ਸੁਪਰੀਮ ਕੋਰਟ ਵੱਲੋਂ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ‘ਜਨਤਕ ਮੁਆਫ਼ੀ ਮੰਗਣ’ ਦੀ ਇਜਾਜ਼ਤ
ਨਵੀਂ ਦਿੱਲੀ, 16 ਅਪਰੈਲ
ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਨੂੰ ‘ਐਲੋਪੈਥੀ’ ਨੂੰ ਨੀਵਾਂ ਦਿਖਾਉਣ’ ਦੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਅੱਜ ਚਿਤਾਵਨੀ ਦਿੱਤੀ ਹੈ ਅਤੇ ਪਤੰਜਲੀ ਆਯੁਰਵੈਦਿਕ ਲਿਮਿਟਡ ਖ਼ਿਲਾਫ਼ ਭਰਮਾਊ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਮਾਣਹਾਨੀ ਦੀ ਕਾਰਵਾਈ ਦੇ ਸਬੰਧ ਵਿੱਚ ਇਕ ਹਫ਼ਤੇ ਦੇ ਅੰਦਰ ‘ਜਨਤਕ ਮੁਆਫ਼ੀ ਮੰਗਣ ਅਤੇ ਪਛਤਾਵਾ ਕਰਨ’ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਹਾਲਾਂਕਿ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜੇ ਉਨ੍ਹਾਂ ਨੂੰ ਇਸ ਪੜਾਅ ’ਤੇ ਰਾਹਤ ਨਹੀਂ ਦੇਣ ਜਾ ਰਹੀ ਹੈ।
ਸਿਖ਼ਰਲੀ ਅਦਾਲਤ 2022 ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ ਜਿਸ ਵਿੱਚ ਕੋਵਿਡ ਟੀਕਾਕਰਨ ਅਤੇ ਇਲਾਜ ਦੀਆਂ ਆਧੁਨਿਕ ਪ੍ਰਣਾਲੀਆਂ ਖ਼ਿਲਾਫ਼ ਗ਼ਲਤ ਪ੍ਰਚਾਰ ਦੀ ਇਕ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਸੁਣਵਾਈ ਦੌਰਾਨ ਰਾਮਦੇਵ ਤੇ ਬਾਲਕ੍ਰਿਸ਼ਨ ਦੋਵੇਂ ਨਿੱਜੀ ਤੌਰ ’ਤੇ ਹਾਜ਼ਰ ਸਨ ਅਤੇ ਦੋਹਾਂ ਵੱਲੋਂ ਪੇਸ਼ ਹੋਏ ਵਕੀਲ ਨੇ ਬਿਨਾ ਸ਼ਰਤ ਮੁਆਫ਼ੀ ਮੰਗੀ। ਉਨ੍ਹਾਂ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੂਦੀਨ ਅਮਾਨਉੱਲ੍ਹਾ ਦੇ ਬੈਂਚ ਨੂੰ ਕਿਹਾ ਕਿ ਉਹ ‘ਪਛਤਾਵਾ ਜ਼ਾਹਰ ਕਰਨ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਨੂੰ ਤਿਆਰ ਹਨ।
ਬੈਂਚ ਨੇ ਦੋਹਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ, ‘‘ਇਸ਼ਤਿਹਾਰਾਂ ਰਾਹੀਂ ਤੁਹਾਨੂੰ ਜੋ ਕਰਨਾ ਹੈ ਕਰੋ, ਅਸੀਂ ਇਸ ’ਤੇ ਟਿੱਪਣੀ ਨਹੀਂ ਕਰ ਰਹੇ ਹਾਂ ਪਰ ਇਸ ਸਮੇਂ ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਉਨ੍ਹਾਂ ਨੂੰ ਇਸ ਤੋਂ ਰਾਹਤ ਮਿਲ ਗਈ ਹੈ।’’ ਰੋਹਤਗੀ ਦੀ ਇਸ ਦਲੀਲ ’ਤੇ ਗੌਰ ਕਰਦੇ ਹੋਏ ਕਿ ਪਛਤਾਵਾ ਕਰਨ ਲਈ ਰਾਮਦੇਵ ਤੇ ਬਾਲਕ੍ਰਿਸ਼ਨ ਨੇ ਇਕਪਾਸੜ ਕੁਝ ਕਦਮ ਉਠਾਉਣ ਦਾ ਪ੍ਰਸਤਾਵ ਰੱਖਿਆ ਹੈ, ਬੈਂਚ ਨੇ ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਅਤੇ ਮਾਮਲੇ ਦੀ ਸੁਣਵਾਈ 23 ਅਪਰੈਲ ਨੂੰ ਕਰਨੀ ਤੈਅ ਕੀਤੀ। ਅੱਜ ਦੀ ਸੁਣਵਾਈ ਦੌਰਾਨ ਬੈਂਚ ਨੇ ਰਾਮਦੇਵ ਤੇ ਬਾਲਕ੍ਰਿਸ਼ਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦਿੱਤੇ ਗਏ ਭਰੋਸੇ ਅਤੇ ਉਸ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਿਉਂ ਕੀਤੀ।
ਜਸਟਿਸ ਕੋਹਲੀ ਨੇ ਰਾਮਦੇਵ ਨੂੰ ਕਿਹਾ, ‘‘ਅਸੀਂ ਸਮਝਣਾ ਚਾਹੁੰਦੇ ਹਾਂ। ਬਾਬਾ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਦੋਵੇਂ ਇੱਥੇ ਹਨ। ਤੁਹਾਡਾ ਕਾਫੀ ਸਨਮਾਨ ਹੈ..ਲੋਕ ਤੁਹਾਨੂੰ ਦੇਖਦੇ ਹਨ, ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦੇ ਹਨ। ਤੁਸੀਂ ਯੋਗ ਵਾਸਤੇ ਬਹੁਤ ਸਾਰੇ ਕੰਮ ਕੀਤੇ ਹਨ।’’
ਰਾਮਦੇਵ ਨੇ ਹੱਥ ਜੋੜ ਕੇ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਜਿਹੜੀ ਵੀ ਗ਼ਲਤੀ ਕੀਤੀ ਉਸ ਵਾਸਤੇ ਮੈਂ ਬਿਨਾ ਸ਼ਰਤ ਮੁਆਫ਼ੀ ਮੰਗ ਲਈ ਹੈ।’’
ਜਸਟਿਸ ਕੋਹਲੀ ਨੇ ਰਾਮਦੇਵ ਨੂੰ ਉਸ ਪੱਤਰਕਾਰ ਮਿਲਣੀ ਬਾਰੇ ਪੁੱਛਿਆ ਜਿਹੜਾ ਕਿ ਉਨ੍ਹਾਂ ਨੇ ਪਿਛਲੇ ਸਾਲ 21 ਨਵੰਬਰ ਨੂੰ ਸੁਪਰੀਮ ਕੋਰਟ ਦੇ ਉਨ੍ਹਾਂ ਹੁਕਮਾਂ ਤੋਂ ਬਾਅਦ ਕੀਤੀ ਸੀ ਜਿਸ ਵਿੱਚ ਪਤੰਜਲੀ ਆਯੂਰਵੈਦ ਵੱਲੋਂ ਪੇਸ਼ ਹੋਏ ਵਕੀਲ ਦੁਆਰਾ ਦਿੱਤੇ ਗਏ ਹਲਫ਼ਨਾਮੇ ਦਾ ਨੋਟਿਸ ਲਿਆ ਗਿਆ ਸੀ।
ਮੰਗਲਵਾਰ ਦੀ ਸੁਣਵਾਈ ਦੌਰਾਨ ਰਾਮਦੇਵ ਨੇ ਬੈਂਚ ਨੂੰ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਤੋਂ ਅਦਾਲਤ ਦਾ ਨਿਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇਸੇ ਤਰ੍ਹਾਂ ਬਾਲਕ੍ਰਿਸ਼ਨ ਨੇ ਵੀ ਗ਼ਲਤੀ ਲਈ ਮੁਆਫ਼ੀ ਮੰਗੀ। -ਪੀਟੀਆਈ