ਮੁਅੱਤਲ ਥਾਣਾ ਮੁਖੀ ਨੇ ਅਧਿਕਾਰੀਆਂ ’ਤੇ ਲਾਏ ਗੰਭੀਰ ਦੋਸ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਕਤੂਬਰ
ਇਥੇ ਥਾਣਾ ਕੋਟ ਈਸੇ ਖਾਂ ’ਚ ਨਸ਼ਾ ਤਸਕਰੀ ਦੇ ਬਹੁਚਰਚਿਤ ਮਾਮਲੇ ਵਿੱਚ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਸੀਨੀਅਰ ਪੁਲੀਸ ਅਧਿਕਾਰੀਆਂ ਉੱਤੇ ਲਾਏ ਗੰਭੀਰ ਦੋਸ਼ ਲਾਉਂਦਿਆਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਤੋਂ ਬਾਅਦ ਵਿਭਾਗ ’ਚ ਤਰਥੱਲੀ ਮੱਚ ਗਈ ਹੈ। ਅਜਿਹੇ ਵਿੱਚ ਫ਼ਰਾਰ ਮੁਲਜ਼ਮ ਇੰਸਪੈਕਟਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਵਿਭਾਗ ਨੇ ਉਨ੍ਹਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਨੂੰ ਘੋਖਣ ਦੀ ਤਿਆਰੀ ਕਰ ਲਈ ਹੈ। ਮੁਲਜ਼ਮ ਮਹਿਲਾ ਪੁਲੀਸ ਇੰਸਪੈਕਟਰ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਬਾਅਦ ਲਾਈਵ ਹੁੰਦਿਆਂ ਐੱਸਪੀ (ਸਥਾਨਕ) ਗੁਰਸ਼ਰਨਜੀਤ ਸਿੰਘ ਸੰਧੂ ਨੇ ਮਹਿਲਾ ਪੁਲੀਸ ਇੰਸਪੈਕਟਰ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਆਖਿਆ ਕਿ ਵਿਭਾਗ ਨਸ਼ਿਆਂ ਦੀ ਅਲਾਮਤ ਖਤਮ ਕਰਵਾਉਣ ਲਈ ਜੰਗ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਢੀ ਲੈ ਕੇ ਅਤੇ ਅਫ਼ੀਮ ਗਾਇਬ ਕਰ ਕੇ ਤਸਕਰਾਂ ਨੂੰ ਛੱਡਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੁਲਜ਼ਮ ਪੁਲੀਸ ਇੰਸਪੈਕਟਰ ਵੱਲੋਂ ਸਾਜ਼ਿਸ਼ ਤਹਿਤ ਇਸ ਮਾਮਲੇ ਦੇ ਜਾਂਚ ਅਧਿਕਾਰੀ, ਡੀਐੱਸਪੀ ਰਮਨਦੀਪ ਸਿੰਘ ਖ਼ਿਲਾਫ਼ ਝੂਠੇ ਤੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਐਫ਼ਆਈਆਰ ਤੋਂ ਬਾਅਦ ਲਗਾਏ ਜਾਣ ਦਾ ਮਕਸਦ ਜਾਂਚ ਤੇ ਹੋਰ ਅਧਿਕਾਰੀਆਂ ਦਾ ਮਨੋਬਲ ਡੇਗਣਾ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਪੁਲੀਸ ਇੰਸਪੈਕਟਰ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਅਤੇ ਨਾਂ ਹੀ ਐੱਸਐੱਸਪੀ ਜਾਂ ਹੋਰ ਕਿਸੇ ਅਧਿਕਾਰੀ ਦੇ ਧਿਆਨ ਵਿਚ ਲਿਆਦਾਂ ਗਿਆ।
ਜਾਣਕਾਰੀ ਅਨੁਸਾਰ ਵਿਵਾਦਤ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕੌਮਾਂਤਰੀ ਹਾਕੀ ਖਿਡਾਰੀ ਧਰਮਕੋਟ ਡੀਐੱਸਪੀ ਰਮਨਦੀਪ ਸਿੰਘ ਖ਼ਿਲਾਫ਼ ਜਿਨਸ਼ੀ ਸੋਸ਼ਣਅਤੇ ਥਾਣਾ ਮਹਿਣਾ ਮੁਖੀ ਦੀ ਤਾਇਨਾਤੀ ਦੌਰਾਨ ਐੱਸਪੀ-ਡੀ ਬਾਲ ਕ੍ਰਿਸ਼ਨ ਸਿੰਗਲਾ ਵੱਲੋਂ ਇੱਕ ਕਾਂਗਰਸ ਆਗੂ ਦੀ ਹੱਤਿਆ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕੇਸ ’ਚੋਂ ਦਬਾਅ ਪਾ ਕੇ ਡਿਸਚਾਰਜ ਕਰਵਾਉਣ ਵਰਗੇ ਗੰਭੀਰ ਦੋਸ਼ ਹਨ। ਦੂਜੇ ਪਾਸੇ ਪੁਲੀਸ ਦਾ ਆਖਣਾ ਹੈ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਬਣੀ ਸਿਟ ਦੀ ਰਿਪੋਰਟ ਉੱਤੇ ਉਨ੍ਹਾਂ ਖ਼ਿਲਾਫ਼ ਕੋਈ ਦੋਸ਼ ਸਾਹਮਣੇ ਨਾ ਆਉਣ ਉੱਤੇ ਉਹ ਡਿਸਚਾਰਜ ਹੋ ਗਏ ਸਨ। ਪੁਲੀਸ ਇੰਸਪੈਕਟਰ ਨੇ ਪੋਸਟ ’ਚ ਆਖਿਆ ਕਿ ਉਸ ਖ਼ਿਲਾਫ਼ ਝੂਠਾ ਅਤੇ ਬੇਤੁਕਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਹਾਈ ਕੋਰਟ, ਪੰਜਾਬ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਵੱਢੀ ਦਾ ਲੈਣ-ਦੇਣ ਕਰਵਾਉਣ ਵਾਲੇ ਚਰਚਿਤ ਪ੍ਰਾਈਵੇਟ ਵਿਅਕਤੀ ਨੂੰ ਪੁਲੀਸ ਨੇ ਗਵਾਹ ਬਣਾ ਲਿਆ ਹੈ ਅਤੇ ਉਸ ਦੇ ਅਦਾਲਤ ਵਿੱਚ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਧਾਰਾ 164 ਸੀਆਰਪੀਸੀ ਤਹਿਤ ਬਿਆਨ ਕਰਵਾ ਲਏ ਗਏ ਹਨ।
ਪੰਜਾਬ ਮਹਿਲਾ ਕਮਿਸ਼ਨ ਵੱਲੋਂ ਰਿਪੋਰਟ ਤਲਬ
ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਕੌਰ ਲਾਲੀ ਗਿੱਲ ਨੇ ਕਿਹਾ ਕਿ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਤੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਤੁਰੰਤ ਮੋਗਾ ਐੱਸਐੱਸਪੀ ਤੋਂ ਦੋ ਦਿਨ ਦੇ ਵਿੱਚ ਇਸ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਦੋਸ਼ ਗੰਭੀਰ ਹਨ ਪਰ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।