ਗਾਜ਼ਾ ਦੇ ਵਿਦਿਅਕ ਤੇ ਵਿਰਾਸਤੀ ਢਾਂਚੇ ਦੀ ਯੋਜਨਾਬੱਧ ਤਬਾਹੀ
ਮਨਦੀਪ
ਅਮਰੀਕੀ ਸਾਮਰਾਜ ਅਤੇ ਇਸ ਦੀਆਂ ਭਾਈਵਾਲ ਪੱਛਮੀ ਤਾਕਤਾਂ ਦੇ ਸਹਿਯੋਗ ਨਾਲ ਇਜ਼ਰਾਈਲ ਵੱਲੋਂ ਫਲਸਤੀਨ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਵਿੱਚ ਜਿੱਥੇ ਮਨੁੱਖੀ ਜਾਨ-ਮਾਲ, ਧਾਰਮਿਕ ਇਮਾਰਤਾਂ, ਹਸਪਤਾਲ ਆਦਿ ਦੀ ਤਬਾਹੀ ਕੀਤੀ ਜਾ ਰਹੀ ਹੈ, ਉੱਥੇ ਫਲਸਤੀਨ ਦੇ ਅਤੀਤ ਤੇ ਵਰਤਮਾਨ ਇਤਿਹਾਸ ਦਾ ਅਹਿਮ ਪੰਨਾ ਸਾੜ ਕੇ ਸੁਆਹ ਕੀਤਾ ਜਾ ਰਿਹਾ ਹੈ। ਫਲਸਤੀਨ ਦਾ ਮੌਜੂਦਾ ਸੱਭਿਆਚਾਰ, ਸਾਹਿਤ, ਕਲਾ, ਲਾਇਬਰੇਰੀਆਂ, ਇਤਿਹਾਸਕ ਵਿਰਾਸਤੀ ਇਮਾਰਤਾਂ, ਹਸਪਤਾਲ, ਸੁਰੱਖਿਆ ਕੈਂਪ, ਅਜਾਇਬ ਘਰ ਅਤੇ ਸਿੱਖਿਆ ਸੰਸਥਾਵਾਂ ਜੰਗੀ ਤਬਾਹੀ ਦੀ ਮਾਰ ਹੇਠ ਹਨ। ਸਾਹਿਤ, ਕਲਾ ਤੇ ਸੱਭਿਆਚਾਰਕ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਪੂਰੀ ਤਰ੍ਹਾਂ ਬੰਦ ਹਨ। ਫਲਸਤੀਨ ਦੀ ਗਾਜ਼ਾ ਪੱਟੀ ਦੇ ਵਿਦਿਆਰਥੀ, ਅਧਿਆਪਕ, ਲੇਖਕ ਤੇ ਸਾਹਿਤਕ ਕਾਮੇ ਜਿਨ੍ਹਾਂ ਨੇ ਵਰਤਮਾਨ ਤੇ ਭਵਿੱਖ ਦੇ ਬੌਧਿਕ ਸਮਾਜ ਦਾ ਨਿਰਮਾਣ ਕਰਨਾ ਹੈ, ਉਹ ਖੁਦ ਜੰਗੀ ਤਬਾਹੀ ਦਾ ਸ਼ਿਕਾਰ ਹਨ। ਇਸ ਜੰਗੀ ਵਿਨਾਸ਼ ਵਿੱਚ ਫਲਸਤੀਨ ਦਾ ਵਿੱਦਿਅਕ ਢਾਂਚਾ ਗੰਭੀਰ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਗਾਜ਼ਾ ਵਿੱਚ ਹੋ ਰਿਹਾ ਇਹ ਬੌਧਿਕ ਨਾਸ ਜਾਂ ਵਿਦਿਆ ਘਾਤ ਫਲਸਤੀਨੀ ਨਸਲਕੁਸ਼ੀ ਦਾ ਹੀ ਹਿੱਸਾ ਹੈ।
ਹਾਸਲ ਰਿਪੋਰਟਾਂ ਮੁਤਾਬਕ, ਗਾਜ਼ਾ ਵਿੱਚ 80% ਤੋਂ ਵੱਧ ਸਕੂਲ ਯੂਨੀਵਰਸਿਟੀਆਂ ਨੁਕਸਾਨੀਆਂ ਜਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ। 400 ਤੋਂ ਵੱਧ ਸਕੂਲ ਸਿੱਧੀ ਇਜ਼ਰਾਇਲੀ ਬੰਬਾਰੀ ਦਾ ਸ਼ਿਕਾਰ ਹੋਏ ਹਨ ਤੇ 56 ਸਕੂਲ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਗਏ ਹਨ। ਯੂਐੱਨ ਦੀ ਰਿਪੋਰਟ ਮੁਤਾਬਕ 195 ਇਤਿਹਾਸਕ ਵਿਰਾਸਤੀ ਇਮਾਰਤਾਂ, 229 ਮਸਜਿਦਾਂ, 3 ਚਰਚ, 13 ਲਾਈਬਰੇਰੀਆਂ, ਲੈਬਾਂ, ਮੁਰਦਾਘਾਟ ਤੇ ਕੁਝ ਕੇਂਦਰੀ ਪੁਰਾਲੇਖ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਗਿਆ ਹੈ। ਬੰਬਾਰੀ ਵਿੱਚ 5800 ਤੋਂ ਵੱਧ ਵਿਦਿਆਰਥੀਆਂ, 260 ਅਧਿਆਪਕਾਂ ਅਤੇ 10 ਸਾਇੰਸਦਾਨਾਂ ਤੇ ਬੁੱਧੀਜੀਵੀਆਂ ਦੀ ਯੋਜਨਾਬੱਧ ਹੱਤਿਆ, ਇਨਸਾਨੀਅਤ, ਸਿੱਖਿਆ ਪ੍ਰਣਾਲੀ ਤੇ ਬੌਧਿਕਤਾ ਦੇ ਕਤਲ ਸਮਾਨ ਹੈ। ਗਾਜ਼ਾ ਦੇ ਅਲ-ਮਗਾਜ਼ੀ, ਜਬਾਲੀਆ, ਅਲ-ਫਖੌਰਾ ਤੇ ਉਸਾਮਾ ਬਿਨ ਜ਼ੈਦ ਐਲੀਮੈਂਟਰੀ ਸਕੂਲਾਂ ਉੱਤੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ 35 ਤੋਂ ਜਿ਼ਆਦਾ ਲੋਕ ਮਾਰੇ ਗਏ ਜੋ ਇੱਥੇ ਸ਼ਰਨ ਲੈ ਕੇ ਰਹਿ ਰਹੇ ਸਨ। ਹਜ਼ਾਰਾਂ ਵਿਦਿਆਰਥੀ ਤੇ ਅਧਿਆਪਕ ਮਹਿਜ਼ ਕਲਾਸਰੂਮਾਂ ਤੇ ਸਕੂਲਾਂ ਯੂਨੀਵਰਸਿਟੀਆਂ ਤੋਂ ਹੀ ਨਹੀਂ ਬਲਕਿ ਆਪਣੇ ਘਰਾਂ ਤੋਂ ਵੀ ਉਜੜਨ ਲਈ ਮਜਬੂਰ ਕਰ ਦਿੱਤੇ ਗਏ। ਜੰਗ ਕਾਰਨ 6,25,000 ਤੋਂ ਵੱਧ ਗਾਜ਼ਾਨ ਵਿਦਿਆਰਥੀ ਸਿੱਖਿਆ ਦੇ ਬੁਨਿਆਦੀ ਹੱਕ ਤੋਂ ਸੱਖਣੇ ਹੋ ਚੁੱਕੇ ਹਨ ਤੇ ਬਾਕੀ ਬਚਦੇ ਸਿਲੇਬਸਾਂ ਦੀਆਂ ਕਿਤਾਬਾਂ, ਕੰਪਿਊਟਰ ਤੇ ਹੋਰ ਲੋੜੀਂਦੀ ਵਿਦਿਅਕ ਸਮੱਗਰੀ ਦੀ ਘਾਟ ਤੇ ਨਾਕਾਬੰਦੀ ਦਾ ਸੰਤਾਪ ਭੋਗ ਰਹੇ ਹਨ। ਗਾਜ਼ਾ ਦੇ ਵਿਦਿਆਰਥੀਆਂ ਲਈ ਇਸ ਸਮੇਂ ਜੰਗ ਦਾ ਮੈਦਾਨ ਹੀ ਸਕੂਲ ਯੂਨੀਵਰਸਿਟੀਆਂ ਬਣੇ ਹੋਏ ਹਨ ਜਿੱਥੇ ਉਹ ਜੰਗ ਦੇ ਭੂਗੋਲ, ਅਰਥ ਸ਼ਾਸਤਰ, ਸਮਾਜ ਸ਼ਾਸਤਰ ਤੇ ਸਿਆਸਤ ਬਾਰੇ ਸਿੱਧੇ ਤੇ ਇਤਿਹਾਸ ਦੇ ਸਭ ਤੋਂ ਕਰੂਰ ਸਬਕ ਗ੍ਰਹਿਣ ਕਰ ਰਹੇ ਹਨ। ਸਿੱਖਿਆ, ਸਿਹਤ, ਰਿਹਾਇਸ਼ ਤੇ ਰੁਜ਼ਗਾਰ ਬੁਨਿਆਦੀ ਮਨੁੱਖੀ ਅਧਿਕਾਰ ਹੁੰਦੇ ਹਨ ਪਰ ਇਸ ਸਮੇਂ ਇਹ ਗਾਜ਼ਾ ਦੇ ਬੱਚਿਆਂ ਲਈ ਨਹੀਂ ਹਨ। ਸਾਹਿਤ, ਸਿੱਖਿਆ ਤੇ ਸੱਭਿਆਚਾਰ ਉੱਤੇ ਹਮਲਾ ਕਿਸੇ ਵੀ ਨਸਲ ਦੇ ਭਵਿੱਖ ਦੀ ਤਬਾਹੀ ਲਈ ਵੱਡਾ ਹਮਲਾ ਹੁੰਦਾ ਹੈ ਜਿਸ ਦੇ ਜ਼ਖ਼ਮ ਜੰਗਬੰਦੀ ਤੋਂ ਬਾਅਦ ਵੀ ਸਦੀਆਂ ਤੱਕ ਨਹੀਂ ਭਰਦੇ।
ਸਭ ਤੋਂ ਪਹਿਲਾਂ ਦਸੰਬਰ 2008 ਵਿੱਚ ਇਜ਼ਰਾਇਲੀ ਫੌਜ ਨੇ ‘ਅਪਰੇਸ਼ਨ ਕਾਸਟ ਲੀਡ` ਤਹਿਤ ਗਾਜ਼ਾ ਦੇ ਮੁੱਖ ਵਿਦਿਅਕ ਅਦਾਰੇ ਇਸਲਾਮਿਕ ਯੂਨੀਵਰਸਿਟੀ ਉੱਤੇ ਭਿਅੰਕਰ ਹਮਲਾ ਕਰ ਕੇ ਫਲਸਤੀਨੀ ਵਿਦਿਅਕ ਢਾਂਚੇ ਦੀ ਤਬਾਹੀ ਦਾ ਮੁੱਢ ਬੰਨ੍ਹਿਆ ਸੀ। ਉਸ ਸਮੇਂ ਇਜ਼ਰਾਈਲ ਦਾ ਤਰਕ ਸੀ ਕਿ ਯੂਨੀਵਰਸਿਟੀ ਨੂੰ ਹਮਾਸ ਆਪਣੇ ਫੌਜੀ ਮਕਸਦ ਲਈ ਹਥਿਆਰਾਂ ਦੀ ਖੋਜ, ਫੌਜੀ ਸਿਖਲਾਈ, ਹਥਿਆਰ ਨਿਰਮਾਣ ਅਤੇ ਸਟੋਰ ਕਰਨ ਲਈ ਵਰਤ ਰਹੀ ਹੈ। ਹਮਾਸ ਦੇ ਇਸਲਾਮਿਕ ਕੱਟੜਪੰਥੀ ਮਨਸੂਬਿਆਂ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਵਿਦਿਅਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਗੈਰ-ਮਨੁੱਖੀ, ਅਨੈਤਿਕ, ਜੰਗੀ ਤੇ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ; ਤੇ ਇਜ਼ਰਾਈਲ ਇਹ ਉਲੰਘਣਾ ਲਗਾਤਾਰ ਤੇ ਬੇਖੌਫ ਹੋ ਕੇ ਕਰ ਰਿਹਾ ਹੈ।
ਮੌਜੂਦਾ ਜੰਗ `ਚ ਗਾਜ਼ਾ ਦੀਆਂ 16 ਵਿੱਚੋਂ 12 ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਕੈਂਪਸ ਹਮਲੇ ਦੀ ਮਾਰ ਹੇਠ ਆਏ ਹੋਏ ਹਨ ਜਿਹਨਾਂ `ਚ ਪੜ੍ਹਦੇ 88000 ਵਿਦਿਆਰਥੀ ਜੰਗ ਸ਼ੁਰੂ ਹੋਣ ਤੋਂ ਬਾਅਦ ਕਲਾਸਾਂ ਵਿੱਚ ਨਹੀਂ ਗਏ। ਸਕਾਲਰਸ਼ਿਪ ਪ੍ਰਾਪਤ 500 ਤੋਂ ਵੱਧ ਕੌਮਾਂਤਰੀ ਵਿਦਿਆਰਥੀ ਆਪਣੀ ਪੜ੍ਹਾਈ ਅਤੇ ਗਾਜ਼ਾ ਛੱਡਣ ਲਈ ਮਜਬੂਰ ਹੋ ਗਏ। ਇਸਲਾਮੀ ਯੂਨੀਵਰਸਿਟੀ ਅਤੇ ਅਲ-ਅਜ਼ਹਰ ਯੂਨੀਵਰਸਿਟੀ ਵਰਗੀਆਂ ਮੁੱਖ ਵਿਦਿਅਕ ਸੰਸਥਾਵਾਂ ਸਮੇਤ ਗਾਜ਼ਾ ਦੀ ਹਰ ਯੂਨੀਵਰਸਿਟੀ ਜਾਂ ਤਾਂ ਨੁਕਸਾਨੀ ਗਈ ਜਾਂ ਫਿਰ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਗਈ ਹੈ। ਜਿੱਥੇ ਸਕੂਲਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਠੱਪ ਹੋ ਗਈ ਹੈ, ਉੱਥੇ ਇੰਟਰਨੈੱਟ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਕਰ ਕੇ ਈ-ਲਰਨਿੰਗ ਨੂੰ ਵੀ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। 17 ਜਨਵਰੀ ਨੂੰ ਜਿਊਨਵਾਦੀ ਇਜ਼ਰਾਇਲੀ ਧਾੜਵੀਆਂ ਨੇ ਇਤਿਹਾਸਕ ਕਲਾਕ੍ਰਿਤੀਆਂ ਸਾਂਭਣ ਵਾਲੀ ਅਲ-ਇਸਰਾ ਯੂਨੀਵਰਸਿਟੀ ਕਬਜ਼ੇ ਵਿੱਚ ਲੈ ਕੇ ਤੇ ਬਾਰੂਦੀ ਸੁਰੰਗਾਂ ਵਿਛਾ ਕੇ ਨਸ਼ਟ ਕਰ ਦਿੱਤੀ। ਰਸ਼ਾਦ ਸ਼ਾਵਾ ਸੱਭਿਆਚਾਰਕ ਕੇਂਦਰ, ਅਰਬ ਆਰਥੋਡੌਕਸ ਕਲਚਰ ਐਂਡ ਸੋਸ਼ਲ ਸੈਂਟਰ, ਅਲ-ਸੁਨੂਨ ਫਾਰ ਕਲਚਰ ਐਂਡ ਆਰਟਸ ਐਸ਼ੋਸੀਏਸ਼ਨ ਆਦਿ ਵਰਗੀਆਂ ਸੱਭਿਆਚਾਰਕ ਤੇ ਕਲਾਤਮਿਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਗਾਜ਼ਾ ਦੀਆਂ ਇਤਿਹਾਸਕ ਵਿਰਾਸਤ ਤੇ ਸੱਭਿਆਚਾਰਕ ਜੀਵਨ ਦਾ ਅਮੁੱਲ ਖਜ਼ਾਨਾ ਸਨ। ਗਾਜ਼ਾ ਦੀਆਂ ਤਬਾਹ ਕੀਤੀਆਂ 13 ਲਾਈਬਰੇਰੀਆਂ ਵਿੱਚੋਂ ਮੁੱਖ ਗਾਜ਼ਾ ਯੂਨੀਵਰਸਿਟੀ ਲਾਈਬਰੇਰੀ, ਗਾਜ਼ਾ ਦੀ ਮੁੱਖ ਪਬਲਿਕ ਲਾਈਬਰੇਰੀ ਅਤੇ ਦੀਆਨਾ ਤਾਮਾਰੀ ਲਾਈਬਰੇਰੀਆਂ ਵਿੱਚ ਹਜ਼ਾਰਾਂ ਕਿਤਾਬਾਂ ਤੇ ਇਤਿਹਾਸਕ ਦਸਤਾਵੇਜ਼ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੇ ਗਏ ਹਨ। ਯੂਨੀਵਰਸਿਟੀਆਂ ਤੋਂ ਬਿਨਾਂ ਗਾਜ਼ਾ ਦੇ ਲਗਭਗ 737 ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਜਾਂ ਤਾਂ ਗੰਭੀਰ ਨੁਕਸਾਨ ਪਹੁੰਚਾਇਆ ਗਿਆ ਜਾਂ ਜਿ਼ਆਦਾਤਰ ਨੂੰ ਤਬਾਹ ਕਰ ਦਿੱਤਾ ਗਿਆ।
ਤਬਾਹੀ ਦਾ ਮੰਜ਼ਰ ਉਦੋਂ ਹੋਰ ਵੀ ਵੱਧ ਭਿਅੰਕਰ ਬਣ ਜਾਂਦਾ ਹੈ ਜਦੋਂ ਹਮਲਾਵਰ ਸਮਾਜ ਦੇ ਸਭ ਤੋਂ ਮਜ਼ਬੂਤ ਤੇ ਭਵਿੱਖਮੁਖੀ ਵਰਗ ਨੂੰ ਨਿਸ਼ਾਨਾ ਬਣਾਉਂਦੇ ਹਨ। ਬੁੱਧੀਜੀਵੀਆਂ ਦੇ ਨਾਲ-ਨਾਲ ਗਾਜ਼ਾ ਦੀ ਨਵੀਂ ਪੀੜ੍ਹੀ ਨੂੰ ਗਿਣ-ਮਿਥ ਕੇ ਖਤਮ ਕੀਤਾ ਜਾ ਰਿਹਾ ਹੈ। ਗਾਜ਼ਾ ਦੇ 22 ਲੱਖ ਬਾਸ਼ਿੰਦਿਆਂ ਵਿੱਚੋਂ 50% ਵਸੋਂ 20 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ ਅਤੇ ਇਹੀ ਉਹ ਵਰਗ ਹੈ ਜੋ ਭਵਿੱਖਮੁੱੱਖੀ, ਸ਼ਕਤੀਸ਼ਾਲੀ ਤੇ ਫਲਸਤੀਨ ਦੀ ਰੀੜ੍ਹ ਦੀ ਹੱਡੀ ਹੈ। ਇਜ਼ਰਾਈਲ ਇਸ ਸਮੇਂ ਫਲਸਤੀਨ ਦੀ ਰੀੜ੍ਹ ਦੀ ਹੱਡੀ ਤੋੜਨ ਅਤੇ ਕਮਜ਼ੋਰ ਕਰਨ ਵਿੱਚ ਲੱਗਾ ਹੋਇਆ ਹੈ। ਗਾਜ਼ਾ ਵਿੱਚੋਂ ਪਹਿਲਾਂ ਹੀ 9 ਲੱਖ ਲੋਕ ਜੰਗੀ ਉਜਾੜੇ ਕਰ ਕੇ ਹਿਜਰਤ ਕਰ ਗਏ ਹਨ ਤੇ ਬਾਕੀ ਵਸੋਂ ਭੋਜਨ, ਪਾਣੀ ਤੇ ਦਵਾਈਆਂ ਦੀ ਸਪਲਾਈ ਦੀ ਘਾਟ ਕਰ ਕੇ ਬਾਰੂਦ ਦਾ ਖਾਜਾ ਬਣਨ ਲਈ ਮਜਬੂਰ ਹੈ।
‘ਪੱਤਰਕਾਰ ਬਚਾਓ ਕਮੇਟੀ` ਦੀ ਰਿਪੋਰਟ ਮੁਤਾਬਕ, ਇਸ ਜੰਗ ਵਿੱਚ 105 ਪੱਤਰਕਾਰ ਮਾਰੇ ਗਏ ਤੇ ਬਚੇ ਹੋਇਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ। ਸੈਂਕੜੇ ਸੱਭਿਆਚਾਰਕ ਕਾਮੇ ਅਤੇ ਬੁੱਧੀਜੀਵੀ ਮੌਤ ਦੇ ਸਾਏ ਹੇਠ ਰਹਿ ਰਹੇ ਹਨ। ਆਮ ਲੋਕਾਂ ਸਮੇਤ ਸਮਾਜ ਲਈ ਚਿੰਤਤ ਲੋਕ ਮਨੋਵਿਗਿਆਨਕ ਸਦਮੇ ਵਿੱਚ ਹਨ। ਰੋਜ਼ਾਨਾ ਦਾ ਜਨ-ਜੀਵਨ ਇਸ ਤੋਂ ਵੀ ਵੱਧ ਭਿਅੰਕਰ ਅਤੇ ਅਸੁਰੱਖਿਅਤ ਹੈ। ਫਲਸਤੀਨੀ ਨੌਜਵਾਨ ਲੇਖਕ ਯੂਸਫ਼ ਦਵਾਸ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਮਾਰ ਦਿੱਤਾ ਗਿਆ। ਫਲਸਤੀਨ ਦੀ ਮੁਕਤੀ ਲਈ ਗਾਉਂਦੇ ਬਾਗੀ ਗਾਇਕ ਆਪਣੇ ਸਿਆਸੀ ਪੈਂਤੜੇ ਕਰ ਕੇ ਹਿੰਸਕ ਤੇ ਜਾਨਲੇਵਾ ਹਮਲਿਆਂ ਦਾ ਨਿਸ਼ਾਨਾ ਬਣਾਏ ਜਾ ਰਹੇ ਹਨ। ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਨਿਸ਼ਾਨਾ ਬਣਾਉਣਾ ਵੀ ਇਜ਼ਰਾਈਲ ਦੀ ਲੰਮੇ ਸਮੇਂ ਦੀ ਰਣਨੀਤੀ ਰਹੀ ਹੈ। ਵਿਅੰਗਮਈ ਗੀਤਕਾਰ ਬਸ਼ਰ ਮੁਰਾਦ ਵਰਗੇ ਬਾਗੀ ਗਾਇਕ ਜੰਗੀ ਹਾਲਾਤ ਦੇ ਬਾਵਜੂਦ ਆਪਣੀ ਕਲਾ ਰਾਹੀਂ ਫਲਸਤੀਨੀ ਨਸਲਕੁਸ਼ੀ, ਅਨਿਆਂ, ਜੰਗ ਤੇ ਜਬਰ ਖਿਲਾਫ ਅਵਾਜ਼ ਉਠਾ ਰਹੇ ਹਨ। ਜੰਗੀ ਖਤਰਿਆਂ ਤੇ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਦੀ ਗਾਜ਼ਾ ਦੇ ਮਲਬਿਆਂ `ਚੋਂ ਉੱਠ ਰਹੀ ਹੇਕ ਵਿਸ਼ਵ ਭਾਈਚਾਰੇ ਨੂੰ ਹਲੂਣ ਰਹੀ ਹੈ।
ਇਜ਼ਰਾਈਲ ਵੱਲੋਂ ਯੋਜਨਾਬੱਧ ਢੰਗ ਨਾਲ ਗਾਜ਼ਾ ਦੇ ਵਿਦਿਅਕ ਤੇ ਵਿਰਾਸਤੀ ਢਾਂਚੇ ਨੂੰ ਬਰਬਾਦ ਕਰਨਾ, ਫਲਸਤੀਨੀ ਨਸਲ ਅਤੇ ਦੇਸ਼ ਨੂੰ ਨਕਸ਼ੇ ਤੋਂ ਮਿਟਾਉਣ ਦੇ ਪ੍ਰਾਜੈਕਟ ਦਾ ਹਿੱਸਾ ਹੈ। ਨਸਲਕੁਸ਼ੀ ਦਾ ਇਹ ਪ੍ਰਾਜੈਕਟ ਕੌਮਾਂਤਰੀ ਮਨੁੱਖੀ ਅਧਿਕਾਰਾਂ/ਕਾਨੂੰਨਾਂ ਨੂੰ ਛਿੱਕੇ ਟੰਗ ਕੇ ਰਚਾਇਆ ਜਾ ਰਿਹਾ ਹੈ। ਸੰਸਾਰ ਅਮਨ-ਚੈਨ ਤੇ ਪ੍ਰਭੂਸੱਤਾ ਦਾ ਦਮ ਭਰਨ ਵਾਲੀਆਂ ਸੰਸਾਰ ਤਾਕਤਾਂ ਤੇ ਕੌਮਾਂਤਰੀ ਅਦਾਲਤਾਂ/ਕਾਨੂੰਨ ਮੂਕ ਦਰਸ਼ਕ ਬਣੇ ਹੋਏ ਹਨ। ਉਲਟਾ ਵਿਸ਼ਵ ਸ਼ਾਂਤੀ ਦਾ ਝੰਡਾਬਰਦਾਰ ਅਮਰੀਕੀ ਸਾਮਰਾਜ ਤੇ ਉਸ ਦੇ ਸਹਿਯੋਗੀ, ਫਲਸਤੀਨ ਵਿੱਚ ਇਜ਼ਰਾਇਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਦੇ ਮੁਲਜ਼ਮ ਹਨ। ਇਹ ਪੱਛਮੀ ਤਾਕਤਾਂ ਫਲਸਤੀਨ ਖਿਲਾਫ ਅਸਿੱਧੀ ਜੰਗ ਲੜ ਰਹੀਆਂ ਹਨ ਅਤੇ ਗਾਜ਼ਾ ਦੇ ਬੱਚਿਆਂ, ਔਰਤਾਂ, ਬਜ਼ੁਰਗਾਂ, ਬਿਮਾਰਾਂ ਤੇ ਜ਼ਖ਼ਮੀਆਂ ਨੂੰ ਬਾਰੂਦ ਅਤੇ ਭੁੱਖ ਨਾਲ ਮਾਰਨ ਲਈ ਇਜ਼ਰਾਈਲ ਨੂੰ ਵਿੱਤੀ ਤੇ ਫੌਜੀ ਸਹਾਇਤਾ ਦੇ ਰਹੀਆਂ ਹਨ। ਇਹ ਜੰਗਬਾਜ਼ ਪੱਛਮੀ ਤਾਕਤਾਂ ਆਪਣੇ ਦੇਸ਼ ਦੇ ਲੋਕਾਂ ਦੀ ਸਿੱਖਿਆ, ਸਿਹਤ ਤੇ ਹੋਰ ਜਨਤਕ ਸੇਵਾਵਾਂ ਉੱਤੇ ਖਰਚੇ ਜਾਂਦੇ ਬਜਟ `ਤੇ ਕੱਟ ਲਾ ਕੇ ਹਥਿਆਰਾਂ ਦੇ ਨਿਰਮਾਣ ਉੱਤੇ ਖਰਚੇ ਵਧਾ ਰਹੀਆਂ ਹਨ। ਇਸ ਤਰ੍ਹਾਂ ਇਹ ਸਾਮਰਾਜੀ ਤਾਕਤਾਂ ਸੰਸਾਰ ਨੂੰ ਜੰਗ, ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਵਾਤਾਵਰਨ ਤਬਾਹੀ, ਕਰਜ਼ ਆਦਿ ਵੱਲ ਧੱਕ ਰਹੀਆਂ ਹਨ।
ਸੰਸਾਰ ਭਰ ਦੇ ਇਨਸਾਫਪਸੰਦ ਲੋਕ ਫਲਸਤੀਨ ਦੀ ਨਸਲਕੁਸ਼ੀ ਤੇ ਜੰਗੀ ਤਬਾਹੀ ਵਿਰੁੱਧ ਲਾਮਬੰਦ ਹੋ ਕੇ ਜੰਗਬਾਜ਼ ਤਾਕਤਾਂ ਦਾ ਵਿਰੋਧ ਕਰ ਰਹੇ ਹਨ। ਫਲਸਤੀਨ ਦੇ ਹੱਕ ਵਿੱਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਸ਼ਾਨਦਾਰ ਵਿਦਿਆਰਥੀ ਸੰਘਰਸ਼ ਅੱਜ ਅਮਰੀਕਾ ਦੀਆਂ 100 ਤੋਂ ਵੱਧ ਯੂਨੀਵਰਸਿਟੀਆਂ ਤੇ ਹੋਰ ਅਕਾਦਮਿਕ ਸੰਸਥਾਵਾਂ ਤੱਕ ਫੈਲ ਚੁੱਕਾ ਹੈ। ਇਸ ਵਿਦਿਆਰਥੀ ਸੰਘਰਸ਼ ਦਾ ਪ੍ਰਭਾਵ ਸੰਸਾਰ ਦੇ ਹਰ ਕੋਨੇ ਵਿੱਚ ਪੈ ਰਿਹਾ ਹੈ। ਦੁਨੀਆ ਭਰ ਦੇ ਵਿਦਿਆਰਥੀਆਂ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਫਲਸਤੀਨੀ ਨੌਜਵਾਨਾਂ, ਵਿਦਿਆਰਥੀਆਂ ਦੇ ਸਿੱਖਿਆ ਤੇ ਜਿਊਣ ਦੇ ਬੁਨਿਆਦੀ ਹੱਕ ਦੀ ਰਾਖੀ ਲਈ ਜੰਗ ਖਿਲਾਫ ਸੰਘਰਸ਼ ਕਰਕੇ ਕੌਮਾਂਤਰੀ ਵਿਦਿਆਰਥੀ ਏਕਤਾ ਦਾ ਸਬੂਤ ਦੇਣ। ਕੌਮਾਂਤਰੀ ਭਾਈਚਾਰੇ ਨੂੰ ਵੀ ਫਲਸਤੀਨ ਵਿੱਚ ਹੋ ਰਹੀ ਨਸਲਕੁਸ਼ੀ ਤੇ ਤਬਾਹੀ ਖਿਲਾਫ ਸੰਘਰਸ਼ ਕਰ ਕੇ ਉੱਚ ਮਾਨਵੀ ਨੈਤਿਕਤਾ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਗਾਜ਼ਾ ਦੇ ਬੱਚੇ ਤੇ ਵਿਦਿਆਰਥੀ ਕੁੱਲ ਸੰਸਾਰ ਦਾ ਸਾਂਝਾ ਸਰਮਾਇਆ ਹਨ।
ਸੰਪਰਕ: +1-438-924-2052