ਸੁਪਰੀਮ ਕੋਰਟ ਵੱਲੋਂ ਪੰਚਾਇਤ ਚੋਣਾਂ ’ਤੇ ਰੋਕ ਲਾਉਣ ਤੋਂ ਨਾਂਹ
ਨਵੀਂ ਦਿੱਲੀ, 15 ਅਕਤੂਬਰ
Panchayat Elections Punjab: ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿਚ ਜਾਰੀ ਪੰਚਾਇਤ ਚੋਣਾਂ ਦੇ ਅਮਲ ਉਤੇ ਮੰਗਲਵਾਰ ਨੂੰ ਇਹ ਕਹਿਦਿਆਂ ਰੋਕ ਲਾਉਣ ਤਦੋਂ ਨਾਂਹ ਕਰ ਦਿੱਤੀ ਕਿ ਇਸ ਮੌਕੇ ਚੋਣ ਅਮਲ ਵਿਚ ਦਖ਼ਲ ਦੇਣ ਨਾਲ ‘ਅਰਾਜਕਤਾ’ ਫੈਲ ਜਾਵੇਗੀ।
ਪੰਜਾਬ ਦੇ ਨੌਂ ਹਜ਼ਾਰ ਤੋਂ ਵੱਧ ਪਿੰਡਾਂ ਵਿਚ ਮੰਗਲਵਾਰ ਸਵੇਰੇ 8 ਵਜੇ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਸੀ ਅਤੇ ਇਸ ਦੌਰਾਨ ਚੋਣਾਂ ਉਤੇ ਰੋਕ ਲਾਉਣ ਦੀ ਅਪੀਲ ਭਾਰਤ ਦੇ ਚੀਫ਼ ਜਸਟਿਸ (CJI) ਡੀਵਾਈ ਚੰਦਰਚੂੜ (Justice D Y Chandrachud) ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਕੀਤੀ ਗਈ।
ਬੈਂਚ ਵਿਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਹਨ। ਬੈਂਚ ਨੇ ਕਿਹਾ, ‘‘ਜੇ ਅੱਜ ਪੋਲਿੰਗ ਸ਼ੁਰੂ ਹੋ ਚੁੱਕੀ ਹੈ, ਤਾਂ ਅਸੀਂ ਇਸ ਮੌਕੇ ਉਸ ਵਿਚ ਕਿਵੇਂ ਦਖ਼ਲ ਦੇ ਸਕਦੇ ਹਾਂ? ਸੰਭਵ ਤੌਰ ’ਤੇ (ਪੰਜਾਬ ਅਤੇ ਹਰਿਆਣਾ) ਹਾਈ ਕੋਰਟ ਨੂੰ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਹੋ ਗਿਆ ਅਤੇ ਉਸ ਨੇ ਚੋਣਾਂ ਉਤੇ ਲੱਗੀ ਰੋਕ ਹਟਾ ਦਿੱਤੀ।’’
ਸਿਖਰਲੀ ਅਦਾਲਤ ਉਂਝ ਇਸ ਸਬੰਧੀ ਅਪੀਲ ਉਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ, ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵੱਲੋਂ ਚੋਣਾਂ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਗ਼ੌਰਤਲਬ ਹੈ ਕਿ ਇਕ ਦਿਨ ਪਹਿਲਾਂ ਹੀ ਹਾਈ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਚੋਣਾਂ ਰੱਦ ਕਰਨ ਦੀ ਮੰਗ ਕਰਦੀਆਂ ਕਰੀਬ 1000 ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਸੀ। -ਪੀਟੀਆਈ