For the best experience, open
https://m.punjabitribuneonline.com
on your mobile browser.
Advertisement

ਸਰਵੇ ਨਹੀਂ ਹੋਣ ਦਿਆਂਗੇ ਭਾਵੇਂ ਕੇਂਦਰ ਫੌਜ ਲਾ ਦੇਵੇ: ਸੁਖਬੀਰ

08:46 AM Oct 08, 2023 IST
ਸਰਵੇ ਨਹੀਂ ਹੋਣ ਦਿਆਂਗੇ ਭਾਵੇਂ ਕੇਂਦਰ ਫੌਜ ਲਾ ਦੇਵੇ  ਸੁਖਬੀਰ
ਘਨੌਰ ਨੇੜਲੇ ਪਿੰਡ ਕਪੂਰੀ ਵਿੱਚ ਰੈਲੀ ਦੌਰਾਨ ਮੰਚ ’ਤੇ ਬੈਠੇ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਪਾਰਟੀ ਆਗੂ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਬੇਅਦਬੀ ਮਾਮਲੇ ਵਿੱਚ ਹਾਸ਼ੀਏ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ’ਚ ਮੁੜ ਪੈਰ ਜਮਾਉਣ ਲਈ ਐੱਸਵਾਈਐੱਲ ਦਾ ਮੁੱਦਾ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕੜੀ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਨਹਿਰ ਦੇ ਨੀਂਹ ਪੱਥਰ ਵਾਲੇ ਪਿੰਡ ਕਪੂਰੀ ਨੇੜੇ ਐੱਸਵਾਈਐੱਲ ਕੰਢੇ ਰੈਲੀ ਕੀਤੀ।
ਰੈਲੀ ਦੌਰਾਨ ਭਾਜਪਾ ਪ੍ਰਤੀ ਭਾਵੇਂ ਸੁਰ ਨਰਮ ਰਹੀ ਪਰ ਅਕਾਲੀ ਆਗੂਆਂ ਨੇ ਕਾਂਗਰਸ ਨੂੰ ਖੂਬ ਭੰਡਿਆ ਅਤੇ ‘ਆਪ’ ’ਤੇ ਵੀ ਨਿਸ਼ਾਨੇ ਸੇਧੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਦਾ ਹੁਕਮ ਹੋਵੇ ਜਾਂ ਕੇਂਦਰ ਸਰਕਾਰ ਫੌਜ ਤਾਇਨਾਤ ਕਰ ਦੇਵੇ ਪਰ ਐੱਸਵਾਈਐੱਲ ਲਈ ਸਰਵੇ ਕਰਨ ਆਉਣ ਵਾਲੀਆਂ ਟੀਮਾਂ ਨੂੰ ਅਕਾਲੀ ਵਰਕਰ ਇੱਥੇ ਫਟਕਣ ਨਹੀਂ ਦੇਣੇਗੇ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਦਾ ਪ੍ਰੋਗਰਾਮ ਗੁਪਤ ਰੱਖਿਆ ਗਿਆ। ਕੱਲ੍ਹ ਰਾਤ ਤੱਕ ਕਿਸੇ ਨੂੰ ਰੈਲੀ ਬਾਰੇ ਕੋਈ ਖਬਰ ਨਹੀਂ ਸੀ। ਇਹ ਖੇਤਰ ਘਨੌਰ ਹਲਕੇ ’ਚ ਪੈਂਦਾ ਹੈ ਤੇ ਹੁਣ ਤੱਕ ਘਨੌਰ ਦੇ ਹਲਕਾ ਇੰਚਾਰਜ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੁੰਬਈ ਤੋਂ ਸਿੱਧੇ ਰੈਲੀ ’ਚ ਹੀ ਪੁੱਜੇ। ਇਸ ਰੈਲੀ ਦਾ ਰਾਤੋ-ਰਾਤ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਜਸਮੇਰ ਲਾਛੜੂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਜਵਿੇਂ ਪਹਿਲਾਂ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ ਆਪਣੀ ਹਾਈਕਮਾਨ ਨੂੰ ਖੁਸ਼ ਕਰਨ ਲਈ ਐੱਸਵਾਈਐੱਲ ਦਾ ਨਿਰਮਾਣ ਯਕੀਨੀ ਬਣਾਇਆ, ਉਸੇ ਤਰ੍ਹਾਂ ਹੁਣ ਕੇਜਰੀਵਾਲ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਵੀ ‘ਤੋਤਾ’ ਬਣੇ ਹੋਏ ਹਨ। ਇਸੇ ਕਰਕੇ ਐੱਸਵਾਈਐੱਲ ਦੇ ਮੁੱਦੇ ’ਤੇ ਅੱਜ ਇੱਥੋਂ ਕੀਤੀ ਗਈ ਸ਼ੁਰੂਆਤ ਦੇ ਅਗਲੇ ਪੜਾਅ ਵਜੋਂ 10 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪਾਣੀ ਦੀ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਵਿੇਂ ਉਹ ਕਾਂਗਰਸ ਨਾਲ ਲੜਦੇ ਆਏ ਹਨ, ਉਸੇ ਤਰ੍ਹਾਂ ਨਹਿਰ ਦੇ ਮਾਮਲੇ ’ਤੇ ‘ਆਪ’ ਦੇ ਮਨਸੂਬੇ ਵੀ ਖੁੰਢੇ ਕਰ ਦੇਣਗੇ। ਪਾਰਟੀ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦਾ ਸਰਵੇਖਣ ਕੇਂਦਰੀ ਟੀਮਾਂ ਨੂੰ ਨਾ ਕਰਨ ਦੇਣ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ’ਚ ਲਾਹੇ ਵਾਸਤੇ ਕੇਜਰੀਵਾਲ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਲੋਚਦੇ ਹਨ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਹਿਰ ਲਈ ਟੱਕ ਰੱਖਣ ਮਗਰੋਂ ਹੋਈ ਸੰਘਰਸ਼ ਦੀ ਗਾਥਾ ਸੁਣਾਈ। ਯੂਥ ਪ੍ਰਧਾਨ ਸਰਬਜੀਤ ਝਿੰਜਰ ਨੇ ਪੰਜਾਬ ਤੇ ਪਾਣੀਆਂ ਖਾਤਰ ਨੌਜਵਾਨਾਂ ਵੱਲੋਂ ਖੂਨ ਵਹਾਉਣ ਦੀ ਗੱਲ ਆਖੀ।

Advertisement

Advertisement

ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੇ ਭਾਜਪਾ ਨੂੰ ਘੇਰਿਆ

ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਐੱਸਵਾਈਐੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ’ਤੇ ‘ਆਪ’ ਦਾ ਸਟੈਂਡ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਐੱਸਵਾਈਐੱਲ ਨਹਿਰ ਨਹੀਂ ਬਣਨ ਦੇਵੇਗੀ ਤੇ ਨਾ ਹੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਦੇਣ ਦੇਵੇਗੀ। ਉਨ੍ਹਾਂ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਲੰਘੇ ਦਨਿ ਪ੍ਰਧਾਨ ਮੰਤਰੀ ਵੱਲੋਂ ਰਾਜਸਥਾਨ ’ਚ ਐੱਸਵਾਈਐੱਲ ਨੂੰ ਲੈ ਕੇ ਪੰਜਾਬ ਵਿਰੁੱਧ ਬਿਆਨ ਦਿੱਤਾ ਗਿਆ ਹੈ। ਕੰਗ ਨੇ ਭਾਜਪਾ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਪੁਰਾਣੀ ਵੀਡੀਓ ਜਨਤਕ ਕਰਦਿਆਂ ਆਖਿਆ, ‘‘ਜਦੋਂ ਉਹ (ਜਾਖੜ) ਕਾਂਗਰਸ ’ਚ ਸਨ ਤਾਂ ਉਹ ਕਹਿੰਦੇ ਸਨ ਕਿ ਇਸ ਮਾਮਲੇ ਦਾ ਫ਼ੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੈ, ਮੁੱਖ ਮੰਤਰੀ ਨਹੀਂ। ਪਰ, ਹੁਣ ਸੁਨੀਲ ਜਾਖੜ ਵੀ ਭਾਜਪਾ ਵਿੱਚ ਹਨ। ਉਹ ਪ੍ਰਧਾਨ ਮੰਤਰੀ ਨੂੰ ਇਹ ਮੁੱਦਾ ਜਲਦੀ ਹੱਲ ਕਰਨ ਲਈ ਕਿਉਂ ਨਹੀਂ ਕਹਿੰਦੇ?’’ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕੰਗ ਨੇ ਕਿਹਾ ਕਿ ਐੱਸਵਾਈਐੱਲ ਲਈ ਜ਼ਮੀਨ ਐਕੁਆਇਰ ਕਰਨ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਜਾਰੀ ਕੀਤਾ ਸੀ। ‘ਆਪ’ ਤਰਜਮਾਨ ਨੇ ਕਿਹਾ ਕਿ ਪਰ ਭਾਜਪਾ ਤੇ ਅਕਾਲੀ ਦਲ ਹੁਣ ਕਿਸਾਨ ਅੰਦੋਲਨ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚਾਲੇ ਬਣੇ ਰਿਸ਼ਤੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

Advertisement
Author Image

sukhwinder singh

View all posts

Advertisement