For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ਕਾਊਂਸਲਿੰਗ ਮੁਲਤਵੀ ਕਰਨ ਤੋਂ ਇਨਕਾਰ

06:54 AM Jun 22, 2024 IST
ਸੁਪਰੀਮ ਕੋਰਟ ਵੱਲੋਂ ਕਾਊਂਸਲਿੰਗ ਮੁਲਤਵੀ ਕਰਨ ਤੋਂ ਇਨਕਾਰ
Advertisement

ਨਵੀਂ ਦਿੱਲੀ, 21 ਜੂਨ
ਸੁਪਰੀਮ ਕੋਰਟ ਨੇ ਵਿਵਾਦਾਂ ’ਚ ਘਿਰੀ ਨੀਟ-ਯੂਜੀ 2024 ਪ੍ਰੀਖਿਆ ਦੀ 6 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਕਾਊਂਸਲਿੰਗ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਊਂਸਲਿੰਗ ਇਕ ਪ੍ਰਕਿਰਿਆ ਹੈ ਜੋ ਜਾਰੀ ਰਹਿਣੀ ਚਾਹੀਦੀ ਹੈ। ਸਿਖਰਲੀ ਅਦਾਲਤ ਨੇ 5 ਮਈ ਨੂੰ ਹੋਈ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਨੀਟ-ਯੂਜੀ ਰੱਦ ਕਰਨ ਦੀ ਅਪੀਲ ਵਾਲੀ ਅਰਜ਼ੀ ’ਤੇ ਕੌਮੀ ਟੈਸਟਿੰਗ ਏਜੰਸੀ (ਐੱਨਟੀਏ), ਕੇਂਦਰ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜਸਟਿਸ ਵਿਕਰਮ ਨਾਥ ਅਤੇ ਐੱਸਵੀਐੱਨ ਭੱਟੀ ਦੇ ਵੈਕੇਸ਼ਨ ਬੈਂਚ ਨੇ ਪ੍ਰੀਖਿਆ ’ਚ ਗੜਬੜੀ ਦਾ ਦੋਸ਼ ਲਾਉਣ ਵਾਲੀਆਂ ਹੋਰ ਬਕਾਇਆ ਅਰਜ਼ੀਆਂ ਦੇ ਨਾਲ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਤੈਅ ਕੀਤੀ ਹੈ। ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਅਪੀਲ ਕੀਤੀ ਕਿ ਕਾਊਂਸਲਿੰਗ ਪ੍ਰਕਿਰਿਆ ਦੋ ਦਿਨਾਂ ਲਈ ਰੋਕੀ ਜਾ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਸਾਰੀਆਂ ਅਰਜ਼ੀਆਂ ’ਤੇ 8 ਜੁਲਾਈ ਨੂੰ ਸੁਣਵਾਈ ਕੀਤੀ ਜਾਣੀ ਹੈ। ਬੈਂਚ ਨੇ ਕਿਹਾ, ‘‘ਅਸੀਂ ਇਕੋ ਤਰ੍ਹਾਂ ਦੇ ਬਿਆਨ ਸੁਣ ਰਹੇ ਹਾਂ। ਤੁਹਾਨੂੰ ਵਿਚਾਲੇ ਰੋਕਣ ਦਾ ਹੋਰ ਮਤਲਬ ਨਾ ਕੱਢਣਾ। ਕਾਊਂਸਲਿੰਗ ਦਾ ਮਤਲਬ ‘ਖੋਲ੍ਹਣਾ ਅਤੇ ਬੰਦ’ ਕਰਨਾ ਨਹੀਂ ਹੈ। ਇਹ ਇਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ 6 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।’’ ਜਦੋਂ ਬੈਂਚ ਨੇ ਕਾਊਂਸਲਿੰਗ ਦੇ ਪਹਿਲੇ ਰਾਊਂਡ ਦੀ ਮਿਆਦ ਬਾਰੇ ਪੁੱਛਿਆ ਤਾਂ ਉਥੇ ਹਾਜ਼ਰ ਵਕੀਲਾਂ ’ਚੋਂ ਇਕ ਨੇ ਕਿਹਾ ਕਿ ਇਹ ਤਕਰੀਬਨ ਇਕ ਹਫ਼ਤੇ ਤੱਕ ਚਲੇਗੀ। ਬੈਂਚ ਨੇ ਕਾਊਂਸਲਿੰਗ ਪ੍ਰਕਿਰਿਆ ਮੁਲਤਵੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਐੱਨਟੀਏ, ਕੇਂਦਰ ਅਤੇ ਹੋਰ ਧਿਰਾਂ ਵੱਲੋਂ ਪੇਸ਼ ਵਕੀਲ ਦੋ ਹਫ਼ਤੇ ਦੇ ਅੰਦਰ ਅਰਜ਼ੀ ’ਤੇ ਆਪਣਾ ਜਵਾਬ ਦਾਖ਼ਲ ਕਰ ਸਕਦੇ ਹਨ। ਬੈਂਚ ਨੇ ਐੱਨਟੀਏ ਨੂੰ ਕੁਝ ਨਿਰਦੇਸ਼ ਦੇਣ ਦੀ ਬੇਨਤੀ ਕਰਨ ਵਾਲੀ ਇਕ ਵੱਖਰੀ ਅਰਜ਼ੀ ’ਤੇ ਵੀ ਵਿਚਾਰ ਕੀਤਾ। ਅਰਜ਼ੀਕਾਰ ਵੱਲੋਂ ਪੇਸ਼ ਵਕੀਲ ਨੇ 23 ਜੂਨ ਨੂੰ ਦੁਬਾਰਾ ਹੋਣ ਵਾਲੀ ਪ੍ਰੀਖਿਆ ਦਾ ਮੁੱਦਾ ਚੁੱਕਿਆ ਅਤੇ ਦੋਸ਼ ਲਾਇਆ ਕਿ ਐੱਨਟੀਏ ਨੇ ਕੁਝ ਅਹਿਮ ਜਾਣਕਾਰੀ ਛੁਪਾ ਲਈ ਹੈ। ਇਸ ਮਗਰੋਂ ਬੈਂਚ ਨੇ ਐੱਨਟੀਏ ਦੇ ਵਕੀਲ ਤੋਂ ਅਰਜ਼ੀ ’ਤੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਅਤੇ ਇਸ ਨੂੰ 8 ਜੁਲਾਈ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ। ਅਰਜ਼ੀਕਾਰ ਦੇ ਵਕੀਲ ਨੇ ਸੁਣਵਾਈ ਦੌਰਾਨ ਮੁੜ ਪ੍ਰੀਖਿਆ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਮੀਦਵਾਰਾਂ ਨੂੰ ਦੁਬਾਰਾ ਪ੍ਰੀਖਿਆ ਦੇਣ ਦੇ ਤਣਾਅ ’ਚੋਂ ਗੁਜ਼ਰਨਾ ਪਵੇਗਾ। ਬੈਂਚ ਨੇ ਕਿਹਾ ਕਿ ਜਦੋਂ 5 ਮਈ ਦੀ ਮੁੱਖ ਪ੍ਰੀਖਿਆ ਰੱਦ ਹੋ ਸਕਣ ਦੀ ਸੰਭਾਵਨਾ ਹੈ ਤਾਂ ਸਾਰਾ ਕੁਝ ਰੱਦ ਕੀਤਾ ਜਾ ਸਕਦਾ ਹੈ। -ਪੀਟੀਆਈ

Advertisement

ਭਾਜਪਾ ਦਾ ਭ੍ਰਿਸ਼ਟਾਚਾਰ ਦੇਸ਼ ਨੂੰ ਕਰ ਰਿਹੈ ਕਮਜ਼ੋਰ: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੇਪਰ ਲੀਕ ਮਾਮਲੇ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਦੇ ਰਾਜ ’ਚ ਇਹ ਇਕ ਕੌਮੀ ਮੁੱਦਾ ਬਣ ਗਿਆ ਹੈ ਜਿਸ ਨੇ ਕਰੋੜਾਂ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ‘ਐਕਸ’ ’ਤੇ ਪਾਈ ਪੋਸਟ ’ਚ ਪ੍ਰਿਯੰਕਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ 43 ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ। ਕਾਂਗਰਸ ਆਗੂ ਨੇ ਕਿਹਾ ਕਿ ਨੌਜਵਾਨਾਂ ਨੂੰ ਹੁਨਰਮੰਦ ਅਤੇ ਸਮਰੱਥ ਬਣਾਉਣ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਨੂੰ ਕਮਜ਼ੋਰ ਬਣਾ ਰਹੀ ਹੈ। ਪ੍ਰਿਯੰਕਾ ਨੇ ਕਿਹਾ ਕਿ ਬੱਚਿਆਂ ਦਾ ਫਾਰਮ ਭਰਨ ਮਗਰੋਂ ਸਾਰਾ ਪੈਸਾ ਭ੍ਰਿਸ਼ਟਾਚਾਰ ਕਾਰਨ ਬਰਬਾਦ ਹੋ ਜਾਂਦਾ ਹੈ। -ਪੀਟੀਆਈ

Advertisement

ਪੇਪਰ ਲੀਕ ਦੇ ਮੁੱਖ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਮਾਇਆਵਤੀ

ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਨੀਟ-ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਮੁੱਖ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ। ਮਾਇਆਵਤੀ ਨੇ ‘ਐਕਸ’ ’ਤੇ ਕਿਹਾ, ‘‘ਸਰਕਾਰ ਨੂੰ ਨੀਟ ਪੇਪਰ ਲੀਕ ਮਾਮਲੇ ’ਚ ਮੁੱਖ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਉਸ ਦਾ ਸਿੱਟਾ ਬੇਕਸੂਰ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।’’ ਬਸਪਾ ਮੁਖੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ਦੀ ਆੜ ਹੇਠ ਸਿਆਸਤ ਕਰਨਾ ਸਹੀ ਨਹੀਂ ਹੈ। -ਪੀਟੀਆਈ

ਐੱਨਟੀਏ ਵੱਲੋਂ ਯੂਜੀਸੀ-ਨੈੱਟ ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ: ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ 25 ਤੋਂ 27 ਜੂਨ ਤਕ ਹੋਣ ਵਾਲੀ ਜੁਆਇੰਟ ਸੀਐੱਸਆਈਆਰ-ਯੂਜੀਸੀ-ਨੈੱਟ ਪ੍ਰੀਖਿਆ ਅੱਜ ਮੁਲਤਵੀ ਕਰ ਦਿੱਤੀ ਹੈ। ਐੱਨਟੀਏ ਨੇ ਨਾ ਟਾਲੇ ਜਾ ਸਕਣ ਵਾਲੇ ਹਾਲਾਤ ਤੇ ਢੋਅ-ਢੁਆਈ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਇਹ ਪ੍ਰੀਖਿਆ ਮੁਲਤਵੀ ਕੀਤੀ ਹੈ। ਐੱਨਟੀਏ ਵੱਲੋਂ ਅੱਜ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘‘ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਤੋਂ 27 ਜੂਨ ਤੱਕ ਹੋਣ ਵਾਲੀ ਜੁਆਇੰਟ ਸੀਐੱਸਆਈਆਰ-ਯੂਜੀਸੀ-ਨੈੱਟ ਪ੍ਰੀਖਿਆ ਨਾ ਟਾਲੀਆਂ ਜਾ ਸਕਣ ਵਾਲੀਆਂ ਪਰਸਥਿਤੀਆਂ ਤੇ ਢੋਅ-ਢੁਆਈ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਦੇ ਸੋਧੇ ਹੋਏ ਪ੍ਰੋਗਰਾਮ ਦਾ ਐਲਾਨ ਬਾਅਦ ਵਿੱਚ ਅਧਿਕਾਰਿਤ ਵੈੱਬਸਾਈਟ ’ਤੇ ਕੀਤਾ ਜਾਵੇਗਾ।’’ -ਪੀਟੀਆਈ

Advertisement
Author Image

Advertisement