For the best experience, open
https://m.punjabitribuneonline.com
on your mobile browser.
Advertisement

ਨਿਮੋਲੀ ਦੀ ਮਿਠਾਸ

07:05 AM Oct 27, 2023 IST
ਨਿਮੋਲੀ ਦੀ ਮਿਠਾਸ
Advertisement

ਪ੍ਰਿੰਸੀਪਲ ਵਿਜੈ ਕੁਮਾਰ
ਸਾਲ 2010 ‘ਚ ਲੈਕਚਰਾਰ ਤੋਂ ਪ੍ਰਿੰਸੀਪਲ ਦੀ ਤਰੱਕੀ ਹੋਈ ਤਾਂ ਇੱਕ ਸਰਕਾਰੀ ਸਕੂਲ ਵਿਚ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਲੱਗਾ। ਉਸ ਸਕੂਲ ਦੀ ਇੱਕ ਸੇਵਾਦਾਰ ਰਕਸ਼ਾ ਦੇਵੀ ਆਪਣੇ ਕੰਮ ਪ੍ਰਤੀ ਬੇਹੱਦ ਵਫ਼ਾਦਾਰ, ਇਮਾਨਦਾਰ ਤੇ ਫਰਮਾਬਰਦਾਰ ਸੀ ਪਰ ਜ਼ੁਬਾਨ ਦੀ ਨਿੰਮ ਦੀ ਨਿਮੋਲੀ ਵਰਗੀ ਕੌੜੀ ਸੀ। ਉਹ ਕੰਮ ਪ੍ਰਤੀ ਲਾਪਰਵਾਹ ਅਧਿਆਪਕ, ਅਧਿਆਪਕਾਵਾਂ ਤੇ ਸੇਵਾਦਾਰਾਂ ਨੂੰ ਟੋਕਣ ਤੋਂ ਵੀ ਗੁਰੇਜ਼ ਨਾ ਕਰਦੀ। ਇਸ ਲਈ ਸਕੂਲ ਵਿਚ ਉਸ ਦੀ ਆਲੋਚਨਾ ਵੀ ਕਾਫੀ ਹੁੰਦੀ ਪਰ ਨਾਲ ਹੀ ਉਸ ਦੇ ਮਿਹਨਤੀ ਹੋਣ ਤੋਂ ਕੋਈ ਇਨਕਾਰੀ ਵੀ ਨਹੀਂ ਸੀ। ਮੈਂ ਆਪਣੇ ਪਹਿਲੇ ਸਕੂਲ ਵਿਚ ਵੀ ਉਸ ਵਰਗੇ ਗੁਣਾਂ ਵਾਲਾ ਕੋਈ ਸੇਵਾਦਾਰ ਨਹੀਂ ਦੇਖਿਆ ਸੀ। ਜ਼ੁਬਾਨ ਦੀ ਕੌੜੀ ਹੋਣ ਦੇ ਬਾਵਜੂਦ ਸਕੂਲ ਦਾ ਸਟਾਫ ਉਸ ਦੀ ਤਾਰੀਫ ਕਰਦਾ ਸੀ। ਮੇਰੇ ਮਨ ਵਿਚ ਵੀ ਉਸ ਨੇ ਵਿਸ਼ੇਸ਼ ਥਾਂ ਬਣਾ ਲਈ ਸੀ।
ਇੱਕ ਦਿਨ ਸਕੂਲ ਦੀ ਵਾਈਸ ਪ੍ਰਿੰਸੀਪਲ ਦਫਤਰ ਵਿਚ ਆ ਕੇ ਕਹਿਣ ਲੱਗੀ, “ਸਰ, ਤੁਸੀਂ ਜਿਸ ਦਿਨ ਦੇ ਆਏ ਹੋ, ਰਕਸ਼ਾ ਨੂੰ ਜਿ਼ਆਦਾ ਖੁੱਲ੍ਹ ਮਿਲ ਗਈ ਹੈ। ਸਟਾਫ ਨਾਲ ਇਹਦਾ ਵਤੀਰਾ ਪਹਿਲਾਂ ਵੀ ਠੀਕ ਨਹੀਂ ਸੀ ਪਰ ਹੁਣ ਕੁਝ ਜਿ਼ਆਦਾ ਹੀ ਬੋਲਣ ਲੱਗ ਪਈ ਹੈ।”
“ਰਕਸ਼ਾ ਮਿਹਨਤੀ ਔਰਤ ਹੈ, ਇਹ ਚਾਹੁੰਦੀ ਹੈ ਕਿ ਬਾਕੀ ਲੋਕ ਵੀ ਉਸ ਵਾਂਗ ਕੰਮ ਕਰਨ, ਇਸ ਲਈ ਕੌੜਾ ਬੋਲਦੀ ਹੈ।”
“ਸਰ, ਮੈਂ ਮੰਨਦੀ ਹਾਂ ਕਿ ਉਹ ਇਮਾਨਦਾਰ ਹੈ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਸਟਾਫ ਨੂੰ ਮੰਦਾ ਚੰਗਾ ਬੋਲੇ। ਮੈਂ ਹੁਣ ਤੁਹਾਡੇ ਧਿਆਨ ਵਿਚ ਲਿਆ ਦਿੱਤੈ, ਫੇਰ ਨਾ ਕਿਹੋ, ਕੱਲ੍ਹ ਨੂੰ ਸਾਰਾ ਸਟਾਫ ਤੁਹਾਡੇ ਦਫਫਤਰ ਵਿਚ ਆ ਬੈਠਾ।”
ਪਤਾ ਸੀ, ਸਟਾਫ ਬਾਤ ਦਾ ਬਤੰਗੜ ਬਣਾ ਰਿਹਾ ਸੀ ਪਰ ਮੈਂ ਰਕਸ਼ਾ ਨੂੰ ਸਮੇਂ ਸਮੇਂ ਆਗਾਹ ਕਰ ਕੇ ਸੁਭਾਅ ਵਿਚ ਤਬਦੀਲੀ ਲਿਆਉਣ ਦਾ ਯਤਨ ਕਰਦਾ ਰਿਹਾ; ਫਿਰ ਵੀ ਕਦੇ ਨਾ ਕਦੇ ਸਟਾਫ ਵੱਲੋਂ ਉਸ ਦੀ ਸਿ਼ਕਾਇਤ ਆ ਜਾਂਦੀ। ਇੱਕ ਦਿਨ ਦੁਪਹਿਰ ਦੇ ਦੋ ਵੱਜੇ ਸਨ ਕਿ ਚੰਡੀਗੜ੍ਹ ਡੀਪੀਆਈ ਦਫ਼ਤਰ ਤੋਂ ਫੋਨ ਆ ਗਿਆ। ਸਕੂਲ ਦੇ ਇੱਕ ਰਿਕਾਰਡ ਦੀ ਕਾਪੀ ਮੰਗੀ ਗਈ ਸੀ। ਸਵੇਰੇ ਅਦਾਲਤ ਵਿਚ ਪੇਸ਼ੀ ਸੀ। ਸਕੂਲ ਦਾ ਕਲਰਕ ਛੁੱਟੀ ’ਤੇ ਸੀ। ਸਮਾਂ ਜਿ਼ਆਦਾ ਹੋਣ ਕਰ ਕੇ ਸਾਰਿਆਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਣ ਤੋਂ ਪੱਲਾ ਝਾੜ ਦਿੱਤਾ। ਅਦਾਲਤ ਦਾ ਕੰਮ ਹੋਣ ਕਰ ਕੇ ਅਖ਼ੀਰ ਚੰਡੀਗੜ੍ਹ ਮੈਨੂੰ ਹੀ ਜਾਣਾ ਪੈਣਾ ਸੀ। ਜਾਣ ਤੋਂ ਪਹਿਲਾਂ ਘਰੇ ਫੋਨ ਕਰ ਰਿਹਾ ਸੀ ਕਿ ਦਫ਼ਤਰ ਦੇ ਬਾਹਰ ਬੈਠੀ ਰਕਸ਼ਾ ਦੇਵੀ ਨੇ ਮੇਰੀ ਗੱਲ ਸੁਣ ਲਈ। ਉਹ ਆਣ ਕੇ ਕਹਿਣ ਲੱਗੀ, “ਸਰ, ਜਿਹੜਾ ਕਾਗ਼ਜ਼ ਚੰਡੀਗੜ੍ਹ ਦੇਣਾ ਹੈ, ਮੈਨੂੰ ਦਿਓ, ਮੈਂ ਦੇ ਆਵਾਂਗੀ।” ਉਸ ਦੇ ਸ਼ਬਦਾਂ ਨੇ ਦੁਚਿਤੀ ਵਿਚ ਪਾ ਦਿੱਤਾ। ਜ਼ਨਾਨੀ ਤੇ ਸਮਾਂ ਜਿ਼ਆਦਾ ਹੋਣ ਕਰ ਕੇ ਮੈਂ ਉਹਨੂੰ ਚੰਡੀਗੜ੍ਹ ਭੇਜਣ ਲਈ ਤਿਆਰ ਨਹੀਂ ਸੀ ਪਰ ਉਹਨੇ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਝੱਟ ਕਾਗ਼ਜ਼ ਲੈ ਕੇ ਚੰਡੀਗੜ੍ਹ ਰਵਾਨਾ ਹੋ ਗਈ।
ਚੰਡੀਗੜ੍ਹ ਪੁੱਜ ਕੇ ਉਹਨੇ ਸਬੰਧਿਤ ਸ਼ਖ਼ਸ ਨੂੰ ਉਹ ਕਾਗ਼ਜ਼ ਫੜਾਏ ਅਤੇ ਉਸ ਤੋਂ ਮੈਨੂੰ ਫੋਨ ਵੀ ਕਰਵਾ ਦਿੱਤਾ, ਉਸ ਤੋਂ ਰਸੀਦ ਵੀ ਲੈ ਲਈ। ਦੂਜੇ ਦਿਨ ਦਫ਼ਤਰ ਆਣ ਕੇ ਕਹਿਣ ਲੱਗੀ, “ਇਸ ਨੌਕਰੀ ਤੋਂ ਸਾਡਾ ਪਰਿਵਾਰ ਚੱਲਦਾ। ਅਸੀਂ ਤਾਂ ਸਰਕਾਰ ਦੇ ਚੌਬੀ ਘੈਂਟੇ ਦੇ ਮੁਲਾਜ਼ਮ ਹਾਂ। ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ?”
ਇਹ ਕਹਿ ਕੇ ਉਹ ਦਫ਼ਤਰ ਵਿਚੋਂ ਚਲੀ ਗਈ ਪਰ ਮੈਨੂੰ ਆਪਣੀ ਮਾਂ ਦੇ ਕਹੇ ਸ਼ਬਦ ਕਿ ‘ਮੂੰਹ ਦੇ ਨਿਮੋਲੀ ਵਰਗੇ ਕੌੜੇ ਲੋਕ ਮਨ ਦੇ ਚੰਗੇ ਹੁੰਦੇ ਹਨ’, ਯਾਦ ਆ ਗਏ। ਖ਼ੈਰ! ਉਸ ਦਿਨ ਤੋਂ ਸਟਾਫ ਨੇ ਉਸ ਬਾਰੇ ਸਿ਼ਕਾਇਤ ਕਰਨੀ ਘੱਟ ਕਰ ਦਿੱਤੀ; ਅਖੇ- ਹੁਣ ਮੈਂ ਉਨ੍ਹਾਂ ਦੀ ਗੱਲ ਘੱਟ ਹੀ ਸੁਣਨੀ ਹੈ।
ਸਮਾਂ ਲੰਘਦਾ ਗਿਆ। ਰਕਸ਼ਾ ਦੀ ਸੇਵਾ ਮੁਕਤੀ ਨੂੰ ਦੋ ਮਹੀਨੇ ਰਹਿ ਗਏ ਸਨ। ਉਸ ਦੀ ਕਾਫੀ ਮੈਡੀਕਲ ਛੁੱਟੀ ਪਈ ਸੀ। ਇੱਕ ਦਿਨ ਕਲਰਕ ਨੇ ਉਹਨੂੰ ਕਿਹਾ, “ਰਕਸ਼ਾ, ਤੇਰੀ ਸੇਵਾ ਮੁਕਤੀ ਆ ਗਈ ਆ, ਮੈਡੀਕਲ ਛੁੱਟੀ ਪਈ ਹੈ, ਤੇਰੇ ਬਗੈਰ ਵੀ ਸਕੂਲ ਚੱਲਦਾ ਰਹੇਗਾ, ਹੁਣ ਤੂੰ ਘਰ ਬੈਠ ਕੇ ਆਰਾਮ ਕਰ।” ਰਕਸ਼ਾ ਨੇ ਜਵਾਬ ਨੇ ਉਸ ਨੂੰ ਨਿਰਉੱਤਰ ਕਰ ਦਿੱਤਾ, “ਬਾਬੂ ਜੀ, ਮੈਡੀਕਲ ਛੁੱਟੀ ਬਿਮਾਰੀ ਲਈ ਹੁੰਦੀ, ਜਦ ਮੈਂ ਬਿਮਾਰ ਹੋਈ ਹੀ ਨਹੀਂ, ਫੇਰ ਮੈਡੀਕਲ ਛੁੱਟੀ ਕਿਉਂ ਲਵਾਂ?... ਤਾਂ ਕੀ ਹੋਇਆ ਜੇ ਛੁੱਟੀ ਬਚ ਵੀ ਗਈ! ਸਾਰੀ ਉਮਰ ਸਰਕਾਰ ਦੀ ਰੋਟੀ ਖਾਧੀ ਆ।”
ਦੀਵਾਲੀ ਦਾ ਤਿਉਹਾਰ ਸੀ। ਸਕੂਲ ਦਾ ਚੌਕੀਦਾਰ ਛੁੱਟੀ ’ਤੇ ਸੀ। ਸਕੂਲ ਸੁੰਨਾ ਨਹੀਂ ਸੀ ਛੱਡਿਆ ਜਾ ਸਕਦਾ। ਦੂਜੇ ਸੇਵਾਦਾਰ ਦੀਵਾਲੀ ਦੇ ਤਿਉਹਾਰ ਕਰ ਕੇ ਰਾਤ ਦੀ ਡਿਊਟੀ ਦੇਣ ਤੋਂ ਕੰਨੀ ਕਤਰਾ ਰਹੇ ਸਨ। ਕਿਸੇ ਨੂੰ ਡਿਊਟੀ ਦੇਣ ਲਈ ਮਜਬੂਰ ਵੀ ਨਹੀਂ ਸੀ ਕੀਤਾ ਜਾ ਸਕਦਾ। ਮੈਂ ਮਨ ਬਣਾ ਲਿਆ ਸੀ ਕਿ ਜੇ ਕੋਈ ਗੱਲ ਨਾ ਬਣੀ ਤਾਂ ਮੈਂ ਹੀ ਸਕੂਲ ’ਚ ਸੌ ਜਾਵਾਂਗਾ। ਰਕਸ਼ਾ ਨੂੰ ਪਤਾ ਲੱਗਾ ਕਿ ਕੋਈ ਵੀ ਰਾਤ ਦੀ ਡਿਊਟੀ ਦੇਣ ਲਈ ਤਿਆਰ ਨਹੀਂ, ਉਹ ਛੁੱਟੀ ਤੋਂ ਪਹਿਲਾਂ ਆ ਕੇ ਕਹਿਣ ਲੱਗੀ, “ਤੁਸੀਂ ਬੇਫਿ਼ਕਰ ਹੋ ਕੇ ਘਰ ਜਾਓ ਜੀ, ਰਾਤ ਦੀ ਡਿਊਟੀ ਮੇਰਾ ਪੁੱਤ ਦੇਵੇਗਾ।”
“ਇਹ ਸਕੂਲ ਤੇਰੀ ਇਸੇ ਵਫ਼ਾਦਾਰੀ ਨੂੰ ਸਲਾਮ ਕਰਦਾ ਹੈ।”
ਮੇਰੀਆਂ ਗੱਲਾਂ ਸੁਣ ਕੇ ਸਕੂਲ ਦਾ ਦੂਜਾ ਸੇਵਾਦਾਰ ਰਾਤ ਦੀ ਡਿਊਟੀ ਲਈ ਤਿਆਰ ਹੋ ਗਿਆ।
ਰਕਸ਼ਾ ਦੇਵੀ ਦੀ ਸੇਵਾ ਮੁਕਤੀ ਦਾ ਦਿਨ ਆ ਗਿਆ। ਨਿੰਮ ਦੀ ਨਿਮੋਲੀ ਕਹਿਣ ਵਾਲਾ ਸਟਾਫ ਰਕਸ਼ਾ ਦੇਵੀ ਦੀ ਸਕੂਲ ਦੀ ਵਿਦਾਇਗੀ ਨੂੰ ਲੈ ਕੇ ਭਾਵੁਕ ਹੋ ਰਿਹਾ ਸੀ। ਹਰ ਇੱਕ ਨੇ ਉਹਨੂੰ ਇਹ ਕਿਹਾ, “ਸਕੂਲ ਨੂੰ ਤੇਰੀ ਬਹੁਤ ਦੇਣ ਹੈ। ਜਿਸ ਵਾਈਸ ਪ੍ਰਿੰਸੀਪਲ ਨੇ ਸਟਾਫ ਪ੍ਰਤੀ ਉਹਦੇ ਵਤੀਰੇ ਨੂੰ ਮਾੜਾ ਕਿਹਾ ਸੀ, ਉਸ ਮੈਡਮ ਨੇ ਮੈਨੂੰ ਕਿਹਾ, “ਸਰ, ਰਕਸ਼ਾ ਵਰਗੀ ਮਿਹਨਤੀ ਕਰਮਚਾਰੀ ਸਕੂਲ ਨੂੰ ਸ਼ਾਇਦ ਹੀ ਮਿਲੇ!”
ਇਹ ਸ਼ਬਦ ਸੁਣ ਕੇ ਮਾਂ ਦੇ ਨਿਮੋਲੀ ਵਾਲੇ ਸ਼ਬਦ ਫਿਰ ਯਾਦ ਆ ਗਏ ਸਨ।
ਸੰਪਰਕ: 98726-27136

Advertisement

Advertisement
Advertisement
Author Image

Advertisement