ਵੀਵੀਪੀਏਟੀ ਨਾਲ ਈਵੀਐੱਮ ਵੋਟਾਂ ਦੀ ਤਸਦੀਕ ਦੀ ਮੰਗ ਵਾਲੀ ਪਟੀਸ਼ਨ ਅਗਲੇ ਹਫ਼ਤੇ ਸੁਣੇਗੀ ਸੁਪਰੀਮ ਕੋਰਟ
12:10 PM Apr 03, 2024 IST
ਨਵੀਂ ਦਿੱਲੀ, 3 ਅਪਰੈਲ
ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਤੇ ਈਵੀਐੱਮ ਰਾਹੀਂ ਪਈ ਵੋਟ ਦੀ ਤਸਦੀਕ (ਕਰਾਸ ਵੈਰੀਫਿਕੇਸ਼ਨ) ਦੀ ਮੰਗ ਕਰਨ ਵਾਲੀ ਐੱਨਜੀਓ ਦੀ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਕਰੇਗੀ। ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪਟੀਸ਼ਨ ਨੂੰ ਅਗਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਸੂਚੀਬੱਧ ਕੀਤਾ ਜਾਵੇਗਾ। ਐੱਨਜੀਓ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਅਦਾਲਤ ਨੂੰ ਕਿਹਾ ਸੀ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਸੀਨੀਅਰ ਵਕੀਲ ਗੋਪਾਲ ਸ਼ੰਕਰਨਰਾਇਣਨ ਨੇ ਵੀ ਪੇਸ਼ ਹੋ ਕੇ ਕਿਹਾ ਕਿ ਚੋਣਾਂ ਨੇੜੇ ਹਨ ਅਤੇ ਜੇ ਕੇਸ ਦੀ ਸੁਣਵਾਈ ਨਾ ਹੋਈ ਤਾਂ ਪਟੀਸ਼ਨ ਬੇਅਰਥ ਹੋ ਜਾਵੇਗੀ। ਜਸਟਿਸ ਖੰਨਾ, ਜੋ ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਬੇਲਾ ਐੱਮ. ਤ੍ਰਿਵੇਦੀ ਦੇ ਨਾਲ ਵਿਸ਼ੇਸ਼ ਬੈਂਚ ਵਿੱਚ ਬੈਠੇ ਸਨ, ਨੇ ਕਿਹਾ ਕਿ ਅਦਾਲਤ ਸਥਿਤੀ ਤੋਂ ਜਾਣੂ ਹੈ ਅਤੇ ਅਗਲੇ ਹਫ਼ਤੇ ਇਸ ਮਾਮਲੇ ਦੀ ਸੁਣਵਾਈ ਕਰੇਗੀ।
Advertisement
Advertisement