ਪਿੰਡ ਦੀ ਸਰਦਾਰੀ ਦਾ ਪ੍ਰਤੀਕ ਦਰਵਾਜ਼ਾ
ਜਸਵਿੰਦਰ ਸਿੰਘ ਰੁਪਾਲ
ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਜੇ ਕੋਈ ਕਿਸੇ ਵੀ ਪਿੰਡ ਵਿੱਚ ਜਾਂਦਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਪਿੰਡ ਦੇ ਵੱਡੇ ਦਰਵਾਜ਼ੇ ਦੇ ਦਰਸ਼ਨ ਹੁੰਦੇ। ਇਸ ਦਰਵਾਜ਼ੇ ਵਿੱਚ ਬੈਠੇ ਬਜ਼ੁਰਗ ਵਾਹ ਲੱਗਦੀ ਉਸ ਨੂੰ ਪਹਿਚਾਣ ਹੀ ਲੈਂਦੇ। ਜੇ ਨਾ ਪਹਿਚਾਣ ਹੁੰਦੀ ਤਾਂ ਬਹੁਤ ਪਿਆਰ ਨਾਲ ਪੁੱਛਦੇ ਕਿ ਉਸ ਨੇ ਕਿਸ ਦੇ ਘਰ ਜਾਣਾ ਹੈ। ਉਸ ਦਾ ਸਵਾਗਤ ਵੀ ਕਰਦੇ ਅਤੇ ਰਾਜੀ ਖੁਸ਼ੀ ਪੁੱਛ ਕੇ ਨਵਾਂ ਹੋਣ ਦੀ ਸੂਰਤ ਵਿੱਚ ਆਪ ਉਸ ਦੇ ਘਰ ਛੱਡ ਕੇ ਆਉਂਦੇ।
ਹਰ ਪਿੰਡ ਵਿੱਚ ਬਣਿਆ ਇਹ ਦਰਵਾਜ਼ਾ ਪਿੰਡ ਦੀ ਸ਼ਾਨ ਅਤੇ ਸਰਦਾਰੀ ਦਾ ਪ੍ਰਤੀਕ ਹੁੰਦਾ ਸੀ। ਪਿੰਡ ਨੇ ਰਲ਼-ਮਿਲ਼ ਕੇ ਇਸ ਨੂੰ ਬਣਾਇਆ ਹੁੰਦਾ ਸੀ। ਇਸ ਦਰਵਾਜ਼ੇ ਵਿੱਚ ਹਰ ਜਾਤ, ਹਰ ਧਰਮ ਦੇ ਬਜ਼ੁਰਗ, ਨੌਜਵਾਨ ਅਤੇ ਅਧੇੜ ਉਮਰ ਦੇ ਲੋਕ ਜੁੜ ਬੈਠਦੇ ਅਤੇ ਸੰਸਾਰ ਭਰ ਦੇ ਮਸਲਿਆਂ ’ਤੇ ਤਿੱਖੀ ਵਿਚਾਰ ਹੁੰਦੀ। ਪਿੰਡ ਦੇ ਸਾਂਝੇ ਫੈਸਲੇ ਵੀ ਹੁੰਦੇ। ਜਿੱਥੇ ਇਹ ਦੂਰੋਂ ਨੇੜਿਓਂ ਲੰਘਦੇ ਰਾਹਗੀਰਾਂ ਲਈ ਠਹਿਰ ਸੀ, ਉੱਥੇ ਧੁੱਪ ਅਤੇ ਮੀਂਹ ਤੋਂ ਵੀ ਬਚਾਅ ਕਰਦਾ ਸੀ। ਇੱਕ ਸਮਾਂ ਸੀ ਜਦੋਂ ਪਿੰਡ ਵਿੱਚ ਇਹ ਦਰਵਾਜ਼ਾ ਹੋਣਾ ਬਹੁਤ ਜ਼ਰੂਰੀ ਸੀ। ਪਿੰਡ ਦੀ ਸ਼ਾਨ ਅਤੇ ਸਰਦਾਰੀ ਦਾ ਪ੍ਰਤੀਕ ਹੋਣ ਦੇ ਨਾਲ ਨਾਲ ਪਿੰਡ ਦੀ ਆਰਥਿਕ ਖੁਸ਼ਹਾਲੀ ਅਤੇ ਸਾਂਝ ਨੂੰ ਵੀ ਦਰਸਾਉਂਦਾ ਸੀ। ਤਦੇ ਤਾਂ ਦਰਵਾਜ਼ਾ ਨਾ ਹੋਣ ਦਾ ਨਿਹੋਰਾ ਸਾਡੇ ਲੋਕ ਸਾਹਿਤ ਨੇ ਸੰਭਾਲਿਆ ਹੋਇਆ ਹੈ:
ਤੂੰ ਕਾਹਦਾ ਲੰਬੜਦਾਰ ਵੇ ਦਰਵਾਜ਼ਾ ਹੈ ਨਹੀਂ।
ਬੈਠੇ ਕੌਲੇ ਨਾਲ ਵੇ ਦਰਵਾਜ਼ਾ ਹੈ ਨਹੀਂ।
ਦੂਸਰੀ ਪੰਕਤੀ ਖ਼ਾਸ ਧਿਆਨ ਮੰਗਦੀ ਹੈ। ਦਰਵਾਜ਼ਾ ਨਾ ਹੋਣ ’ਤੇ ਮਰਦਾਂ ਨੂੰ ਘਰ ਹੀ ਬੈਠਣਾ ਪੈਂਦਾ ਹੋਵੇਗਾ, ਜਿਸ ਕਾਰਨ ਘਰ ਦੀਆਂ ਬਹੂਆਂ ਜਿਹੜੀਆਂ ਘੁੰਡ ਕੱਢਦੀਆਂ ਸਨ, ਉਨ੍ਹਾਂ ਨੂੰ ਸਮੱਸਿਆ ਪੇਸ਼ ਆਉਂਦੀ ਹੋਣੀ ਹੈ। ਉਂਜ ਵੀ ਬਜ਼ੁਰਗਾਂ ਦਾ ਦਰਵਾਜ਼ੇ ਬੈਠ ਕੇ ਹਮ-ਉਮਰਾਂ ਨਾਲ ਵਿਚਾਰ ਕਰਨਾ ਮਨੋਵਿਗਿਆਨਕ ਤੌਰ ’ਤੇ ਵੀ ਠੀਕ ਹੁੰਦਾ ਸੀ। ਬਣਤਰ ਦੇ ਪੱਖ ਤੋਂ ਸਾਰੇ ਦਰਵਾਜ਼ੇ ਲਗਭਗ ਇੱਕੋ ਜਿਹੇ ਹੁੰਦੇ ਸਨ। ਗੋਲਾਈ ਵਿੱਚ ਬਣੇ ਡਾਟ ਵਾਲੇ ਦੋ ਹਿੱਸੇ ਕੇਂਦਰ ਤੋਂ ਜੁੜਦੇ ਸਨ। ਅੰਦਰ ਦੋਵੇਂ ਪਾਸੇ ਬੈਠਣ ਲਈ ਉੱਚੇ ਥੜ੍ਹੇ ਬਣੇ ਹੁੰਦੇ ਸਨ ਅਤੇ ਵਿਚਕਾਰ ਦੀ ਲੰਘਣ ਵਾਲਾ ਖੁੱਲ੍ਹਾ ਰਸਤਾ ਹੁੰਦਾ ਸੀ। ਦੋ ਛੋਟੇ ਛੋਟੇ ਥੜ੍ਹੇ ਬਿਲਕੁਲ ਬਾਹਰਵਾਰ ਵੀ ਹੁੰਦੇ ਸਨ, ਜਨਿ੍ਹਾਂ ’ਤੇ ਇੱਕ ਆਦਮੀ ਬੈਠ ਸਕਦਾ ਸੀ। ਦਰਵਾਜ਼ੇ ਦੀ ਛੱਤ ਸੰਦੂਖੀ ਜਾਂ ਸਰਕੜੇ ਦੀ ਹੁੰਦੀ ਸੀ, ਪਰ ਜ਼ਮਾਨੇ ਦੀ ਤਰੱਕੀ ਨਾਲ ਇਹ ਲੈਂਟਰ ਵਿੱਚ ਤਬਦੀਲ ਹੋ ਗਈ। ਦਰਵਾਜ਼ੇ ਦੇ ਉੱਪਰ ਕਿਸੇ ਗੁਰੂ, ਭਗਤ, ਸ਼ਹੀਦ ਆਦਿ ਦੀ ਫੋਟੋ ਵੀ ਕਈ ਥਾਵਾਂ ’ਤੇ ਲੱਗੀ ਦਿਖਾਈ ਦਿੰਦੀ। ਦਰਵਾਜ਼ੇ ਨੇੜੇ ਨਲਕਾ ਵੀ ਲੱਗਿਆ ਹੁੰਦਾ ਸੀ। ਬਹੁਤੀਆਂ ਥਾਵਾਂ ’ਤੇ ਲੱਕੜ ਦੇ ਦੋ ਦਰਵਾਜ਼ੇ ਵੀ ਲੱਗੇ ਹੁੰਦੇ ਸਨ, ਜੋ ਰਾਤ ਨੂੰ ਬੰਦ ਹੋ ਕੇ ਪਿੰਡ ਦੀ ਰਖਵਾਲੀ ਵੀ ਕਰਦੇ ਸਨ। ਕਿਤੇ ਕਿਤੇ ਪਹਿਰੇ ਲੱਗਣ ਦਾ ਜ਼ਿਕਰ ਵੀ ਸੁਣਿਆ ਹੈ। ਅੱਜਕੱਲ੍ਹ ਇਹ ਲੱਕੜ ਦੇ ਦਰਵਾਜ਼ੇ ਘੱਟ ਹੀ ਨਜ਼ਰ ਆ ਰਹੇ ਹਨ। ਪਹਿਲੇ ਸਮਿਆਂ ਵਿੱਚ ਦਰਵਾਜ਼ਾ ਲਗਭਗ ਪਿੰਡ ਦੇ ਬਾਹਰ ਵਾਰ ਹੀ ਹੁੰਦਾ ਸੀ ਅਤੇ ਹਰ ਆਉਣ ਵਾਲੇ ਨੂੰ ਦਰਵਾਜ਼ਾ ਲੰਘ ਕੇ ਹੀ ਪਿੰਡ ਵਿੱਚ ਦਾਖਲ ਹੋਣਾ ਪੈਂਦਾ ਸੀ। ਇਸ ਨਾਲ ਪਿੰਡ ਦੀ ਰਖਵਾਲੀ ਵੀ ਹੁੰਦੀ ਸੀ ਅਤੇ ਕੋਈ ਅਣਜਾਣ ਅਤੇ ਓਪਰਾ ਵਿਅਕਤੀ ਇਸ ਦਰਵਾਜ਼ੇ ’ਚ ਬੈਠੇ ਬਜ਼ੁਰਗਾਂ ਦੀ ਘੋਖਵੀਂ ਨਜ਼ਰ ਤੋਂ ਬਚ ਨਹੀਂ ਸੀ ਸਕਦਾ।
ਕਈ ਪਿੰਡਾਂ ਵਿੱਚ ਦੋ ਜਾਂ ਉਸ ਤੋਂ ਵੀ ਵੱਧ ਦਰਵਾਜ਼ੇ ਹੁੰਦੇ ਸਨ। ਪਿੰਡ ਦੀ ਆਬਾਦੀ ਅਤੇ ਦਾਖਲ ਹੋਣ ਵਾਲੀਆਂ ਗਲੀਆਂ ਆਦਿ ਅਨੁਸਾਰ ਹੀ ਇਨ੍ਹਾਂ ਦੀ ਗਿਣਤੀ ਹੁੰਦੀ ਸੀ। ਇਸ ਤਰ੍ਹਾਂ ਹੀ ਇੱਕ ਪਿੰਡ ਦੇ ਨੌਂ ਦਰਵਾਜ਼ਿਆਂ ਦਾ ਜ਼ਿਕਰ ਦੇਖੋ:
ਚੱਠੇ ਚੱਠੇ ਚੱਠੇ
ਚੱਠੇ ਦੇ ਨੌਂ ਦਰਵਾਜ਼ੇ
ਨੌਂ ਦਰਵਾਜ਼ੇ ਪੱਕੇ
ਇੱਕ ਦਰਵਾਜ਼ੇ ਰਹਿੰਦੀ ਬਾਹਮਣੀ
ਲੱਪ ਲੱਪ ਸੁਰਮਾ ਘੱਤੇ
ਗੱਭਰੂਆਂ ਨੂੰ ਮਾਰੇ ਅੱਖਾਂ
ਬੁੜਿ੍ਹਆਂ ਨੂੰ ਦਿੰਦੀ ਧੱਕੇ
ਇੱਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਵੜਿਆ ਕਲਕੱਤੇ
ਝੂਠ ਨਾ ਬੋਲੀਂ ਨੀਂ
ਸੂਰਜ ਲੱਗਦਾ ਮੱਥੇ।
ਪਿੰਡ ਦੇ ਸਾਂਝੇ ਕੰਮਾਂ ਲਈ ਤਾਂ ਇਹ ਦਰਵਾਜ਼ੇ ਵਰਤੇ ਹੀ ਜਾਂਦੇ ਸਨ, ਕਦੇ ਕਦੇ ਬਰਾਤ ਦੇ ਠਹਿਰਾਅ ਲਈ ਵੀ ਵਰਤੋਂ ਹੁੰਦੀ ਸੀ। ਦਬੜੀਖਾਨਾ ਪਿੰਡ ਦਾ ਦਰਵਾਜ਼ਾ ਦੇਖਣਯੋਗ ਹੈ ਜਿੱਥੇ ਬਰਾਤ ਦੇ 100 ਆਦਮੀਆਂ ਦੇ ਠਹਿਰਨ ਦਾ ਪ੍ਰਬੰਧ ਹੈ। ਮੇਰੇ ਚਾਚਾ ਜੀ ਦੀ ਲੜਕੀ ਦੇ ਵਿਆਹ ਲਈ ਟੈਂਟ ਬਗੈਰਾ ਤਾਂ ਬਾਹਰ ਹੀ ਲਗਾਏ ਸਨ, ਪਰ ਕੁਦਰਤੀ ਇਕਦਮ ਮੀਂਹ ਆਉਣ ਕਾਰਨ ਸਭ ਕੁਝ ਇਸ ਦਰਵਾਜ਼ੇ ਵਿੱਚ ਕੀਤਾ ਅਤੇ ਉਸ ਦੇ ਆਨੰਦ ਕਾਰਜ ਵੀ ਦਰਵਾਜ਼ੇ ਵਿੱਚ ਹੀ ਹੋਏ ਸਨ।
ਦਰਵਾਜ਼ਾ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਇਹ ਤਾਂ ਪਿੰਡ ਦਾ ਧੜਕਦਾ ਸਾਂਝਾ ਦਿਲ ਸੀ। ਇੱਥੇ ਕਿਹੜਾ ਮਾਮਲਾ ਏ, ਜਿਸ ’ਤੇ ਵਿਚਾਰ ਨਾ ਹੁੰਦੀ ਹੋਵੇ। ਕਿਤੇ ਨੱਚਦੀਆਂ ਦੀ ਧਮਕ ਵੀ ਦਰਵਾਜ਼ੇ ਸੁਣਦੀ ਸੀ, ਕਿਧਰੇ ਕੋਈ ਅੱਲ੍ਹੜ ਆਪਣੇ ਮਾਹੀ ਨੂੰ ਦਰਵਾਜ਼ੇ ’ਚ ਬੈਠੇ ਨੂੰ ਤਾੜਨਾ ਚਾਹੁੰਦੀ। ਕਦੇ ਕਿਸੇ ਦੀ ਬਹਾਦਰੀ, ਹਿੰਮਤ ਅਤੇ ਕਿਸੇ ਹੁਨਰ ਦੇ ਚਰਚੇ ਵੀ ਦਰਵਾਜ਼ੇ ’ਚ ਛਿੜਦੇ ਸਨ। ਸਾਡੀਆਂ ਲੋਕ-ਬੋਲੀਆਂ ਸਾਰੇ ਭੇਦ ਖੋਲ੍ਹ ਰਹੀਆਂ ਹਨ:
* ਆ ਵੇ ਨਾਜ਼ਰਾ ਬਹਿ ਵੇ ਨਾਜ਼ਰਾ ਬੋਤਾ ਬੰਨ੍ਹ ਦਰਵਾਜ਼ੇ
ਵੇ ਬੋਤੇ ਤੇਰੇ ਨੂੰ ਭੋ ਦਾ ਟੋਕਰਾ ਤੈਨੂੰ ਦੋ ਪਰਸ਼ਾਦੇ
ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜ਼ੇ।
ਖਾਲੀ ਮੁੜ ਜਾ ਵੇ ਸਾਡੇ ਨਹੀਂ ਇਰਾਦੇ।
*ਕਣਕਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ।
ਇੱਕ ਚਿੱਤ ਕਰਦਾ ਤਬੀਤ ਬਣਾ ਦਿਆਂ
ਇੱਕ ਚਿੱਤ ਕਰਦਾ ਧਾਗਾ
ਬਨਿ ਮੁਕਲਾਈਆਂ ਨੇ
ਢਾਹ ਸੁੱਟਿਆ ਦਰਵਾਜ਼ਾ।
*ਚਿੱਟੇ ਚਿੱਟੇ ਦੰਦ
ਲਾਈਆਂ ਸੋਨੇ ਦੀਆਂ ਮੇਖਾਂ
ਬੈਠ ਵੇ ਦਰਵਾਜ਼ੇ
ਤੈਨੂੰ ਘੁੰਡ ਵਿੱਚੋਂ ਦੇਖਾਂ।
*ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਸਿੰਘਾ ਵਿੱਚ ਦਰਵਾਜ਼ੇ
ਗੱਲਾਂ ਹੋਣ ਤੇਰੀਆਂ।
ਇੱਥੇ ਹੀ ਬਸ ਨਹੀਂ। ਸਿਰਫ਼ ਗੱਲਾਂ ਹੀ ਨਹੀਂ ਹੁੰਦੀਆਂ, ਸਗੋਂ ਜੇ ਕੋਈ ਕਿਸੇ ਤਰ੍ਹਾਂ ਦੀ ਵਧੀਕੀ ਕਰਦਾ ਤਾਂ ਉਸ ਦੀ ‘ਠੇਠ ਪੰਜਾਬੀ ਵਿੱਚ ਸੇਵਾ’ ਵੀ ਇਸ ਦਰਵਾਜ਼ੇ ਵਿੱਚ ਹੋ ਜਾਂਦੀ ਸੀ, ਤਦੇ ਤਾਂ ਇਸ ਲੋਕ-ਸ਼ਕਤੀ ਦੁਆਰਾ ਇੱਕ ਠਾਣੇਦਾਰ ਨੂੰ ਦਰਵਾਜ਼ੇ ਵਿੱਚ ਕੁੱਟਣ ਦਾ ਜ਼ਿਕਰ ਬਾਖੂਬੀ ਕੀਤਾ ਗਿਆ ਹੈ:
ਤੂੰਬਾ ਆਰ ਕੁੱਟੀਦਾ ਤੂੰਬਾ ਪਾਰ ਕੁੱਟੀਦਾ।
ਲੰਬੜਦਾਰਾਂ ਦੇ ਦਰਵਾਜ਼ੇ ਠਾਣੇਦਾਰ ਕੁੱਟੀਦਾ।
ਸਾਡੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਦਰਵਾਜ਼ਿਆਂ ਦੇ ਨਾਮ ਅੱਜ ਵੀ ਮਸ਼ਹੂਰ ਹਨ ਜਿਵੇਂ ਦਿੱਲੀ ਦਰਵਾਜ਼ਾ (ਇੰਡੀਆ ਗੇਟ), ਲਾਹੌਰੀ ਦਰਵਾਜ਼ਾ, ਬਲੋਚੀ ਦਰਵਾਜ਼ਾ, ਖ਼ਜ਼ਾਨਾ ਗੇਟ, ਸੈਦਾਂ ਗੇਟ ਆਦਿ। ਇਸ ਦਰਵਾਜ਼ੇ ਨਾਲ ਛੋਟੀਆਂ ਛੋਟੀਆਂ ਰਸਮਾਂ ਵੀ ਜੁੜ ਜਾਂਦੀਆਂ ਸਨ। ਦਰਵਾਜ਼ੇ ਦੇ ਬਾਹਰਲੇ ਪਾਸੇ ਬਣੇ ਛੋਟੇ ਛੋਟੇ ਥੜਿ੍ਹਆਂ ’ਤੇ ਦੀਵਾਲੀ ਵਾਲੇ ਦਿਨ ਦੀਵੇ ਵੀ ਜਗਾਏ ਜਾਂਦੇ ਸਨ। ਪਿੰਡ ਵਿੱਚ ਹਰ ਲੜਕੇ ਨੇ ਵਿਆਹ ਸਮੇਂ ਇਨ੍ਹਾਂ ਥੜਿ੍ਹਆਂ ’ਤੇ ਲੱਡੂ ਰੱਖ ਕੇ ਮੱਥਾ ਵੀ ਟੇਕਣਾ ਹੁੰਦਾ ਸੀ ਜੋ ਪਿੰਡ ਨਾਲ ਸਹਿਚਾਰਤਾ ਬਣਾਈ ਰੱਖਣ ਦਾ ਸੰਕਲਪ ਸੀ। ਪਿੰਡ ਵਿੱਚ ਜਦੋਂ ਲੋਹੜੀ ਮਨਾਈ ਜਾਂਦੀ ਤਾਂ ਮੰਗ ਕੇ ਲਿਆਂਦੀ ਹੋਈ ਲੋਹੜੀ ਦਰਵਾਜ਼ੇ ਆ ਕੇ ਵੰਡੀ ਜਾਂਦੀ ਸੀ। ਇੱਕ ਵੱਡਾ ਰੋਟ ਦਰਵਾਜ਼ੇ ਵਿੱਚ ਲਗਾਇਆ ਜਾਂਦਾ, ਜਿਸ ਨੂੰ ਸਾਰੇ ਮਿਲ ਕੇ ਖਾਂਦੇ। ਪਸ਼ੂਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਹੋਣ ’ਤੇ ਪਸ਼ੂਆਂ ਦਾ ਟੂਣਾ ਕੀਤਾ ਜਾਂਦਾ। ਇਸ ਦਿਨ ਪਿੰਡ ਦਾ ਕੋਈ ਵਿਅਕਤੀ ਨਾ ਪਿੰਡ ਤੋਂ ਬਾਹਰ ਜਾ ਸਕਦਾ ਸੀ ਅਤੇ ਨਾ ਹੀ ਬਾਹਰਲੇ ਪਿੰਡ ਦਾ ਕੋਈ ਵਿਅਕਤੀ ਪਿੰਡ ਵਿੱਚ ਆ ਸਕਦਾ ਸੀ। ਸਾਰੀਆਂ ਗਲੀਆਂ ਅਤੇ ਦਰਵਾਜ਼ੇ ਨੂੰ ਗੋਬਰ ਨਾਲ ਲਿੱਪਿਆ ਜਾਂਦਾ। ਸਾਰੇ ਪਸ਼ੂ ਇੱਕ ਕਤਾਰ ਵਿੱਚ ਇਸ ਦਰਵਾਜ਼ੇ ਵਿੱਚੋਂ ਲੰਘਾਏ ਜਾਂਦੇ ਅਤੇ ਲੰਘਦੇ ਹੋਏ ਪਸ਼ੂਆਂ ਤੋਂ ਗੁੱਗਲ ਦੀ ਧੂਫ ਦਿੱਤੀ ਜਾਂਦੀ। ਇਸ ਨੂੰ ਵਹਿਮ ਆਖੋ, ਪਾਖੰਡ ਆਖੋ ਜਾਂ ਅੰਧ-ਵਿਸ਼ਵਾਸ, ਕੋਈ ਫਰਕ ਨਹੀਂ ਪੈਂਦਾ, ਪਰ ਇਸ ਪਿੱਛੇ ਜੋ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਕੰਮ ਕਰਦੀ ਸੀ, ਉਸ ਨੂੰ ਕਿੱਥੋਂ ਲਿਆਈਏ। ਪਦਾਰਥਵਾਦ ਤੇ ਨਿੱਜਵਾਦ ਦੀ ਹਨੇਰੀ ਨੇ ਸਾਂਝ ਦੇ ਪ੍ਰਤੀਕ ਅਤੇ ਲੋਕ-ਸ਼ਕਤੀ ਦੇ ਮਹਾਨ ਥੰਮ੍ਹ ਇਸ ਦਰਵਾਜ਼ੇ ਦੀ ਮਹੱਤਤਾ ਨੂੰ ਬਹੁਤ ਘਟਾ ਦਿੱਤਾ ਹੈ। ਲੱਗਦਾ ਨਹੀਂ ਕਿ ਹੁਣ ਵੀ ਕਿਸੇ ਪਿੰਡ ਵਿੱਚ ਨਵਾਂ ਦਰਵਾਜ਼ਾ ਬਣਾਇਆ ਜਾ ਰਿਹਾ ਹੋਵੇ।