ਭਬਾਤ ਵਾਸੀਆਂ ’ਤੇ ਲਟਕੀ ਉਜਾੜੇ ਦੀ ਤਲਵਾਰ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 23 ਜੂਨ
ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਘੇਰੇ ਵਿੱਚ ਹਾਈ ਕੋਰਟ ਦੇ ਹੁਕਮਾਂ ‘ਤੇ ਉਸਾਰੀਆਂ ਨੂੰ ਤੋੜਨ ਤੋਂ ਪਿੰਡ ਭਬਾਤ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਲੰਘੇ ਦਿਨੀਂ 100 ਮੀਟਰ ਦੇ ਘੇਰੇ ਵਿੱਚ ਆਉਣ ਵਾਲੀ ਪ੍ਰਾਪਰਟੀਆਂ ਦੀ ਨੰਬਰਿੰਗ ਕਰ ਦਿੱਤੀ ਗਈ ਹੈ। ਇਸ ਮਗਰੋਂ ਪਿੰਡ ਵਾਸੀਆਂ ‘ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਡੀਸੀ ਮੁਹਾਲੀ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਇਸ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ।
ਭਬਾਤ ਵਾਸੀ ਜਗਦੇਵ ਸਿੰਘ, ਅਮਰ ਸਿੰਘ, ਯੋਗੀ ਯੂਥ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਭਬਾਤ ਜ਼ਿਲ੍ਹਾ ਮੁਹਾਲੀ ਦਾ ਸਭ ਤੋਂ ਵੱਡਾ ਪਿੰਡ ਹੈ। 1963-64 ਵਿੱਚ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਬਣਾਉਣ ਲਈ ਪਿੰਡ ਭਬਾਤ ਦੀ ਕੀਮਤੀ ਜ਼ਮੀਨ ਉਸ ਸਮੇਂ ਸਿਰਫ਼ ਚਾਰ ਤੋਂ ਪੰਜ ਹਜ਼ਾਰ ਰੁਪਏ ਏਕੜ ਦੇ ਹਿਸਾਬ ਨਾਲ ਪਿੰਡ ਵਾਸੀਆਂ ਤੋਂ ਜਬਰੀ ਐਕੁਆਇਰ ਕੀਤੀ ਗਈ ਸੀ। ਉਸ ਉਜਾੜੇ ਦੇ ਜ਼ਖ਼ਮ ਹਾਲੇ ਭਰੇ ਨਹੀਂ ਸਨ ਕਿ ਹੁਣ ਮੁੜ ਤੋਂ ਪਿੰਡ ਦੇ ਵੱਡੇ ਹਿੱਸੇ ‘ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2001 ਵਿੱਚ ਪਿੰਡ ਭਬਾਤ ਦੇ ਨਗਰ ਕੌਂਸਲ ਵਿੱਚ ਸ਼ਾਮਲ ਹੋਣ ‘ਤੇ ਹਵਾਈ ਅੱਡੇ ਦੇ 900 ਮੀਟਰ ਵਿੱਚ ਉਸਾਰੀਆਂ ਦਾ ਹੁਕਮ ਜਾਰੀ ਹੋ ਗਏ ਜੋ ਸਾਲ 2008 ਵਿੱਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਵੱਲੋਂ ਵਾਪਸ ਕਰਵਾਏ ਗਏ। ਇਸ ਮਗਰੋਂ 100 ਮੀਟਰ ਦਾ ਰੇੜਕਾ ਖੜ੍ਹਾ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਾਲ 2015 ਵਿੱਚ ਏਅਰਪੋਰਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਏਅਰਪੋਰਟ ਅਥਾਰਟੀ ਵੱਲੋਂ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ। ਇਸ ਸਬੰਧੀ ਮਈ 2023 ਵਿੱਚ ਪੰਜਾਬ ਸਰਕਾਰ ਵੱਲੋਂ ਇਸ ਉਜਾੜੇ ਸਬੰਧੀ ਕੋਰਟ ਵਿੱਚ ਇਕ ਲਿਖਤੀ ਹਲਫਨਾਮਾ ਦਾਇਰ ਕੀਤਾ ਗਿਆ ਜਿਸ ਵਿੱਚ ਉਜਾੜਾ ਹੋਣ ਵਾਲੇ ਪਰਿਵਾਰਾਂ ਦਾ ਮੁੜ ਵਸੇਬਾ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਨਾ ਤਾਂ ਮੁੜ ਵਸੇਬਾ ਅਤੇ ਮਿਲਣ ਵਾਲੇ ਮੁਆਵਜ਼ੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਜਦੋਂਕਿ ਕਾਰਵਾਈ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸਾਰੀ ਜਾਣਕਾਰੀ ਦੇਣਾ ਲਾਜ਼ਮੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੂੰ ਮੰਗ ਪੱਤਰ ਦੇ ਕੇ ਪਿੰਡ ਵਾਸੀਆਂ ਦੀ ਸਮੱਸਿਆ ਦੇ ਛੇਤੀ ਹੱਲ ਕਰਨ ਦੀ ਮੰਗ ਕੀਤੀ ਗਈ ਹੈ।