ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਪੋਲੀਓ ਵਿਰੋਧੀ ਟੀਕਾਕਰਨ ਮੁਹਿੰਮ ਬੰਦ ਕੀਤੀ
ਦੁਬਈ, 16 ਸਤੰਬਰ
ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਪੋਲੀਓ ਵਿਰੋਧੀ ਟੀਕਾਕਰਨ ਮੁਹਿੰਮ ਬੰਦ ਕਰ ਦਿੱਤੀ ਹੈ। ਅੱਜ ਸੰਯੁਕਤ ਰਾਸ਼ਟਰ ਨੇ ਇਹ ਜਾਣਕਾਰੀ ਦਿੱਤੀ। ਅਫ਼ਗਾਨਿਸਤਾਨ ਉਨ੍ਹਾਂ ਦੋ ਮੁਲਕਾਂ ਵਿੱਚੋਂ ਇਕ ਹੈ, ਜਿੱਥੇ ਇਹ ਬਿਮਾਰੀ ਕਦੇ ਨਹੀਂ ਰੁਕੀ ਹੈ। ਅਜਿਹਾ ਹੀ ਦੂਜਾ ਦੇਸ਼ ਪਾਕਿਸਤਾਨ ਹੈ। ਸੰਯੁਕਤ ਰਾਸ਼ਟਰ ਏਜੰਸੀਆਂ ਨੂੰ ਇਹ ਖ਼ਬਰ ਸਤੰਬਰ ਵਿੱਚ ਟੀਕਾਕਰਨ ਮੁਹਿੰਮ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਮਿਲੀ ਹੈ। ਅਫ਼ਗਾਨਿਸਤਾਨ ਵਿੱਚ ਪੋਲੀਓ ਵਿਰੋਧੀ ਟੀਕਾਕਰਨ ਮੁਹਿੰਮ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਅਤੇ ਇਸ ਬਾਰੇ ਟਿੱਪਣੀ ਕਰਨ ਲਈ ਤਾਲਿਬਾਨ ਦੇ ਕੰਟਰੋਲ ਵਾਲੀ ਦੇਸ਼ ਦੀ ਸਰਕਾਰ ਵੱਲੋਂ ਕੋਈ ਮੌਜੂਦ ਨਹੀਂ ਹੋ ਸਕਿਆ। ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਚਰਚਾ ਚੱਲ ਰਹੀ ਹੈ ਕਿ ਘਰ-ਘਰ ਜਾ ਕੇ ਟੀਕਾਕਰਨ ਕਰਨ ਦੀ ਥਾਂ ਮਸਜਿਦ ਵਰਗੀਆਂ ਥਾਵਾਂ ’ਤੇ ਟੀਕਾਕਰਨ ਹੋਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਸਥਾ ਨੇ ਇਸ ਸਾਲ ਅਫ਼ਗਾਨਿਸਤਾਨ ਵਿੱਚ ਪੋਲੀਓ ਦੇ 18 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਵਿੱਚੋਂ ਦੋ ਮਾਮਲੇ ਦੇਸ਼ ਦੇ ਦੱਖਣੀ ਹਿੱਸੇ ਵਿੱਚੋਂ ਸਨ। ਪਿਛਲੇ ਸਾਲ ਦੇਸ਼ ਵਿੱਚ ਪੋਲੀਓ ਦੇ ਕੇਸਾਂ ਦੀ ਗਿਣਤੀ ਛੇ ਸੀ। ਵਿਸ਼ਵ ਸਿਹਤ ਸੰਸਥਾ ਦੇ ਡਾ. ਹਾਮਿਦ ਨੇ ਕਿਹਾ, ‘ਆਲਮੀ ਪੱਧਰ ’ਤੇ ਪੋਲੀਓ ਦਾ ਖ਼ਾਤਮਾ ਕਰਨ ਲਈ ਉਪਰਾਲੇ ਕਰਨ ਵਾਲੀ ਸੰਸਥਾ ਨੂੰ ਅਫ਼ਗਾਨਿਸਤਾਨ ਵਿੱਚ ਪੋਲੀਓ ਵਿਰੋਧੀ ਟੀਕਾਕਰਨ ਮੁਹਿੰਮ ਨੂੰ ਘਰ-ਘਰ ਦੀ ਥਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖ਼ਾਸ ਥਾਵਾਂ ’ਤੇ ਤਬਦੀਲ ਕਰਨ ਬਾਰੇ ਚੱਲ ਰਹੀਆਂ ਚਰਚਾਵਾਂ ਬਾਰੇ ਪਤਾ ਹੈ।’ -ਪੀਟੀਆਈ