ਸਾਉਣ ’ਚ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਤਰਾਹ ਕੱਢਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 27 ਜੁਲਾਈ
ਇਲਾਕੇ ਵਿੱਚ ਮੀਂਹ ਨਾ ਪੈਣ ਕਾਰਨ ਸਾਉਣ ਵਿੱਚ ਹੀ ਭਾਦੋਂ ਵਰਗੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਤਰਾਹ ਕੱਢ ਕੇ ਰੱਖ ਦਿੱਤਾ ਹੈ। ਇਸ ਖੇਤਰ ’ਚ ਹਾੜ ਮਹੀਨੇ ਦੌਰਾਨ ਇੱਕ-ਦੋ ਵਾਰ ਕੱਪੜੇ ਭਿਓਣ ਜਿੰਨਾ ਹੀ ਮੀਂਹ ਪਿਆ। ਉਥੇ ਹੀ ਜਿਸ ਦਿਨ ਦਾ ਸਾਉਣ ਚੜ੍ਹਿਆ, ਉਸ ਦਿਨ ਤੋਂ ਬੱਦਲਵਾਈ ਹੋਣ ਕਰ ਕੇ ਦਿਨ ’ਚ ਧੁੱਪ-ਛਾਂ ਜਿਹੀ ਤਾਂ ਰਹਿੰਦੀ ਹੈ ਪਰ ਮੀਂਹ ਪੈਣ ਪੱਖੋਂ ਖੇਤਰ ਦੇ ਲੋਕਾਂ ’ਤੇ ਅਜੇ ਸਾਉਣ ਦੀ ਸਵੱਲੀ ਨਜ਼ਰ ਨਹੀਂ ਪਈ। ਹੁੰਮਸ ਕਾਰਨ ਲੋਕ ਸਵੇਰ ਤੋਂ ਹੀ ਪਸੀਨੋ-ਪਸੀਨਾ ਹੋਣ ਲੱਗ ਜਾਂਦੇ ਹਨ। ਕਿਸਾਨਾਂ ਅਤੇ ਦਾਣਾ ਮੰਡੀ ’ਚ ਕੰਮ ਕਰਦੇ ਪੱਲੇਦਾਰਾਂ, ਖੇਤ ਤੇ ਉਸਾਰੀ ਮਜ਼ਦੂਰਾਂ ਅਤੇ ਮਗਨਰੇਗਾ ਮਜ਼ਦੂਰਾਂ ਲਈ ਇਹ ਹੁੰਮਸ ਭਰੀ ਗਰਮੀ ਕਹਿਰ ਬਣੀ ਹੋਈ ਹੈ। ਦੁਪਹਿਰ ਨੂੰ ਹੁੰਮਸ ਭਰੀ ਗਰਮੀ ਦਾ ਸਿਖਰ ਹੁੰਦਾ ਹੈ। ਸੜਕਾਂ ’ਤੇ ਸੁੰਨ ਪਸਰ ਜਾਂਦੀ ਹੈ। ਬੱਚੇ ਅਤੇ ਬਜ਼ੁਰਗ ਹੁੰਮਸ ਭਰੀ ਗਰਮੀ ਕਾਰਨ ਘਰਾਂ ਤੋਂ ਬਾਹਰ ਨਿਕਲਣ ’ਚ ਸੰਕੋਚ ਕਰ ਰਹੇ ਹਨ। ਸ਼ਹਿਰ ’ਚ ਘੁੰਮਦੇ ਬੇਸਹਾਰਾ ਪਸ਼ੂ ਪਾਣੀ ਨੂੰ ਤਰਸ ਰਹੇ ਹਨ। ਵਧੀ ਹੁੰਮਸ ਕਾਰਨ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਮੰਗ ਵੱਧ ਗਈ ਹੈ। ਇਲੈਕਟ੍ਰਾਨਿਕਸ ਸ਼ੋਅਰੂਮ ਦੇ ਮਾਲਕ ਦਿਨੇਸ਼ ਜਿੰਦਲ ਨੇ ਦੱਸਿਆ ਕਿ ਇਸ ਵਾਰ ਸਾਉਣ ’ਚ ਹੀ ਭਾਦੋਂ ਮਹੀਨੇ ਵਰਗਾ ਵੱਟ ਪੈਣ ਅਤੇ ਬਿਜਲੀ ਦੇ ਪ੍ਰਤੀ ਮਹੀਨਾ 300 ਯੂਨਿਟ ਮੁਆਫ਼ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਏਸੀ ਦੀ ਮੰਗ ਵਧੀ ਹੈ। ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਕਿ ਗਰਮੀ ਕਾਰਨ ਲੋਕਾਂ ਨੂੰ ਮੂੰਹ ਸੁੱਕਣ ਅਤੇ ਦਿਲ ਘਬਰਾਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਇਨ੍ਹਾਂ ਦਿਨਾਂ ’ਚ ਲੋਕਾਂ ਨੂੰ ਨਿੰਬੂ ਜਾਂ ਸਾਦਾ ਪਾਣੀ ਭਰਪੂਰ ਮਾਤਰਾ ’ਚ ਪੀਣਾ ਚਾਹੀਦਾ ਹੈ।