ਪੁਰਾਣੀਆਂ ਵੋਟਾਂ ਦੇ ਆਧਾਰ ’ਤੇ ਨਤੀਜਾ ਐਲਾਨ ਸਕਦੈ ਸੁਪਰੀਮ ਕੋਰਟ
* ਬੈਲੇਟ ਪੇਪਰ ਤੇ ਹੋਰ ਰਿਕਾਰਡ ਅੱਜ ਬਾਅਦ ਦੁਪਹਿਰ 2 ਵਜੇ ਕੋਰਟ ਵਿਚ ਪੇਸ਼ ਕਰਨ ਦੇ ਹੁਕਮ
* ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜ-ਝੰਬ
* ਮੁਕੱਦਮਾ ਚਲਾਉਣ ਦੀ ਮੁੜ ਦਿੱਤੀ ਚਿਤਾਵਨੀ
* ਕੌਂਸਲਰਾਂ ਦੀ ਖਰੀਦੋ-ਫਰੋਖ਼ਤ ’ਤੇ ਫ਼ਿਕਰ ਜਤਾਇਆ
ਨਵੀਂ ਦਿੱਲੀ, 19 ਫਰਵਰੀ
ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਮਾਮਲੇ ਵਿਚ ਕੌਂਸਲਰਾਂ ਦੀ ‘ਖਰੀਦੋ ਫਰੋਖਤ’ ਉੱਤੇ ਵੱਡੀ ਫ਼ਿਕਰ ਜਤਾਉਂਦਿਆਂ ਅੱਜ ਕਿਹਾ ਕਿ ਉਹ ਭਲਕੇ ਬੈਲੇਟ ਪੇਪਰ ਤੇ ਵੀਡੀਓ ਰਿਕਾਰਡਿੰਗਾਂ ਸਣੇ ਹੋਰ ਰਿਕਾਰਡ ਦੀ ਮੁਕੰਮਲ ਪੜਚੋਲ ਮਗਰੋਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਥਾਂ ਪਹਿਲਾਂ ਪਈਆਂ ਵੋਟਾਂ ਦੇ ਅਧਾਰ ’ਤੇ ਹੀ ਚੋਣ ਨਤੀਜਾ ਐਲਾਨੇ ਜਾਣ ਬਾਰੇ ਵਿਚਾਰ ਕਰ ਸਕਦੀ ਹੈ। ਸਰਵਉੱਚ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ 20 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਰਜਿਸਟਰਾਰ ਜਨਰਲ ਨੂੰ ਸਾਰਾ ਰਿਕਾਰਡ ਸੁਰੱਖਿਅਤ ਦਿੱਲੀ ਪਹੁੰਚਾਉਣ ਲਈ ਜ਼ਰੂਰੀ ਸੁਰੱਖਿਆ ਪ੍ਰਬੰਧ ਦੇ ਨਾਲ ਜੁਡੀਸ਼ਲ ਅਧਿਕਾਰੀ ਦੀ ਤਾਇਨਾਤੀ ਲਈ ਵੀ ਕਿਹਾ ਹੈ। ਬੈਂਚ ਨੇ ਮੇਅਰ ਦੀ ਚੋਣ ਲਈ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ‘ਬੈਲੇਟ ਪੇਪਰਾਂ ਨਾਲ ਛੇੜਖਾਨੀ’ ਲਈ ਉਸ ਖਿਲਾਫ਼ ਮੁਕੱਦਮਾ ਚਲਾਉਣਾ ਬਣਦਾ ਹੈ।
ਬੈਂਚ ਨੇ ਕਿਹਾ, ‘‘ਅਸੀਂ ਭਲਕੇ ਬਾਅਦ ਦੁਪਹਿਰ 2 ਵਜੇ ਖੁ਼ਦ ਸਾਰਾ ਰਿਕਾਰਡ ਦੇਖਾਂਗੇ।’’ ਸੀਜੇਆਈ ਨੇ ਮੇਅਰ ਦੀ ਚੋਣ ਦਾ ਮਾਮਲਾ ਭਲਕੇ ਮੰਗਲਵਾਰ ਦੀ ਥਾਂ ਕਿਸੇ ਹੋਰ ਦਿਨ ਸੁਣੇ ਜਾਣ ਦੀ ਦਰਖਾਸਤ ਰੱਦ ਕਰਦਿਆਂ ਕਿਹਾ, ‘‘ਖਰੀਦੋ-ਫਰੋਖ਼ਤ ਹੋ ਰਹੀ ਹੈ।’’ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ, ਜੋ ਸਰਵਉੱਚ ਅਦਾਲਤ ਦੇ ਹੁਕਮਾਂ ਮਗਰੋਂ ਅੱਜ ਕੋਰਟ ਵਿਚ ਹਾਜ਼ਰ ਸੀ, ਨੂੰ ਜੱਜਾਂ ਨੇ ਬੈਲੇਟ ਪੇਪਰਾਂ ਨਾਲ ਕਥਿਤ ਛੇੜਛਾੜ ਬਾਰੇ ਸਵਾਲ ਕੀਤੇ। ਸੀਜੇਆਈ ਚੰਦਰਚੂੜ ਨੇ ਕਿਹਾ, ‘‘ਇਹ ਬਹੁਤ ਗੰਭੀਰ ਮਸਲਾ ਹੈ....ਜੇਕਰ ਕੋਈ ਧੋਖਾਧੜੀ ਜਾਂ ਫ਼ਰੇਬ ਸਾਹਮਣੇ ਆਇਆ ਤਾਂ ਤੁਹਾਡੇ ਖਿਲਾਫ਼ ਮੁਕੱਦਮਾ ਚਲਾਇਆ ਜਾਵੇਗਾ....ਤੁਸੀਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ ਤੇ ਬੈਲੇਟ ਪੇਪਰ ’ਤੇ ਨਿਸ਼ਾਨ ਕਿਉਂ ਲਾਏ?’’ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਮਸੀਹ ਨੇ ਕਿਹਾ ਕਿ ਉਸ ਨੇ ਪਹਿਲਾਂ ਤੋਂ ‘ਅਵੈਧ’ ਅੱਠ ਬੈਲੇਟ ਪੇਪਰਾਂ ’ਤੇ ‘ਕਰਾਸ’ ਦਾ ਨਿਸ਼ਾਨ ਲਾਇਆ ਸੀ। ਮਸੀਹ ਨੇ ਆਮ ਆਦਮੀ ਪਾਰਟੀ (ਆਪ) ਕੌਂਸਲਰਾਂ ’ਤੇ ਹੁੱਲੜਬਾਜ਼ੀ ਕਰਨ ਤੇ ਬੈਲੇਟ ਪੇਪਰ ਖੋਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਮਸੀਹ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਉਹ ਕਾਊਂਟਿੰਗ ਸੈਂਟਰ ਵਿਚ ਸੀਸੀਟੀਵੀ ਕੈਮਰੇ ਵੱਲ ਦੇਖ ਰਿਹਾ ਸੀ। ਮਸੀਹ ਨੇ ਕਿਹਾ ਕਿ ਉਸ ਨੇ ਅੱਠ ਬੈਲੇਟ ਪੇਪਰਾਂ ਨੂੰ ਹੋਰਨਾਂ ਨਾਲੋਂ ਅੱਡ ਰੱਖਣ ਲਈ ਹੀ ਉਨ੍ਹਾਂ ’ਤੇ ਨਿਸ਼ਾਨ ਲਾਏ ਸਨ। ਇਸ ’ਤੇ ਬੈਂਚ ਨੇ ਕਿਹਾ, ‘‘ਇਸ ਦਾ ਮਤਲਬ ਤੁਸੀਂ ਬੈਲੇਟ ਪੇਪਰਾਂ ’ਤੇ ਨਿਸ਼ਾਨ ਲਾਏ। ਉਸ ਖਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ। ਚੋਣ ਜਮਹੂਰੀਅਤ ਵਿਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’’ ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਵੀ ਰਿਟਰਨਿੰਗ ਅਧਿਕਾਰੀ(ਮਸੀਹ) ਦੀ ਝਾੜ-ਝੰਬ ਕੀਤੀ ਸੀ। ਕੋਰਟ ਨੇ ਉਦੋਂ ਕਿਹਾ ਸੀ ਕਿ ਉਸ ਨੇ ‘ਜਮਹੂਰੀਅਤ ਦਾ ਕਤਲ’ ਕੀਤਾ ਹੈ। ਕੋਰਟ ਨੇ ਕਿਹਾ ਸੀ ਸਪਸ਼ਟ ਹੈ ਕਿ ਮਸੀਹ ਨੇ ਬੈਲੇਟ ਪੇਪਰਾਂ ਨਾਲ ਛੇੜਖਾਨੀ ਕੀਤੀ ਤੇ ਉਸ ਖਿਲਾਫ਼ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਕੋਰਟ ਨੇ ਉਦੋਂ ਸਾਰਾ ਚੋਣ ਰਿਕਾਰਡ (ਬੈਲਟ ਪੇਪਰਜ਼, ਵੀਡੀਓਗ੍ਰਾਫ਼ੀ ਤੇ ਹੋਰ ਸਮੱਗਰੀ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੀ ਕਸਟਡੀ ਵਿਚ ਸੰਭਾਲ ਕੇ ਰੱਖਣ ਦੀ ਹਦਾਇਤ ਕੀਤੀ ਸੀ। ਚੰਡੀਗੜ੍ਹ ਮੇਅਰ ਦੀ ਚੋਣ ਵਿਚ ‘ਆਪ’ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਆਮ ਆਦਮੀ ਪਾਰਟੀ ਕੌਂਸਲਰ ਕੁਲਦੀਪ ਕੁਮਾਰ ਨੇ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰਨ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸਰਵਉੱਚ ਅਦਾਲਤ ’ਚ ਚੁਣੌਤੀ ਦਿੱਤੀ ਸੀ। ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਨੇ 30 ਜਨਵਰੀ ਨੂੰ ਹੋਈ ਚੋਣ ਵਿਚ ਕਾਂਗਰਸ-ਆਪ ਗੱਠਜੋੜ ਦੀਆਂ ਅੱਠ ਵੋਟਾਂ ਨੂੰ ਅਯੋਗ ਠਹਿਰਾ ਕੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ ਜੇਤੂ ਐਲਾਨ ਦਿੱਤਾ ਸੀ। ਸੋਨਕਰ ਨੂੰ 16 ਜਦੋਂਕਿ ‘ਆਪ’ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ ਸਨ। ਸੋਨਕਰ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ। -ਪੀਟੀਆਈ
ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਗ਼ਲਤ ਤਰੀਕੇ ਨਾਲ ਜਿੱਤੀ ਸੀ: ਕੇਜਰੀਵਾਲ
ਨਵੀਂ ਦਿੱਲੀ (ਮਨਧੀਰ ਿਸੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭਾਜਪਾ ਨੇਤਾ ਦੇ ਚੰਡੀਗੜ੍ਹ ਨਗਰ ਨਿਗਮ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਗ਼ਲਤ ਢੰਗ-ਤਰੀਕੇ ਵਰਤ ਕੇ ਚੋਣਾਂ ਜਿੱਤੀਆਂ ਸਨ। ਦਿੱਲੀ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮਨੋਜ ਸੋਨਕਰ ਦੇ ਅਸਤੀਫ਼ੇ ਤੋਂ ਸਪੱਸ਼ਟ ਹੈ ਕਿ ਮੇਅਰ ਦੀ ਚੋਣ ਗ਼ਲਤ ਤਰੀਕੇ ਨਾਲ ਜਿੱਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਢੰਗ-ਤਰੀਕਿਆਂ ਨਾਲ ਉਹ ਹੋਰ ਚੋਣਾਂ ਵੀ ਜਿੱਤਦੇ ਹਨ। ਜੇ ਉਹ ਨਹੀਂ ਜਿੱਤਦੇ ਤਾਂ ਉਹ ਜਿੱਤਣ ਵਾਲੀ ਪਾਰਟੀ ਦੇ ਨੇਤਾਵਾਂ ਨੂੰ ਖ਼ਰੀਦ ਲੈਂਦੇ ਹਨ। ਜੇਕਰ ਚੋਣਾਂ ਗ਼ਲਤ ਢੰਗ ਨਾਲ ਜਿੱਤੀਆਂ ਗਈਆਂ ਤਾਂ ਜਮਹੂਰੀ ਦੇਸ਼ ਕਿਵੇਂ ਚੱਲੇਗਾ? ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚੋਣਾਂ ਜਿੱਤਣ ਵਾਲੀ ਪਾਰਟੀ ਨੂੰ ਸਰਕਾਰ ਚਲਾਉਣ ਦੇਣੀ ਚਾਹੀਦੀ ਹੈ। ਉਧਰ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਕੌਂਸਲਰ ਆਪਣੀ ਮਰਜ਼ੀ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਕਿਉਂਕਿ ‘ਆਪ’ ਆਗੂਆਂ ਨਾਲ ਝੂਠੇ ਵਾਅਦੇ ਕਰ ਰਹੀ ਹੈ।