ਸੁਪਰੀਮ ਕੋਰਟ ਦਿੱਲੀ ਕੋਚਿੰਗ ਸੈਂਟਰ ਮੌਤ ਮਾਮਲੇ ਵਿਚ ਸੋਮਵਾਰ ਨੂੰ ਕਰੇਗਾ ਸੁਣਵਾਈ
03:58 PM Oct 20, 2024 IST
ਨਵੀਂ ਦਿੱਲੀ, 20 ਅਕਤੂਬਰ
ਸੁਪਰੀਮ ਕੋਰਟ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰਨ ਨਾਲ ਹੋਈ ਮੌਤ ਮਾਮਲੇ ਬਾਰੇ ਸੋਮਵਾਰ ਨੂੰ ਸੁਣਵਾਈ ਕਰੇਗਾ। ਇਸ ਸਾਲ 27 ਜੁਲਾਈ ਨੂੰ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਇਲਾਕੇ ਵਿਚ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਦੀ ਬੇਸਮੈਂਟ ਵਿਚਲੀ ਲਾਇਬਰੇਰੀ ਵਿਚ ਮੀਂਹ ਦਾ ਪਾਣੀ ਭਰਨ ਨਾਲ ਤਿੰਨ ਵਿਦਿਆਰਥੀਆਂ ਦੀ ਜਾਨ ਜਾਂਦੀ ਰਹੀ ਸੀ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੇਸਾਂ ਦੀ ਸੂਚੀ ਮੁਤਾਬਕ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 20 ਸਤੰਬਰ ਦੀ ਪਿਛਲੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਆਪਣੀ ਅੰਤਰਿਮ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਸਨ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਲਈ ਅੰਤਰਿਮ ਰਿਪੋਰਟ ਵਿਚ ਉਪਰਾਲੇ ਸੁਝਾਏ ਗਏ ਹਨ। -ਪੀਟੀਆਈ
Advertisement
Advertisement