ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਚੁਣੇ ਸਰਪੰਚਾਂ ਦਾ ਹਲਫ਼ਦਾਰੀ ਸਮਾਗਮ ਅੱਜ

07:00 AM Nov 08, 2024 IST
ਸੂਬਾ ਪੱਧਰੀ ਸਮਾਗਮ ਲਈ ਤਿਆਰ ਕੀਤੀ ਗਈ ਸਟੇਜ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਪਿੰਡ ਧਨਾਨਸੂ ਦੀ ਸਾਈਕਲ ਵੈਲੀ ਵਿੱਚ ਰਾਜ ਪੱਧਰੀ ਹਲਫ਼ਦਾਰੀ ਸਮਾਗਮ ਦੌਰਾਨ ਸੂਬੇ ਦੇ ਨਵੇਂ ਚੁਣੇ 10,031 ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਸਮਾਗਮ ਵਿਚ ਸਰਬਸੰਮਤੀ ਨਾਲ ਚੁਣੇ 3,037 ਸਰਪੰਚ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਪਹਿਲਾਂ ਕੀਤੇ ਐਲਾਨ ਮੁਤਾਬਕ ਪ੍ਰਤੀ ਪੰਚਾਇਤ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਬਾਅਦ ਵਿਚ ਜਾਰੀ ਕਰੇਗੀ। ਜ਼ਿਲ੍ਹਾ ਫ਼ਿਰੋਜ਼ਪੁਰ ਸਰਬਸੰਮਤੀ ਵਿਚ ਮੋਹਰੀ ਰਿਹਾ ਹੈ ਜਿੱਥੇ 336 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣਗੇ। ਸਮਾਗਮਾਂ ਵਿਚ ਸਰਪੰਚਾਂ ਦੇ ਬੈਠਣ ਲਈ ਪੰਜ ਬਲਾਕ ਬਣਾਏ ਗਏ ਹਨ ਅਤੇ ਸੱਦਾ ਪੱਤਰ ਨਾਲ ਇਨ੍ਹਾਂ ਸਰਪੰਚਾਂ ਦੀ ਪੰਡਾਲ ਵਿਚ ਐਂਟਰੀ ਹੋਵੇਗੀ ਜਦੋਂ ਕਿ ਆਮ ਪਬਲਿਕ ਵਾਸਤੇ ਵੱਖਰੇ ਪੰਡਾਲ ਬਣਾਏ ਗਏ ਹਨ। ਰਾਜ ਪੱਧਰੀ ਸਮਾਗਮ ਦੌਰਾਨ ਹਾਲੀਆ ਪੰਚਾਇਤੀ ਚੋਣਾਂ ਵਿੱਚ ਸੂਬੇ ਭਰ ਦੇ 23 ਜ਼ਿਲ੍ਹਿਆਂ ਵਿੱਚ ਨਵੀਆਂ ਚੁਣੀਆਂ 13,147 ਗਰਾਮ ਪੰਚਾਇਤਾਂ ਵਿੱਚੋਂ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਅਹੁਦੇ ਦਾ ਹਲਫ਼ ਦਿਵਾਇਆ ਜਾਵੇਗਾ। ਬਾਕੀ ਚਾਰ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਗੁਰਦਾਸਪੁਰ ਦੇ ਸਰਪੰਚਾਂ ਅਤੇ 23 ਜ਼ਿਲ੍ਹਿਆਂ ਦੇ 81,808 ਨਵੇਂ ਚੁਣੇ ਪੰਚਾਂ ਨੂੰ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਸੂਬਾ ਸਰਕਾਰ ਨੇ ਪਿੰਡਾਂ ਦੀ ਧੜੇਬੰਦੀ ਨਾਲ ਪੈਦਾ ਹੁੰਦੇ ਕੁੜੱਤਣ ਵਾਲੇ ਮਾਹੌਲ ਨੂੰ ਖ਼ਤਮ ਕਰਨ ਵਾਸਤੇ ਉਮੀਦਵਾਰਾਂ ਲਈ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜਨ ਦੀ ਮਨਾਹੀ ਕੀਤੀ ਸੀ ਅਤੇ ਮੁੱਖ ਮੰਤਰੀ ਨੇ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਗਰਾਂਟਾਂ ਅਤੇ ਪ੍ਰੋਜੈਕਟ ਦੇਣ ਦੀ ਗੱਲ ਆਖੀ ਸੀ। ਸਮਾਗਮ ਲਈ ਵਾਟਰ ਪਰੂਫ ਪੰਡਾਲ ਲਾਇਆ ਗਿਆ ਹੈ ਜਿਸ ਵਿੱਚ ਇੱਕ ਸਮੇਂ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਸਰਪੰਚਾਂ ਨੂੰ ਆਪਣੇ ਨਾਲ ਇੱਕ ਜਾਂ ਦੋ ਜਣਿਆਂ ਨੂੰ ਲੈ ਕੇ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਦੋ ਵੱਡੀਆਂ ਸਟੇਜਾਂ ਬਣਾਈਆਂ ਗਈਆਂ ਹਨ। 10 ਫੁੱਟ ਉੱਚੀ ਸਟੇਜ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਮੇਤ ਹੋਰ ਵੀਆਈਪੀਜ਼ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੀ ਸਟੇਜ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਬਣਾਈ ਗਈ ਹੈ। ਸਮਾਗਮ ਦੇ ਮੱਦੇਨਜ਼ਰ ਕਈ ਸੜਕਾਂ ’ਤੇ ਟਰੈਫਿਕ ਡਾਇਵਰਟ ਕੀਤਾ ਗਿਆ ਹੈ।

Advertisement

ਸਰਪੰਚਾਂ ਦੀ ਖ਼ਾਤਰਦਾਰੀ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ

ਸਰਪੰਚਾਂ ਦੀ ਖ਼ਾਤਰਦਾਰੀ ਲਈ ਵਿਸ਼ੇਸ਼ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸੂਬਾ ਸਰਕਾਰ ਨੇ ਬਜਟ ਵੀ ਜਾਰੀ ਕਰ ਦਿੱਤਾ ਹੈ। ਸਮਾਗਮ ਲਈ 35 ਏਕੜ ਵਿਚ ਪਾਰਕਿੰਗ ਤਿਆਰ ਕੀਤੀ ਗਈ ਹੈ। ਪੰਜਾਬ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਵੀ ਸਰਪੰਚਾਂ ਨਾਲ ਪੁੱਜਣ ਦੀ ਡਿਊਟੀ ਲਗਾਈ ਗਈ ਹੈ। ਕਲਾਕਾਰ ਜੀਤ ਜਗਜੀਤ ਇਸ ਮੌਕੇ ਲੋਕਾਂ ਦਾ ਮਨੋਰੰਜਨ ਕਰਨਗੇ।

Advertisement
Advertisement