਟੂਰ ਤੋਂ ਇਸ ਪੱਤਰਕਾਰ ਨੂੰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਥੋਂ ਦੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ, ਬਲਕਿ ਕੇਂਦਰ ਸਰਕਾਰ ਦਾ ਪੁਤਲਾ ਸਾੜਨ ਦੀ ਕਾਰਵਾਈ ਨੂੰ ਰੋਕਣ ਲਈ ਇਹਿਤਿਆਤ ਵਜੋਂ ਕੇਵਲ ਹਿਰਾਸਤ ’ਚ ਹੀ ਲਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੇ ਹੱਥਾਂ ’ਚ ਖੇਡ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕਿਸਾਨ ਨੇਤਾਵਾਂ ਦੀ 8 ਅਪਰੈਲ ਨੂੰ ਸਵੇਰੇ ਇਲਾਕੇ ਦੇ ਐਸਐਸਪੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਹੋਵੇਗੀ। ਇਸ ਦੇ ਨਾਲ ਹੀ ਇੱਕ ਹੋਰ ਸਥਿਤੀ ਸਪੱਸ਼ਟ ਕਰਦਿਆਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤਾਮਿਲਨਾਡੂ ਪੁਲੀਸ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਨੂੰ ਸਮਰਪਿਤ ਕਲਸ਼ ਯਾਤਰਾ ’ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਲਸ਼ ਯਾਤਰਾ ਪਿਛਲੇ ਕੁਝ ਦਿਨਾਂ ਤੋਂ ਇਥੋਂ ਦੇ ਪਿੰਡਾਂ ’ਚ ਜਾ ਰਹੀ ਹੈ, ਜਿਸ ਦੌਰਾਨ ਕਿਸਾਨਾਂ ਸਮੇਤ ਹੋਰ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ੍ਰੀ ਮਹੇਸ਼ ਚੌਧਰੀ ਦਾ ਕਹਿਣਾ ਸੀ ਕਿ ਕੋਇੰਬਟੂਰ ਪੁਲੀਸ ਨੂੰ ਕੇਵਲ ਕੇਂਦਰ ਸਰਕਾਰ ਦੇ ਖਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕਰਨ ’ਤੇ ਹੀ ਇਤਰਾਜ਼ ਸੀ। ਉਨ੍ਹਾਂ ਕਿਹਾ ਕਿ ਇਹ ਕਲਸ਼ ਯਾਤਰਾ ਆਉਂਦੇ ਦਿਨੀਂ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਤਾਮਿਲਨਾਡੂ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਜਾਣ ਦਾ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਉਤੇ ਕਿਸਾਨ ਆਗੂਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਬਿਆਨ ਜਾਰੀ ਕਰਕੇ ਚੇਤਾਵਨੀ ਦਿਤੀ ਸੀ ਕਿ ਜੇ ਤਾਮਿਲਨਾਡੂ ਪੁਲੀਸ ਵੱਲੋਂ ਪੰਧੇਰ ਤੇ ਸਾਥੀਆਂ ਦੀ ਫੌਰੀ ਰਿਹਾਈ ਯਕੀਨੀ ਨਾ ਬਣਾਈ ਗਈ, ਤਾਂ ਉਹ ਜਲਦੀ ਹੀ ਪ੍ਰੋਗਰਾਮ ਉਲੀਕ ਕੇ ਸ਼ੰਭੂ ਖੇਤਰ ਸਮੇਤ ਪੰਜਾਬ ਅੰਦਰ ਕਈ ਹੋਰਨਾ ਥਾਵਾਂ ’ਤੇ ਵੀ ਰੇਲਵੇ ਟਰੈਕਾਂ ’ਤੇ ਧਰਨੇ ਦੇ ਕੇ ਰੇਲਵੇ ਆਵਾਜਾਈ ਠੱਪ ਕਰ ਦੇਣਗੇ। ਜਿਕਰਯੋਗ ਹੈ ਕਿ ਜਿਲ੍ਹੇ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਸੰਘਰਸ਼ ਦੇ ਹਮਾਇਤੀ ਹਰਿਆਣਾ ਦੇ ਕਿਸਾਨ ਆਗੂ ਨਵਦੀਪ ਸਿੰਘ ਜਲਵੇੜਾ ਅਤੇ ਸਾਥੀਆਂ ਨੂੰ ਪਿਛਲੇ ਹਫਤੇ ਹਰਿਆਣਾ ਪੁਲੀਸ ਨੇ ਮੁਹਾਲੀ ਏਅਰਪੋਰਟ ਕੋਲ਼ੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸ਼ੰਭੂ ਤੇ ਢਾਬੀਗੁੱਜਰਾਂ ਮੋਰਚਿਆਂ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ, ਜਗਜੀਤ ਡੱਲੇਵਾਲ਼, ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ਼ ਅਤੇ ਮਨਜੀਤ ਘੁਮਾਣਾ ਸਮੇਤ ਹੋਰਨਾਂ ਮੋਹਰੀ ਕਿਸਾਨ ਨੇਤਾਵਾਂ ਵੱਲੋਂ ਅੱਜ ਦੇਸ਼ ਭਰ ’ਚ ਵਿਚਲੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਸੀ। ਇਸ ਕੜੀ ਵਜੋਂ ਹੀ ਸਰਵਣ ਪੰਧੇਰ, ਮਨਜੀਤ ਰਾਏ, ਜੀ.ਐਸ ਮਾਂਗਟ ਅਤੇ ਹਰਵਿੰਦਰ ਸਮਾਨਿਆਂ ਸਮੇਤ ਕੁਝ ਹੋਰ ਕਿਸਾਨ ਆਗੂ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਗਏ ਸਨ। ਤਾਮਿਲਨਾਡੂ ਸਰਕਾਰ ਵੱਲੋਂ ਭਾਵੇਂ ਕਿ ਹੁਣ ਤੱਕ ਇਸ ਕਲਸ਼ ਯਾਤਰਾ ਨੂੰ ਤਾਂ ਨਹੀਂ ਸੀ ਰੋਕਿਆ ਗਿਆ, ਪਰ ਅੱਜ ਜਦੋਂ ਪੰਧੇਰ ਅਤੇ ਸਾਥੀ ਤਾਮਿਲਨਾਡੂ ਵਿਚਲੇ ਕੋਇੰਬਟੂਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਹੀ ਵਾਲ਼ੇ ਸਨ, ਤਾਂ ਉਥੋਂ ਦੀ ਪੁਲੀਸ ਫੋਰਸ ਨੇ ਇਨ੍ਹਾਂ ਸਾਰੇ ਕਿਸਾਨਾ ਨੂੰ ਹਿਰਾਸਤ ’ਚ ਲੈ ਲਿਆ, ਜਿਨ੍ਹਾਂ ਨੂੰ ਤਾਮਿਲਨਾਡੂ ਦੇ ਕੁਝ ਕਿਸਾਨ ਆਗੂ ਵੀ ਸ਼ਾਮਲ ਹਨ।

Advertisement

ਕੋਇੰਬਟੂਰ ਵਿਖੇ ਕਿਸਾਨਾਂ ਦੀ ਗ੍ਰਿਫ਼ਤਾਰੀ ਨਾਲ ਕੇਂਦਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ: ਡੱਲੇਵਾਲ

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ ਕਲਸ਼ ਲੈ ਕੇ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਦੇ ਕੋਇੰਬਟੂਰ ਗਏ ਕਿਸਾਨ ਆਗੂਆਂ ਨੂੰ ਪੁਲੀਸ ਵਲੋਂ ਹਿਰਾਸਤ ਵਿਚ ਲਏ ਜਾਣ ਦੀ ਉਹ ਸਖਤ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਅਜਿਹੀਆਂ ਕਾਰਵਾਈਆਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।

Advertisement
Author Image

Advertisement
Advertisement
×