ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਆਂਪਾਲਿਕਾ ’ਤੇ ਦਬਾਅ ਪਾਉਣ ਤੇ ਅਦਾਲਤਾਂ ਨੂੰ ਬਦਨਾਮ ਕਰਨ ਵਾਲਿਆਂ ਤੋਂ ਸੁਚੇਤ ਰਹੇ ਸੁਪਰੀਮ ਕੋਰਟ

07:20 AM Mar 29, 2024 IST

ਨਵੀਂ ਦਿੱਲੀ, 28 ਮਾਰਚ
ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਦੇ ਚੇਅਰਪਰਸਨ ਮਨਨ ਕੁਮਾਰ ਮਿਸ਼ਰਾ ਸਮੇਤ ਦੇਸ਼ ਭਰ ’ਚੋਂ 600 ਤੋਂ ਵੱਧ ਵਕੀਲਾਂ ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ‘ਸੌੜੇ ਹਿੱਤ ਰੱਖਣ ਵਾਲਾ ਇਕ ਸਮੂਹ’ ਦੇਸ਼ ਦੀ ਨਿਆਂਪਾਲਿਕਾ ’ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਸਮੂਹ ਵੱਲੋਂ ਖਾਸ ਕਰਕੇ ਸਿਆਸਤਦਾਨਾਂ ਦੀ ਸ਼ਮੂਲੀਅਤ ਵਾਲੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸਾਂ ਵਿਚ ਅਦਾਲਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਪੱਤਰ, ਜਿਸ ਉੱਤੇ 26 ਮਾਰਚ ਦੀ ਤਰੀਕ ਪਈ ਹੈ ਅਤੇ ਜਿਸ ’ਤੇ ਦੇਸ਼ ਭਰ ਦੇ ਵਕੀਲਾਂ ਦੇ ਨਾਮ ਹਨ, ਵਿਚ ਕਿਹਾ ਗਿਆ ਕਿ ‘ਅਜਿਹੀਆਂ ਜੁਗਤਾਂ ਸਾਡੀਆਂ ਅਦਾਲਤਾਂ ਨੂੰ ਢਾਹ ਲਾ ਰਹੀਆਂ ਹਨ ਤੇ ਸਾਡੇ ਜਮਹੂਰੀ ਤਾਣੇ-ਬਾਣੇ ਲਈ ਵੰਗਾਰ ਹਨ।’’ ਵਕੀਲਾਂ ਨੇ ਕਿਹਾ ਕਿ ‘ਅਜਿਹੀ ਮੁਸ਼ਕਲ ਘੜੀ’ ਵਿਚ ਸੀਜੇਆਈ ਚੰਦਰਚੂੜ ਦੀ ਅਗਵਾਈ ਬਹੁਤ ਅਹਿਮ ਹੈ ਤੇ ਸਰਬਉੱਚ ਅਦਾਲਤ ਨੂੰ ਮਜ਼ਬੂਤੀ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗੌਰਵਮਈ ਢੰਗ ਨਾਲ ਚੁੱਪੀ ਵੱਟਣ ਦਾ ਸਮਾਂ ਨਹੀਂ ਹੈ।
ਅਧਿਕਾਰਤ ਸੂਤਰਾਂ ਵੱਲੋਂ ਸਾਂਝੇ ਕੀਤੇ ਪੱਤਰ ਵਿਚ ਵਕੀਲਾਂ ਦੇ ਇਕ ਵਰਗ ਨੂੰ ਉਨ੍ਹਾਂ ਦਾ ਨਾਮ ਲਏ ਬਿਨਾਂ ਨਿਸ਼ਾਨਾ ਬਣਾਇਆ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਅਜਿਹੇ ਵਕੀਲ ਦਿਨ ਵਿਚ ਸਿਆਸਤਦਾਨਾਂ ਦੀ ਵਕਾਲਤ ਕਰਦੇ ਹਨ ਤੇ ਰਾਤ ਨੂੰ ਮੀਡੀਆ ਜ਼ਰੀਏ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੌੜੇੇ ਹਿੱਤ ਰੱਖਣ ਵਾਲਾ ਇਹ ਸਮੂਹ ਇੱਕ ਬਿਹਤਰ ਅਤੀਤ ਅਤੇ ਸੁਨਹਿਰੀ ਦੌਰ ਦੇ ਝੂਠੇ ਬਿਰਤਾਂਤ ਸਿਰਜਦਾ ਹੈ ਤੇ ਇਸ ਦੀ ਵਰਤਮਾਨ ਦੀਆਂ ਘਟਨਾਵਾਂ ਨਾਲ ਤੁਲਨਾ ਕਰਦਾ ਹੈ। ਪੱਤਰ ਵਿਚ ਦਾਅਵਾ ਕੀਤਾ ਗਿਆ ਕਿ ਅਜਿਹੇ ਸਮੂਹ ਦੀਆਂ ਟਿੱਪਣੀਆਂ ਕੋਰਟਾਂ ਨੂੰ ਪ੍ਰਭਾਵਿਤ ਕਰਨ ਤੇ ਸਿਆਸੀ ਫਾਇਦੇ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵੱਲ ਸੇਧਤ ਹਨ। ‘‘ਜੁਡੀਸ਼ਰੀ ਅੰਡਰ ਥਰੈੱਟ-ਸੇਫਗਾਰਡਿੰਗ ਜੁਡੀਸ਼ਰੀ ਫਰੌਮ ਪੋਲੀਟਿਕਲ ਐਂਡ ਪ੍ਰੋਫੈਸ਼ਨਲ ਪ੍ਰੈਸ਼ਰ’’ (ਖਤਰੇ ਹੇਠ ਨਿਆਂਪਾਲਿਕਾ- ਸਿਆਸੀ ਤੇ ਪੇਸ਼ੇਵਰ ਦਬਾਅ ਤੋਂ ਨਿਆਂਪਾਲਿਕਾ ਦੀ ਸੁਰੱਖਿਆ) ਸਿਰਲੇਖ ਵਾਲੇ ਪੱਤਰ ’ਤੇ ਸਹੀ ਪਾਉਣ ਵਾਲੇ ਵਕੀਲਾਂ ਵਿਚ ਅਦੀਸ਼ ਅਗਰਵਾਲ, ਚੇਤਨ ਮਿੱਤਲ, ਪਿੰਕੀ ਆਨੰਦ, ਹਿਤੇਸ਼ ਜੈਨ, ਉੱਜਵਲਾ ਪਵਾਰ, ਉਦੈ ਹੌਲਾ ਤੇ ਸਵਰੂਪਮਾ ਚਤੁਰਵੇਦੀ ਆਦਿ ਸ਼ਾਮਲ ਹਨ।
ਪੱਤਰ ਲਿਖਣ ਵਾਲੇ ਵਕੀਲਾਂ ਨੇ ਭਾਵੇਂ ਕਿਸੇ ਵਿਸ਼ੇਸ਼ ਕੇਸ ਦਾ ਜ਼ਿਕਰ ਨਹੀਂ ਕੀਤਾ ਪਰ 600 ਤੋਂ ਵੱਧ ਵਕੀਲਾਂ ਨੇ ਇਹ ਪੱਤਰ ਅਜਿਹੇ ਮੌਕੇ ਲਿਖਿਆ ਹੈ ਜਦੋਂ ਅਦਾਲਤਾਂ ਵਿਰੋਧੀ ਧਿਰਾਂ ਦੇ ਆਗੂਆਂ ਦੀ ਸ਼ਮੂਲੀਅਤ ਵਾਲੇ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਹਾਈ-ਪ੍ਰੋਫਾਈਲ ਫੌਜਦਾਰੀ ਕੇਸਾਂ ਨਾਲ ਸਿੱਝ ਰਹੀਆਂ ਹਨ। ਵਿਰੋਧੀ ਪਾਰਟੀਆਂ ਅਕਸਰ ਕੇਂਦਰ ਸਰਕਾਰ ’ਤੇ ਦੋੋਸ਼ ਲਾਉਂਦੀਆਂ ਹਨ ਕਿ ਉਨ੍ਹਾਂ ਦੇ ਆਗੂਆਂ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ। ਸੱਤਾਧਾਰੀ ਭਾਜਪਾ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਇਹ ਪਾਰਟੀਆਂ, ਜਿਨ੍ਹਾਂ ਕੋਲ ਕਈ ਉੱਘੇ ਵਕੀਲ ਵੀ ਹਨ, ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਹਾਲੀਆ ਗ੍ਰਿਫ਼ਤਾਰੀ ਮਗਰੋਂ ਇਸ ਧੱਕੇਸ਼ਾਹੀ ਖਿਲਾਫ਼ ਇਕਜੁੱਟ ਹੋਣ ਦਾ ਫੈਸਲਾ ਕੀਤਾ ਹੈ।
ਪੱਤਰ ’ਤੇ ਸਹੀ ਪਾਉਣ ਵਾਲੇ ਵਕੀਲਾਂ ਨੇ ਆਲੋਚਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ’ਤੇ ਇਹ ਧਾਰਨਾ ਬਣਾਉਣ ਦਾ ਦੋਸ਼ ਲਾਇਆ ਕਿ ਬੀਤੇ ਵਿਚ ਅਦਾਲਤਾਂ ਨੂੰ ਸੌਖਿਆਂ ਹੀ ਪ੍ਰਭਾਵਿਤ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਕੋਰਟਾਂ ਵਿਚ ਭਰੋਸੇ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਇਹ ਦੋ-ਮੂੰਹੀ ਵਰਤਾਰਾ ਇਕ ਆਮ ਆਦਮੀ ਦੇ ਸਾਡੇ ਕਾਨੂੰਨੀ ਪ੍ਰਬੰਧ ਪ੍ਰਤੀ ਸਤਿਕਾਰ ਲਈ ਨੁਕਸਾਨਦਾਇਕ ਹੈ। ਪੱਤਰ ਵਿਚ ਕਿਹਾ ਗਿਆ ਕਿ ਕੋਰਟਾਂ ਦੇ ਕੁਝ ਹਾਲੀਆ ਫੈਸਲਿਆਂ ਤੋਂ ਪੱਖਪਾਤ ਸਾਫ਼ ਝਲਕਦਾ ਹੈ। ਉਨ੍ਹਾਂ ਟਾਈਮਿੰਗ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਸਭ ਕੁਝ ਅਜਿਹੇ ਮੌਕੇ ਹੋ ਰਿਹਾ ਹੈ ਜਦੋਂ ਦੇਸ਼ ਲੋਕ ਸਭਾ ਚੋਣਾਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਨੂੰ 2018-2019 ਅਜਿਹੀਆਂ ਹਰਕਤਾਂ ਦੀ ਯਾਦ ਦਿਵਾਉਂਦੀ ਹੈ ਜਦੋਂ ਉਨ੍ਹਾਂ ਨੇ ਆਪਣੀਆਂ ‘ਹਿੱਟ ਐਂਡ ਰਨ’ ਸਰਗਰਮੀਆਂ ਨੂੰ ਅੰਜਾਮ ਦਿੱਤਾ, ਜਿਸ ਵਿੱਚ ਗਲਤ ਬਿਰਤਾਂਤ ਘੜਨਾ ਵੀ ਸ਼ਾਮਲ ਹੈ। ਨਿੱਜੀ ਅਤੇ ਸਿਆਸੀ ਕਾਰਨਾਂ ਕਰਕੇ ਅਦਾਲਤਾਂ ਨੂੰ ਨੀਵਾਂ ਦਿਖਾਉਣ ਅਤੇ ਛੇੜਛਾੜ ਕਰਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਕਿਸੇ ਵੀ ਹਾਲਤ ਵਿੱਚ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’’ ਪੱਤਰ ਲਿਖਣ ਵਾਲੇ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਮਜ਼ਬੂਤੀ ਨਾਲ ਖੜ੍ਹੇ ਰਹਿ ਕੇ ਕੋਰਟਾਂ ਨੂੰ ਅਜਿਹੇ ਕਥਿਤ ਹਮਲਿਆਂ ਤੋਂ ਬਚਾਉਣ ਲਈ ਕਦਮ ਚੁੱਕੇ। ਉਨ੍ਹਾਂ ਕਿਹਾ, ‘‘ਚੁੱਪ ਰਹਿਣਾ ਜਾਂ ਕੁਝ ਨਾ ਕਰਨਾ ਅਚਨਚੇਤ ਉਨ੍ਹਾਂ ਲੋਕਾਂ ਨੂੰ ਵਧੇਰੇ ਸ਼ਕਤੀ ਦੇ ਸਕਦਾ ਹੈ ਜੋ ਨੁਕਸਾਨ ਕਰਨਾ ਚਾਹੁੰਦੇ ਹਨ। ਇਹ ਸਨਮਾਨਜਨਕ ਚੁੱਪੀ ਬਣਾਈ ਰੱਖਣ ਦਾ ਸਮਾਂ ਨਹੀਂ ਹੈ ਕਿਉਂਕਿ ਅਜਿਹੀਆਂ ਕੋਸ਼ਿਸ਼ਾਂ ਕੁਝ ਸਾਲਾਂ ਤੋਂ ਅਤੇ ਅਕਸਰ ਹੋ ਰਹੀਆਂ ਹਨ।’’ -ਪੀਟੀਆਈ

Advertisement

ਡਰਾਉਣਾ ਧਮਕਾਉਣਾ ਕਾਂਗਰਸ ਦੀ ਪੁਰਾਣੀ ਰਵਾਇਤ: ਪ੍ਰਧਾਨ ਮੰਤਰੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੋਰਨਾਂ ਨੂੰ ‘ਡਰਾਉਣ-ਧਮਕਾਉਣਾ ਤੇ ਗੁੰਡਾਗਰਦੀ’ ਕਰਨਾ ‘ਕਾਂਗਰਸ ਦੀ ਪੁਰਾਣੀ ਰਵਾਇਤ’ ਹੈ। ਸ੍ਰੀ ਮੋਦੀ ਨੇ ਇਹ ਟਿੱਪਣੀਆਂ 600 ਤੋਂ ਵੱਧ ਵਕੀਲਾਂ ਵੱਲੋਂ ਭਾਰਤ ਦੇ ਚੀਫ਼ ਜਸਟਿਸ ਨੂੰ ਲਿਖੇ ਪੱਤਰ ਦੇ ਸੰਦਰਭ ਵਿਚ ਕੀਤੀਆਂ ਹਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹੋਰਨਾਂ ਨੂੰ ਧਮਕਾਉਣਾ ਤੇ ਡਰਾਉਣਾ ਕਾਂਗਰਸ ਦੀ ਪੁਰਾਣੀ ਰਵਾਇਤ ਰਹੀ ਹੈ। ਪੰਜ ਦਹਾਕੇ ਪਹਿਲਾਂ ਵੀ ਉਨ੍ਹਾਂ ਨੇ ‘ਵਚਨਬੱਧ ਨਿਆਂਪਾਲਿਕਾ’ ਦਾ ਸੱਦਾ ਦਿੱਤਾ ਸੀ...ਹੁਣ ਉਹ ਬੜੀ ਬੇਸ਼ਰਮੀ ਨਾਲ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਹੋਰਨਾਂ ਤੋਂ ਵਚਨਬੱਧਤਾ ਚਾਹੁੰਦੇ ਹਨ, ਪਰ ਖੁ਼ਦ ਦੇਸ਼ ਪ੍ਰਤੀ ਕਿਸੇ ਵੀ ਵਚਨਬੱਧਤਾ ਤੋਂ ਭੱਜ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਵਕੀਲਾਂ ਵੱਲੋਂ ਲਿਖੇ ਪੱਤਰ ਨਾਲ ਸਬੰਧਤ ਪੋਸਟ ਟੈਗ ਕਰਦਿਆਂ ਕਿਹਾ, ‘‘ਇਸ ਵਿਚ ਕੋਈ ਹੈਰਾਨੀ ਨਹੀਂ ਕਿ 140 ਕਰੋੜ ਭਾਰਤੀਆਂ ਵੱਲੋਂ ਉਨ੍ਹਾਂ (ਕਾਂਗਰਸ) ਨੂੰ ਨਕਾਰਿਆ ਜਾ ਰਿਹਾ ਹੈ।’’ -ਪੀਟੀਆਈ

ਮੋਦੀ ਆਪਣੇ ਪਾਪਾਂ ਲਈ ਕਾਂਗਰਸ ਸਿਰ ਦੋਸ਼ ਮੜ੍ਹਨਾ ਬੰਦ ਕਰਨ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਆਪਣੇ ਪਾਪਾਂ ਲਈ ਕਾਂਗਰਸ ਸਿਰ ਦੋਸ਼ ਮੜ੍ਹਨਾ ਬੰਦ ਕਰਨ। ਕਾਂਗਰਸ ਨੇ ਸ੍ਰੀ ਮੋਦੀ ’ਤੇ ਪਖੰਡ ਕਰਨ ਤੇ ਜਮਹੂਰੀਅਤ ਨੂੰ ਆਪਣੇ ਹਿੱਤਾਂ ਮੁਤਾਬਕ ਵਰਤਣ ਦਾ ਦੋਸ਼ ਲਾਇਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਹਰੇਕ ਸੰਸਥਾ ਨੂੰ ‘ਡਰਾਉਣ-ਧਮਕਾਉਣ’, ਜਮਹੂਰੀਅਤ ਨੂੰ ਆਪਣੇ ਮੁਤਾਬਕ ਵਰਤਣ ਤੇ ਸੰਵਿਧਾਨ ਨੂੰ ਸੱਟ ਮਾਰਨ ਦਾ ਦੋਸ਼ ਲਾਇਆ ਹੈ। ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਤੁਸੀਂ ਨਿਆਂਪਾਲਿਕਾ ਦੀ ਗੱਲ ਕਰ ਰਹੇ ਹੋ। ਤੁਸੀਂ ਸ਼ਾਇਦ ਭੁੱਲ ਗਏ ਹੋ ਕਿ ਸੁਪਰੀਮ ਕੋਰਟ ਦੇ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਅਸਾਧਾਰਨ ਪ੍ਰੈੈੱਸ ਕਾਨਫਰੰਸ ਕਰਕੇ ‘ਜਮਹੂਰੀਅਤ ਨੂੰ ਢਾਹ ਲਾਉਣ’ ਖਿਲਾਫ਼ ਚੇਤਾਵਨੀ ਦਿੱਤੀ ਸੀ। ਇਹ ਸਭ ਕੁਝ ਤੁਹਾਡੀ ਸਰਕਾਰ ’ਚ ਹੋਇਆ ਸੀ। ਖੜਗੇ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਨ੍ਹਾਂ ਵਿਚੋਂ ਇਕ ਜੱਜ ਨੂੰ ਤੁਹਾਡੀ ਸਰਕਾਰ ਨੇ ਮਗਰੋਂ ਰਾਜ ਸਭਾ ਲਈ ਨਾਮਜ਼ਦ ਕੀਤਾ। ਇਸ ਲਈ ‘ਵਚਨਬੱਧ ਨਿਆਂਪਾਲਿਕਾ’ ਕੌਣ ਚਾਹੁੰਦਾ ਹੈ? ਤੁਸੀਂ ਸ਼ਾਇਦ ਭੁੱਲ ਗਏ ਕਿ ਤੁਹਾਡੀ ਪਾਰਟੀ ਨੇ ਹੀ ਹਾਈ ਕੋਰਟ ਦੇ ਸਾਬਕਾ ਜੱਜ ਨੂੰ ਪੱਛਮੀ ਬੰਗਾਲ ਵਿਚ ਮੌਜੂਦਾ ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਹੈ। ਉਸ ਨੂੰ ਇਹ ਉਮੀਦਵਾਰੀ ਕਿਉਂ ਦਿੱਤੀ ਗਈ।’’ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਵੀ ਪੁੱਛਿਆ ਕਿ ਕੌਮੀ ਨਿਆਂਇਕ ਨਿਯੁਕਤੀਆਂ ਕਮਿਸ਼ਨ (ਐੱਨਜੇੇਏਸੀ) ਕੌਣ ਲੈ ਕੇ ਆਇਆ ਸੀ ਤੇ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਿਉਂ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਮੋਦੀ ਜੀ ਇਕ ਤੋਂ ਬਾਅਦ ਦੂਜੀ ਸੰਸਥਾ ਨੂੰ ਤੁਹਾਡੇ ਵੱਲੋਂ ਧਮਕਾਇਆ ਜਾ ਰਿਹਾ ਹੈ, ਲਿਹਾਜ਼ਾ ਆਪਣੇ ਪਾਪਾਂ ਲਈ ਕਾਂਗਰਸ ਪਾਰਟੀ ਸਿਰ ਦੋਸ਼ ਮੜ੍ਹਨਾ ਬੰਦ ਕਰੋ। ਤੁਸੀਂ ਜਮਹੂਰੀਅਤ ਨੂੰ ਆਪਣੇ ਮੁਆਫ਼ਕ ਤੋੜਨ-ਮਰੋੜਨ ਤੇ ਸੰਵਿਧਾਨ ਨੂੰ ਸੱਟ ਮਾਰਨ ਦੀ ਕਲਾ ਵਿਚ ਮਾਹਿਰ ਹੋ।’’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਹਾਲੀਆ ਹਫ਼ਤਿਆਂ ਵਿਚ ਪ੍ਰਧਾਨ ਮੰਤਰੀ ਨੂੰ ਵੱਡੇ ਝਟਕੇ ਦਿੱਤੇ ਹਨ। ਚੋਣ ਬਾਂਡ ਸਕੀਮ ਇਨ੍ਹਾਂ ਵਿਚੋਂ ਇਕ ਮਿਸਾਲ ਹੈ। ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਗੈਰਸੰਵਿਧਾਨਕ ਐਲਾਨ ਦਿੱਤਾ...ਅਤੇ ਬਿਨਾਂ ਸ਼ੱਕ ਹੁਣ ਇਹ ਸਾਬਤ ਹੋ ਗਿਆ ਹੈ ਕਿ ਇਹ (ਚੋਣ ਬਾਂਡ ਸਕੀਮ) ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਭਾਜਪਾ ਨੂੰ ਚੰਦਾ ਦਿਵਾਉਣ ਦਾ ਸੰਦ ਸੀ।’’ ਰਮੇਸ਼ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਪਿਛਲੇ ਦਸ ਸਾਲਾਂ ਵਿਚ ਸਿਰਫ਼ ਵੰਡੀਆਂ ਪਾਉਣ, ਗ਼ਲਤ ਬਿਆਨੀ, ਧਿਆਨ ਭਟਕਾਉਣ ਤੇ ਬਦਨਾਮ ਕਰਨ ਦਾ ਹੀ ਕੰਮ ਕੀਤਾ ਹੈ। 140 ਕਰੋੜ ਭਾਰਤੀ ਉਨ੍ਹਾਂ ਨੂੰ ਬਹੁਤ ਜਲਦੀ ਜਵਾਬ ਦੇਣ ਦੀ ਉਡੀਕ ਕਰ ਰਹੇ ਹਨ।’’ -ਪੀਟੀਆਈ

Advertisement

Advertisement
Advertisement