ਬੱਦਲਾਂ ਹੇਠ ਛੁਪਿਆ ਸੂਰਜ
ਅਵਤਾਰ ਐੱਸ. ਸੰਘਾ
ਪ੍ਰੋ. ਪ੍ਰਤਾਪ ਸਿੰਘ ਦੀ ਉਮਰ 70 ਤੋਂ ਉੱਪਰ ਸੀ ਤੇ ਉਹ ਹੁਣ ਆਪਣੇ ਪਰਿਵਾਰ ਸਮੇਤ ਮੁਹਾਲੀ ਵਿਖੇ ਸੇਵਾਮੁਕਤ ਜ਼ਿੰਦਗੀ ਬਸਰ ਕਰ ਰਿਹਾ ਸੀ। ਉਸ ਨੇ 1974 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਸੀ। ਉਸ ਦੇ ਲੜਕੇ ਸੁਮਿਤ ਨੇ ਹੁਣੇ-ਹੁਣੇ ਮੁਹਾਲੀ ਦੀ ਇੱਕ ਮਸ਼ਹੂਰ ਸੰਸਥਾ ਤੋਂ ਬੀ. ਟੈੱਕ ਕੀਤੀ ਸੀ। ਅੱਜ ਸੁਮਿਤ ਦੀ ਸੰਸਥਾ ਵਿੱਚ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਸੀ। ਉਹ ਤਿੰਨ ਸਰਟੀਫਿਕੇਟ ਅਤੇ ਤਿੰਨ ਇਨਾਮ ਘਰ ਲੈ ਕੇ ਆਇਆ ਸੀ। ਉਹ ਦੋ ਮਜ਼ਮੂਨਾਂ ਵਿੱਚ ਫਸਟ ਆਇਆ ਸੀ ਤੇ ਸਮੁੱਚੇ ਨੰਬਰਾਂ ਵਿੱਚ ਵੀ ਉਹ ਅੱਵਲ ਰਿਹਾ ਸੀ। ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ। ਮਠਿਆਈਆਂ ਨੂੰ ਭੋਗ ਲਗਾਉਣ ਤੋਂ ਬਾਅਦ ਪਿਉ-ਪੁੱਤਰ ਆਪਣਾ ਅਤੀਤ ਫੋਲ ਕੇ ਬੈਠ ਗਏ। ਅਸਲ ਵਿੱਚ ਸੁਮਿਤ ਦੇ ਮਨ ਵਿੱਚ ਕੁੱਝ ਸਵਾਲ ਖੌਰੂ ਪਾ ਰਹੇ ਸਨ। ਉਹ ਇਹ ਸਵਾਲ ਆਪਣੇ ਪਿਤਾ ਜੀ ਨੂੰ ਪੁੱਛਣਾ ਚਾਹੁੰਦਾ ਸੀ।
‘‘ਡੈਡੀ, ਤੁਸੀਂ ਬੀ.ਏ. ਕਦੋਂ ਕੀਤੀ ਸੀ?’’
‘‘ਬੇਟੇ, ਤੇਰਾ ਮਤਲਬ ਕਿਸ ਸਾਲ?’’
‘‘ਜੀ ਹਾਂ।’’
‘‘1972 ਵਿੱਚ।’’
‘‘ਤੁਹਾਡੇ ਇਨਾਮ ਕਿੱਥੇ ਹਨ? ਮੈਂ ਤੁਹਾਨੂੰ ਘਰ ਵਿੱਚ ਕਈ ਵਾਰ ਕਹਿੰਦੇ ਸੁਣਦਾ ਆ ਰਿਹਾ ਹਾਂ ਕਿ ਤੁਸੀਂ ਆਪਣੇ ਕਾਲਜ ਵਿੱਚ ਅੱਵਲ ਨੰਬਰ ਲਿਆ ਕਰਦੇ ਸੀ। ਤੁਸੀਂ ਇਹ ਕਹਿ ਕੇ ਬੜਾ ਰੋਅਬ ਪਾਉਂਦੇ ਰਹੇ ਹੋ ਕਿ ਤੁਸੀਂ ਬਹੁਤ ਮਿਹਨਤੀ ਤੇ ਹੁਸ਼ਿਆਰ ਵਿਦਿਆਰਥੀ ਹੁੰਦੇ ਸੀ।’’
‘‘ਪੁੱਤਰ, ਕੀ ਤੂੰ ਸੋਚਦਾ ਹੈ ਕਿ ਮੈਂ ਗੱਪਾਂ ਮਾਰਦਾ ਸੀ? ਬੱਚੇ, ਹੋਸ਼ ਨਾਲ ਗੱਲ ਕਰਿਆ ਕਰ।’’
‘‘ਡੈਡ, ਮੈਂ ਛੋਟੇ ਹੁੰਦੇ ਤੋਂ ਘਰ ਵਿੱਚ ਕਦੀ ਵੀ ਤੁਹਾਡੇ ਵੱਲੋਂ ਜਿੱਤਿਆ ਹੋਇਆ ਕੋਈ ਵੀ ਇਨਾਮ ਨਹੀਂ ਦੇਖਿਆ। ਨਾ ਕੋਈ ਪੁਸਤਕ ਤੇ ਨਾ ਕੋਈ ਯਾਦ ਚਿੰਨ੍ਹ ਜਿਨ੍ਹਾਂ ਤੋਂ ਤੁਹਾਡੀ ਵਿਲੱਖਣ ਪ੍ਰਾਪਤੀ ਦਾ ਪਤਾ ਲੱਗ ਸਕੇ। ਤੁਸੀਂ ਛਾਤੀ ਠੋਕ ਕੇ ਕਹਿੰਦੇ ਰਹੇ ਹੋ ਕਿ ਤੁਸੀਂ ਸਾਰੇ ਕਾਲਜ ਵਿੱਚ ਹੁਸ਼ਿਆਰ ਵਿਦਿਆਰਥੀ ਹੁੰਦੇ ਸੀ। ਆਹ ਦੇਖ ਲਓ, ਮੇਰੇ ਇਨਾਮ ਵੀ ਤੇ ਮੇਰੇ ਪ੍ਰਮਾਣ ਪੱਤਰ ਵੀ। ਮੇਰੇ ਇਹ ਇਨਾਮ ਭਵਿੱਖ ਵਿੱਚ ਘਰ ਵਿੱਚ ਸ਼ਿੰਗਾਰ ਦੇ ਰੂਪ ਵਿੱਚ ਪਏ ਰਹਿਣਗੇ। ਤੁਸੀਂ ਸ਼ੁਕਰ ਕਰੋ ਕਿ ਮੈਂ ਤੁਹਾਡੇ ਕਿਸੇ ਵੀ ਇਨਾਮ ਤੋਂ ਉਤਸ਼ਾਹ ਲਏ ਬਗੈਰ ਅੱਜ ਸਮੁੱਚੇ ਅੰਕਾਂ ਵਿੱਚ ਸਭ ਤੋਂ ਵੱਧ ਅੰਕ ਲੈ ਕੇ ਆਇਆ ਹਾਂ। ਤੁਹਾਨੂੰ ਮੈਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਜਦ ਮੈਂ ਆਪਣੇ ਦੋਸਤਾਂ ਦੇ ਘਰਾਂ ਵਿੱਚ ਜਾਂਦਾ ਹਾਂ ਤਾਂ ਉਨ੍ਹਾਂ ਦੇ ਘਰਾਂ ਦੇ ਅੰਗੀਠੀ ਪੋਸ਼ ਉੱਤੇ ਕਈ-ਕਈ ਇਨਾਮ ਤੇ ਯਾਦ ਚਿੰਨ੍ਹ ਪਏ ਦੇਖਦਾ ਹਾਂ। ਉਨ੍ਹਾਂ ਦੇ ਮਾਪਿਆਂ ਵੱਲੋਂ ਲਏ ਇਨਾਮ ਦੇਖ ਕੇ ਮੈਨੂੰ ਸ਼ਰਮ ਆਉਣ ਲੱਗ ਪੈਂਦੀ ਹੈ। ਮੈਂ ਸੋਚਣ ਲੱਗ ਪੈਂਦਾ ਹਾਂ ਕਿ ਮੇਰਾ ਬਾਪ ਅੰਗਰੇਜ਼ੀ ਪੜ੍ਹਾਉਂਦਾ ਰਿਹਾ, ਉੱਚੀ ਪੜ੍ਹਾਈ ਤੇ ਵਿਲੱਖਣ ਪ੍ਰਾਪਤੀ ਦੀ ਘਰ ਵਿੱਚ ਕੋਈ ਨਿਸ਼ਾਨੀ ਨਜ਼ਰ ਹੀ ਨਹੀਂ ਆ ਰਹੀ। ਮੇਰੇ ਕਈ ਦੋਸਤਾਂ ਦੇ ਬਾਪ ਉੱਤਮ ਦਰਜੇ ਦੇ ਖਿਡਾਰੀ ਸਨ। ਇੱਕ ਦਾ ਬਾਪ ਸਿਰੇ ਦਾ ਕਬੱਡੀ ਦਾ ਖਿਡਾਰੀ ਸੀ, ਇੱਕ ਦਾ ਬਾਪ ਡਾਕਟਰ ਰਿਹਾ ਏ। ਉਨ੍ਹਾਂ ਦੇ ਘਰ ਇਨਾਮਾਂ ਤੇ ਯਾਦ ਚਿੰਨ੍ਹਾਂ ਨਾਲ ਭਰੇ ਪਏ ਹਨ। ਇਹ ਇਨਾਮ ਮੇਰੇ ਇਨ੍ਹਾਂ ਦੋਸਤਾਂ ਨੂੰ ਆਪਣਾ ਜੀਵਨ ਬਣਾਉਣ ਤੇ ਸੰਵਾਰਨ ਵਿੱਚ ਬੜਾ ਉਤਸ਼ਾਹ ਦਿੰਦੇ ਰਹੇ ਹਨ। ਮੈਨੂੰ ਘਰ ਵਿੱਚ ਇੱਕ ਵੀ ਐਸੀ ਚੀਜ਼ ਨਜ਼ਰ ਨਹੀਂ ਆਉਂਦੀ ਜਿਹੜੀ ਤੁਹਾਡੇ ਉੱਚਤਮ ਅਕਾਦਮਿਕ ਕਰੀਅਰ ਦੀ ਸ਼ਾਹਦੀ ਭਰਦੀ ਹੋਵੇ।’’
‘‘ਕੀ ਤੇਰਾ ਲੈਕਚਰ ਖਤਮ ਹੋ ਗਿਆ, ਵੱਡਿਆ ਪੜ੍ਹਾਕੂਆ?’’
‘‘ਹਾਂ, ਮੈਂ ਹੋਰ ਕੁਝ ਨਹੀਂ ਕਹਿਣਾ। ਤੁਹਾਡੀ ਆਕੜ ਭੰਨਣੀ ਸੀ, ਉਹ ਮੈਂ ਭੰਨ ਦਿੱਤੀ। ਫੋਕੇ ਰੋਅਬ ਨੂੰ ਹਲੂਣਾ ਦੇਣਾ ਸੀ, ਉਹ ਮੈਂ ਦੇ ਦਿੱਤਾ। ਸਾਡਾ ਐਵੇਂ ਨੱਕ ’ਚ ਦਮ ਕਰੀ ਰੱਖਦੇ ਹੋ। ਆਪ ਪਤਾ ਨਹੀਂ ਕਿਵੇਂ ਡਿੱਗਦੇ-ਢਹਿੰਦੇ ਐੱਮ.ਏ. ਕੀਤੀ ਹੋਊ। ਮੇਰਾ ਇੱਕ ਜਮਾਤੀ ਹੈ। ਉਹਦੇ ਪਿਓ ਨੇ ਦੋ ਵਾਰ ਐੱਮ.ਏ. ਸੁਧਾਰੀ ਸੀ। ਦੋ ਸਾਲ ਵੱਧ ਲਗਾਏ ਸਨ ਤਾਂ ਕਿਤੇ ਮਸਾਂ-ਮਸਾਂ ਸੈਕਿੰਡ ਡਿਵੀਜ਼ਨ ਲਈ ਸੀ। ਚਾਰ ਸਾਲ ਵਿੱਚ 50% ਅੰਕ। ਅੱਜਕੱਲ੍ਹ ਦੇ ਮਾਪੇ ਐਵੇਂ ਬੱਚਿਆਂ ’ਤੇ ਰੋਅਬ ਪਾਉਂਦੇ ਰਹਿੰਦੇ ਨੇ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰਦੇ ਨਹੀਂ।’’
‘‘ਨਾਲੇ ਕਹਿੰਦਾ ਏਂ, ਤੇਰਾ ਲੈਕਚਰ ਮੁੱਕ ਗਿਆ। ਨਾਲੇ ਬੋਲੀ ਜਾਂਦਾ ਏਂ? ਮੈਂ ਬੋਲਾਂ ਹੁਣ?’’
‘‘ਬੋਲੋ।’’
‘‘ਸੁਣ ਫੇਰ! ਬੀ.ਏ. ਦੇ ਤਿੰਨ ਸਾਲ ਮੈਂ ਆਪਣੀ ਜਮਾਤ ਵਿੱਚ ਸਮੁੱਚੇ ਨੰਬਰ ਲੈਣ ’ਚ ਵੀ ਤੇ ਵਿਸ਼ੇ ਅਨੁਸਾਰ ਵੀ ਅੱਵਲ ਰਿਹਾ ਸਾਂ। ਹੁਣ ਮੈਂ ਤੈਨੂੰ ਸਕੂਲ ਤੋਂ ਹੀ ਦੱਸਦਾ ਹਾਂ।’’
‘‘ਓ.ਕੇ., ਡੈਡ।’’
‘‘ਸਾਡੇ ਸਮਿਆਂ ਵਿੱਚ ਪਿੰਡਾਂ ਵਿੱਚ ਮਾਡਲ ਸਕੂਲ ਤੇ ਨਿੱਜੀ ਸਕੂਲ ਨਹੀਂ ਸਨ ਹੁੰਦੇ। ਸਰਕਾਰੀ ਸਕੂਲਾਂ ਵਿੱਚ ਇਨਾਮ ਵੰਡ ਸਮਾਗਮ ਹੁੰਦੇ ਹੀ ਨਹੀਂ ਸਨ। ਜਿਹੜਾ ਕਾਲਜ ਮੈਂ ਬੀ.ਏ. ਕਰਨ ਲਈ ਚੁਣਿਆ ਉਹ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਨ ’ਤੇ ਸਾਡੇ ਨੇੜੇ ਦੇ ਕਸਬੇ ਵਿੱਚ ਖੁੱਲ੍ਹਿਆ ਸੀ। ਦੋ ਸਾਲ ਇਹ ਪ੍ਰਾਈਵੇਟ ਰਿਹਾ। ਜਮਾਤਾਂ ਵੀ ਦੋ ਹੀ ਸਨ- ਪ੍ਰੈਪ ਤੇ ਬੀ. ਏ. ਭਾਗ ਪਹਿਲਾ। ਫਿਰ ਇਸ ਨੂੰ ਯੂਨੀਵਰਸਿਟੀ ਨਾਲ ਮਾਨਤਾ ਮਿਲੀ। ਮੈਂ ਆਪਣੀ ਸਕੂਲ ਦੀ ਪੜ੍ਹਾਈ ਵੀ ਯੂਨੀਵਰਸਿਟੀ ਸਕੂਲ ’ਚ ਹੀ ਕੀਤੀ ਕਿਉਂਕਿ ਉਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਮੈਂ ਸਾਰੇ ਸਕੂਲ ’ਚੋਂ ਅੱਵਲ ਸਾਂ। ਨੇੜੇ ਖੁੱਲ੍ਹੇ ਕਾਲਜ ਨੇ ਮੈਨੂੰ ਸੱਦ ਕੇ ਕਾਲਜ ਵਿੱਚ ਦਾਖਲ ਕੀਤਾ, ਦਾਖਲਾ ਫੀਸ ਨਹੀਂ ਲਈ ਤੇ ਟਿਊਸ਼ਨ ਫੀਸ ਵੀ ਮੁਆਫ਼ ਕਰ ਦਿੱਤੀ। ਇੱਥੋਂ ਤੱਕ ਕਿ ਕੁਝ ਪੁਸਤਕਾਂ ਵੀ ਮੈਨੂੰ ਮੁਫ਼ਤ ਦੇਣਾ ਚਾਹੁੰਦੇ ਸਨ। ਇਹ ਮੈਂ ਨਹੀਂ ਲਈਆਂ। ਜਦੋਂ ਮੈਂ ਇਸ ਨਵੇਂ ਸ਼ੁਰੂ ਹੋਏ ਕਾਲਜ ਵਿੱਚ ਦਾਖਲ ਹੋ ਗਿਆ ਤਾਂ ਇੰਨੀ ਮਿਹਨਤ ਕੀਤੀ ਕਿ ਸਤੰਬਰ ਦੇ ਘਰੇਲੂ ਟੈਸਟ ਵਿੱਚ ਮੈਂ ਅੰਗਰੇਜ਼ੀ ਦੇ ਸੌ ਵਿੱਚੋਂ ਨੱਬੇ ਨੰਬਰ ਲੈ ਗਿਆ। ਜਦ ਪਹਿਲੇ ਪੀਰੀਅਡ ਵਿੱਚ ਪ੍ਰਿੰਸੀਪਲ ਨੇ ਪਰਚੇ ਵੰਡੇ ਮੈਂ ਜਮਾਤ ’ਚੋਂ ਗ਼ੈਰਹਾਜ਼ਰ ਸਾਂ।’’
‘‘ਅੱਛਾ! ਇਸ ਦਾ ਮਤਲਬ ਇਹ ਕਿ ਤੁਸੀਂ ਜਮਾਤਾਂ ਵਿੱਚੋਂ ਗ਼ੈਰਹਾਜ਼ਰ ਵੀ ਹੋ ਜਾਂਦੇ ਸੀ?’’
‘‘ਪਤੰਦਰਾ, ਸੁਣ ਵੀ। ਐਵੇਂ ਰੌਲਾ ਨਾ ਪਾਈ ਜਾ। ਉਸ ਦਿਨ ਬਹੁਤ ਭਾਰੀ ਬਾਰਸ਼ ਹੋਈ ਸੀ ਤੇ ਸਾਡੇ ਪਿੰਡ ਦੇ ਰਸਤੇ ਵਿੱਚ ਪਾਣੀ ਹੀ ਪਾਣੀ ਸੀ। ਪਿੰਡ ਦੀ ਸੜਕ ਤਾਂ ਕੱਚੀ ਹੈ ਹੀ ਸੀ। ਸਾਈਕਲਾਂ ਦੇ ਮਡਗਾਰਡਾਂ ਵਿੱਚ ਚੀਕਣੀ ਮਿੱਟੀ ਇੰਨੀ ਬੁਰੀ ਤਰ੍ਹਾਂ ਫਸ ਜਾਇਆ ਕਰਦੀ ਸੀ ਕਿ ਸਾਈਕਲਾਂ ਨੂੰ ਘਾਹ ’ਤੇ ਧੜੰਮ ਧੜੰਮ ਮਾਰ ਕੇ ਇਹ ਮਿੱਟੀ ਲਾਹੀਦੀ ਸੀ। ਮੈਂ ਔਖਾ-ਸੌਖਾ ਸਾਈਕਲ ਦੀ ਖਿੱਚ ਧੂਹ ਕਰਕੇ ਮਸਾਂ ਦੁਪਹਿਰ ਤੱਕ ਕਾਲਜ ਪਹੁੰਚਿਆ ਸਾਂ। ਸਾਡੇ ਦੋ ਪੀਰੀਅਡ ਅੰਗਰੇਜ਼ੀ ਦੇ ਹੋਇਆ ਕਰਦੇ ਸਨ- ਪਹਿਲਾ ਤੇ ਸੱਤਵਾਂ। ਜਦ ਮੈਂ ਸੱਤਵੇਂ ਪੀਰੀਅਡ ਵਿੱਚ ਅੰਗਰੇਜ਼ੀ ਵਿਆਕਰਨ ਦੀ ਜਮਾਤ ਵਿੱਚ ਗਿਆ ਤਾਂ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਪਰਚਾ ਦਿੱਤਾ ਤੇ ਨਾਲੇ ਮੇਰੇ ਬਾਰੇ ਜਮਾਤ ਵਿੱਚ ਲੈਕਚਰ ਵੀ ਦਿੱਤਾ। ਮੇਰੀ ਯਾਦ ਸ਼ਕਤੀ ਦੀ ਅੰਤਾਂ ਦੀ ਸਿਫਤ ਕੀਤੀ। ਜਦ ਮੈਂ ਆਪਣੀ ਉੱਤਰ ਪੱਤਰੀ ਫੜ ਕੇ ਇਕੱਲੇ ਇਕੱਲੇ ਸਵਾਲ ਦੇ ਨੰਬਰ ਗਿਣੇ ਤਾਂ ਜੋੜ 84 ਬਣਿਆ। ਮੈਂ ਸਾਹਿਬ ਨੂੰ ਦੱਸਿਆ ਕਿ ਟੋਟਲ 84 ਬਣਦਾ ਹੈ, ਨਾ ਕਿ 90, ਇਸ ’ਤੇ ਪ੍ਰਿੰਸੀਪਲ ਨੇ ਮੇਰੇ ਕੋਲੋਂ ਉੱਤਰ ਪੱਤਰੀ ਫੜ ਕੇ ਆਪ ਨੰਬਰ ਗਿਣੇ। ਦੁਬਾਰਾ ਫਿਰ ਗਿਣੇ। ਟੋਟਲ 84 ਹੀ ਨਿਕਲਿਆ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਮੇਰੀ ਇਮਾਨਦਾਰੀ ’ਤੇ ਸੰਖੇਪ ਜਿਹਾ ਲੈਕਚਰ ਦਿੱਤਾ। ਉਸ ਦਿਨ ਮੈਂ ਕਾਲਜ ਵਿੱਚ ਹੀਰੋ ਬਣ ਗਿਆ। ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਐੱਮ. ਏ. ਕਰਦੇ ਸਮੇਂ ਜੌਹਨ ਮਿਲਟਨ ਦੇ ਮਹਾਂਕਾਵਿ ‘ਪੈਰਾਡਾਈਜ਼ ਲੌਸਟ’ ਵਿੱਚ ਪੜ੍ਹਿਆ ਸੀ: ‘ਸਵਰਗਾਂ ਵਿੱਚ ਚਾਕਰੀ ਕਰਨ ਨਾਲੋਂ ਨਰਕਾਂ ਵਿੱਚ ਰਾਜ ਕਰਨਾ ਚੰਗਾ ਹੁੰਦਾ ਹੈ।’ ਛੋਟੇ ਕਾਲਜ ਵਿੱਚ ਹੀਰੋ ਬਣਨਾ ਵੱਡੇ ਕਾਲਜ ਵਿੱਚ ਪੱਛੜਿਆ ਹੋਇਆ ਵਿਦਿਆਰਥੀ ਬਣਨ ਨਾਲੋਂ ਚੰਗਾ ਹੁੰਦਾ ਏ। 80 ਵਿਦਿਆਰਥੀਆਂ ਦੀ ਜਮਾਤ ਵਿੱਚੋਂ ਅੱਵਲ ਰਹਿ ਕੇ ਮੈਨੂੰ ਇੰਨਾ ਉਤਸ਼ਾਹ ਮਿਲਿਆ ਕਿ ਮੈਂ ਬੀ. ਏ. ਦੇ ਆਖਰੀ ਸਾਲ ਤੱਕ ਅੱਵਲ ਹੀ ਰਹਿੰਦਾ ਚਲਾ ਗਿਆ। ਮੇਰੀ ਮਿਹਨਤ ਦੇਖ ਕੇ ਪ੍ਰਿੰਸੀਪਲ ਨੇ ਇਸ ਨਿੱਕੇ ਜਿਹੇ ਕਾਲਜ ਵਿੱਚ ਅੰਗਰੇਜ਼ੀ ਦੀ ਆਨਰਜ਼ ਦੀ ਜਮਾਤ ਸ਼ੁਰੂ ਕਰ ਦਿੱਤੀ। ਸਾਹਿਬ ਇਲਾਕੇ ਵਿੱਚ ਕਾਲਜ ਦਾ ਨਾਮ ਮਸ਼ਹੂਰ ਕਰਨਾ ਚਾਹੁੰਦਾ ਸੀ। ਕਾਲਜ ਦੀ ਇਮਾਰਤ ਸਿਰਫ਼ ਸਾਧਾਰਨ ਜਿਹੇ ਚਾਰ ਕਮਰਿਆਂ ਵਿੱਚ ਹੀ ਸੀ, ਇੱਕ ਕਮਰੇ ਵਿੱਚ ਪ੍ਰੈਪ ਕਲਾਸ, ਦੂਜੇ ਕਮਰੇ ਵਿੱਚ ਬੀ.ਏ. ਭਾਗ ਪਹਿਲਾ, ਇੱਕ ਵਿੱਚ ਛੋਟੀ ਜਿਹੀ ਲਾਇਬ੍ਰੇਰੀ ਤੇ ਇੱਕ ਵਿੱਚ ਸਾਹਿਬ ਦਾ ਦਫ਼ਤਰ। ਫੀਸ ਕਲਰਕ ਸਾਹਿਬ ਦੇ ਦਫ਼ਤਰ ਦੇ ਪਿਛਲੇ ਪਾਸੇ ਬਾਹਰ ਨੂੰ ਖੁੱਲ੍ਹਦੀ ਇੱਕ ਖਿੜਕੀ ਵਿੱਚ ਹੀ ਬਹਿੰਦਾ ਹੁੰਦਾ ਸੀ। ਇੱਕ ਪਾਸੇ ਟੁੱਟੀਆਂ ਜਿਹੀਆਂ ਲੇਡੀਜ਼ ਟਾਇਲਟਸ ਸਨ। ਪੁਰਸ਼ਾਂ ਲਈ ਟਾਇਲਟਸ ਕਿਧਰੇ ਮਾੜੀਆਂ ਮੋਟੀਆਂ ਹੀ ਸਨ। ਪ੍ਰਿੰਸੀਪਲ ਸਾਹਿਬ ਨੇ ਮੈਨੂੰ ਨਾਲ ਲੈ ਕੇ ਤੇ ਤਿੰਨ ਵਿਦਿਆਰਥੀ ਹੋਰ ਲੈ ਲਏ ਤੇ ਬੀ. ਏ. ਆਨਰਜ਼ ਅੰਗਰੇਜ਼ੀ ਦੀ ਜਮਾਤ ਸ਼ੁਰੂ ਕਰ ਦਿੱਤੀ। ਇਸ ਬਲੂੰਗੜੇ ਜਿਹੇ ਕਾਲਜ ਵਿੱਚ ਸਿਆਸਤ ਨੇ ਅਜੇ ਦਸਤਕ ਨਹੀਂ ਦਿੱਤੀ ਸੀ। ਮਿਹਨਤ ਅਤੇ ਤਿਆਰੀ ਦਾ ਮਾਹੌਲ ਠਾਠਾਂ ਮਾਰ ਰਿਹਾ ਸੀ। ਕਾਲਜ ਦੇ ਪਹਿਲੇ ਸਾਲ, ਭਾਵ ਬੀ. ਏ. ਭਾਗ ਦੂਜਾ ਵਿੱਚ ਮੈਂ 66% ਨੰਬਰ ਲੈ ਕੇ ਸਾਰੀ ਪੰਜਾਬ ਯੂਨੀਵਰਸਿਟੀ ਵਿੱਚ ਸੈਕਿੰਡ ਰਿਹਾ। ਜਿਹੜਾ ਮੁੰਡਾ ਸਾਰੀ ਯੂਨੀਵਰਸਿਟੀ ਵਿੱਚੋਂ ਅੱਵਲ ਆਇਆ ਉਹ ਜਾਟ ਕਾਲਜ ਹਿਸਾਰ ਦਾ ਸੀ।’’
‘‘ਡੈਡੀ, ਇਹ ਹਿਸਾਰ ਕਿੱਧਰੋਂ ਆ ਗਿਆ? ਇਹ ਹਰਿਆਣੇ ’ਚ ਕਿਵੇਂ ਜਾ ਵੜੇ? ਜੇ ਝੂਠ ਹੀ ਬੋਲਣਾ ਏ ਤਾਂ ਐਸਾ ਬੋਲੋ ਜਿਸ ’ਤੇ ਸੁਣਨ ਵਾਲੇ ਨੂੰ ਯਕੀਨ ਆ ਜਾਵੇ।’’
‘‘ਕਾਕਾ, ਬੰਦਿਆਂ ਵਾਂਗ ਗੱਲ ਸੁਣ। ਜੱਕੜਾਂ ਨਾ ਮਾਰ। ਮੈਨੂੰ ਪਤਾ ਏ, ਹਿਸਾਰ ਹਰਿਆਣੇ ਵਿੱਚ ਏ। ਕਾਕਾ, ਮੈਂ ਤੈਨੂੰ ਜੰਮਿਆ ਏ, ਨਾ ਕਿ ਤੂੰ ਮੈਨੂੰ। ਉਸ ਸਮੇਂ ਹਰਿਆਣੇ ਦੇ ਬਹੁਤੇ ਕਾਲਜ ਪੰਜਾਬ ਯੂਨੀਵਰਸਿਟੀ ਵਿੱਚ ਹੀ ਹੋਇਆ ਕਰਦੇ ਸਨ। ਹਰਿਆਣਾ 1966 ਵਿੱਚ ਅਜੇ ਬਣਿਆ ਹੀ ਸੀ। ਉੱਥੇ ਕਈ ਯੂਨੀਵਰਸਿਟੀਆਂ ਬਾਅਦ ਵਿੱਚ ਹੋਂਦ ਵਿੱਚ ਆਈਆਂ ਸਨ।’’
‘‘ਉਹ ਸੱਚੀਂ? ਤੁਸੀਂ ਠੀਕ ਹੋ, ਡੈਡ। ਹੋਰ ਬੋਲੋ?’’
‘‘ਆਨਰਜ਼ ਦਾ ਦੂਜਾ ਸਾਲ, ਯਾਨੀ ਬੀ. ਏ. ਭਾਗ ਤੀਜਾ ਵੀ ਮੇਰੇ ਲਈ ਪਿਛਲੇ ਸਾਲ ਵਾਂਗ ਹੀ ਰਿਹਾ। ਇਸ ਵਾਰ ਮੈਂ 65% ਨੰਬਰ ਲੈ ਗਿਆ। ਕਾਲਜ ਮੈਰਿਟ ਲਿਸਟ ਆਈ। ਮੈਂ ਆਨਰਜ਼ ਤੇ ਪਾਸ ਕੋਰਸ ਦੇ ਨੰਬਰ ਮਿਲਾ ਕੇ ਸਾਰੀ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ’ਤੇ ਸਾਂ।’’
‘‘ਇਨਾਮ ਕਿੱਥੇ ਹਨ? ਮੈਂ ਘਰ ਵਿੱਚ ਅੱਜ ਤੱਕ ਕੋਈ ਇਨਾਮ ਨਹੀਂ ਦੇਖਿਆ।’’
‘‘ਸੁਮਿਤ, ਤੁਹਾਡੇ ਜਿਹੇ ਲੋਕਾਂ ਨੇ ਉਹ ਦਿਨ ਨਹੀਂ ਦੇਖੇ ਜਿਹੜੇ ਅਸੀਂ ਦੇਖੇ ਸਨ। ਮੈਂ ਬੀ. ਏ. ਵਿੱਚ ਹਰੇਕ ਮਜ਼ਮੂਨ ਵਿੱਚ ਆਪਣੀ ਜਮਾਤ ਵਿੱਚੋਂ ਅੱਵਲ ਤਾਂ ਹੈ ਹੀ ਸੀ। ਬੀ. ਏ. ਆਨਰਜ਼ ਅੰਗਰੇਜ਼ੀ ਵਿੱਚ ਮੈਂ ਆਪਣੀ ਸਾਰੀ ਪੰਜਾਬ ਯੂਨੀਵਰਸਿਟੀ ਵਿੱਚੋਂ ਦੂਜੇ ਨੰਬਰ ’ਤੇ ਸੀ। ਤੈਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਗ਼ਰੀਬ ਕਾਲਜ ਜਿਹੜਾ ਲੋਕਾਂ ਦੁਆਰਾ ਦਿੱਤੇ ਦਾਨ ਨਾਲ ਹੋਂਦ ਵਿੱਚ ਆਇਆ ਸੀ ਉਸ ਵਿੱਚ ਪਹਿਲੇ ਪੰਜ ਸਾਲ ਨਾ ਤਾਂ ਕਨਵੋਕੇਸ਼ਨ ਹੋਈ ਤੇ ਨਾ ਹੀ ਇਨਾਮ ਵੰਡ ਸਮਾਗਮ। ਪਹਿਲੇ ਦੋ ਸਾਲ ਤਾਂ ਕਾਲਜ ਦਾ ਰਸਾਲਾ ਵੀ ਨਹੀਂ ਸੀ ਛਪਿਆ। ਹਾਂ, ਇੱਕ ਸਬੂਤ ਹੈ ਮੇਰੀ ਕਾਬਲੀਅਤ ਦਾ। ਮੇਰਾ ਨਾਮ ਕਾਲਜ ਦੇ ਸਨਮਾਨ ਬੋਰਡ ’ਤੇ ਸਭ ਤੋਂ ਸਿਖਰ ਦਰਜ ਹੈ। ਇਹ ਮੇਰੀ ਆਨਰਜ਼ ਵਿੱਚ ਪੁਜੀਸ਼ਨ ਆਉਣ ਕਰਕੇ ਹੈ। ਤੂੰ ਜਾ ਕੇ ਦੇਖ ਲਵੀਂ। ਇਨਾਮ ਤੇ ਯਾਦ ਚਿੰਨ੍ਹ ਸਾਨੂੰ ਕਿਸੇ ਨੇ ਦਿੱਤੇ ਹੀ ਨਹੀਂ। ਬੇਟੇ ਮੈਂ ਬਹੁਤੇ ਸਬੂਤਾਂ ਪੱਖੋਂ ਅਣਗੌਲਿਆ ਹੋਇਆ ਨਾਇਕ ਹਾਂ। ਸਾਰੇ ਦੇ ਸਾਰੇ ਅੱਵਲ ਇਨਾਮ ਮੇਰੇ ਸਨ। ਮੇਰੇ ਨਾਲਦਿਆਂ ਨੂੰ ਪੁੱਛ ਲਵੀਂ। ਮੈਂ ਤੈਨੂੰ ਮਿਲਾ ਦੇਵਾਂਗਾ। ਦੇਵੀਗੜ੍ਹ ਵਾਲਾ ਮੋਤਾ ਸਿੰਘ ਅਜੇ ਜਿਉਂਦਾ ਏ। ਜੈਨਪੁਰੀਆ ਕਰਨਲ ਜੋਗਿੰਦਰ ਸਿੰਘ ਵੀ ਅਜੇ ਜਿਉਂਦਾ ਏ। ਦੋਵੇਂ ਪਝੱਤਰਾਂ ਨੂੰ ਟੱਪ ਗਏ ਹਨ। ਇੱਕ ਮੈਥੋਂ ਇੱਕ ਸਾਲ ਪਿੱਛੇ ਸੀ ਤੇ ਇੱਕ ਮੇਰਾ ਹਮਜਮਾਤੀ ਸੀ। ਕਿਤੇ ਗੱਲ ਕਰਕੇ ਦੇਖੀ ਉਨ੍ਹਾਂ ਨਾਲ। ਤੇਰੇ ਕੰਨਾਂ ’ਚ ਵਿੰਡੇ ਟਿਆਂਕਣ ਲੱਗ ਪੈਣਗੇ। ਐਤਕੀ ਨਵੰਬਰ ਵਿੱਚ ਜਾ ਆਵਾਂਗੇ ਪਿੰਡ, ਨਾਲੇ ਇਨ੍ਹਾਂ ਨੂੰ ਮਿਲ ਆਵਾਂਗੇ ਤੇ ਨਾਲ ਆਪਣੇ ਖੇਤ ਬੰਨੇ ਜਾ ਆਵਾਂਗੇ। ਮੋਤਾ ਸਿੰਘ ਦਾ ਨਾਮ ਵੀ ਬੋਰਡ ’ਤੇ ਦਰਜ ਏ। ਬੇਟੇ, ਜ਼ਿਆਦਾ ਸ਼ੇਖੀ ਵਿੱਚ ਨਹੀਂ ਆਈਦਾ। ਜ਼ਮੀਨ ’ਤੇ ਤੁਰਨਾ ਸਿੱਖੋ।’’
‘‘ਠੀਕ ਏ, ਡੈਡ! ਪਰ ਆਪਣੀ ਪੋਸਟ ਗ੍ਰੈਜੂਏਸ਼ਨ ’ਤੇ ਵੀ ਜ਼ਰਾ ਚਾਨਣਾ ਪਾ ਦਿਓ। ਪਤਾ ਲੱਗਾ ਸੀ ਕਿ ਤੁਹਾਡੇ ਐੱਮ. ਏ. ਵਿੱਚ ਚੰਗੇ ਨੰਬਰ ਸਨ।’’
‘‘ਇਹ ਵੀ ਸੁਣ ਲੈ। ਪੋਸਟ ਗ੍ਰੈਜੂਏਸ਼ਨ ਸਮੇਂ ਵੀ ਤਕਰੀਬਨ ਉਹੀ ਕੁਝ ਹੋਇਆ ਜੋ ਬੀ. ਏ. ਸਮੇਂ ਹੋਇਆ ਸੀ। ਜਿਹੜੀ ਯੂਨੀਵਰਸਿਟੀ ਵਿੱਚ ਮੈਂ ਦਾਖਲਾ ਲਿਆ ਉਹ ਸ਼ੁਰੂ ਹੀ 1972 ਵਿੱਚ ਹੋਈ ਸੀ। ਪਹਿਲੇ ਦੋ ਸਾਲਾਂ ਵਿੱਚ ਐੱਮ. ਏ. ਅੰਗਰੇਜ਼ੀ ਦੇ ਵਿਦਿਆਰਥੀਆਂ ਦੀ ਗਿਣਤੀ ਹੀ ਬੜੀ ਘੱਟ ਸੀ। ਪਿੰਡਾਂ ਵਿੱਚ ਤਾਂ ਅੰਗਰੇਜ਼ੀ ਬੱਚਿਆਂ ਦੇ ਸਿਰ ਤੋਂ ਦੀ ਲੰਘ ਜਾਂਦੀ ਸੀ। ਆਪਣੇ ਪਿੰਡ ਵਾਲੇ ਪਿਸ਼ੌਰਾ, ਗੇਲਾ, ਘੁੱਗਾ, ਟੀਟਾ ਤੇ ਕਾਵਾਂ ਦੀ ਛੋਟੋ ਸਭ ਤੇਤੀ ਤੇਤੀ ਨੰਬਰ ਲੈ ਕੇ ਮਸਾਂ ਦਸਵੀਂ ਵਿੱਚੋਂ ਪਾਸ ਹੋਏ ਸਨ। ਐੱਮ. ਏ. ਦੇ ਪਹਿਲੇ ਸਾਲ ਯੂਨੀਵਰਸਿਟੀ ਵਿੱਚ ਐੱਮ. ਏ. ਅੰਗਰੇਜ਼ੀ ਦੇ ਸਾਰੇ 50 ਵਿਦਿਆਰਥੀ ਸਨ। ਦੂਜੇ ਸਾਲ ਇਹ ਹੋਰ ਘੱਟ ਗਏ ਸਨ। ਪੇਂਡੂ ਇਲਾਕਿਆਂ ਵਿੱਚੋਂ ਤਾਂ ਕੋਈ ਅੰਗਰੇਜ਼ੀ ਦੀ ਐੱਮ. ਏ. ਕਰਦਾ ਹੀ ਨਹੀਂ ਸੀ। ਹਾਂ, ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਗਿਣਤੀ ਚੋਖੀ ਸੀ। ਕਵਿਤਾ ਤੇ ਨਾਵਲ ਦੇ ਪਰਚਿਆਂ ਵਿੱਚ ਮੈਂ ਫਸਟ ਡਵੀਜ਼ਨ ਲੈ ਗਿਆ ਸਾਂ। ਦੁੱਖ ਇਹ ਹੈ ਕਿ ਯੂਨੀਵਰਸਿਟੀ ਨੇ ਕਨਵੋਕੇਸ਼ਨ 1975 ਵਿੱਚ ਸ਼ੁਰੂ ਕੀਤੀ। ਪਹਿਲੇ ਦੋ ਸਾਲ ਪ੍ਰਮਾਣ ਪੱਤਰ ਵੈਸੇ ਹੀ ਬੁਲਾ ਕੇ ਦੇ ਦਿੱਤੇ ਸਨ। ਆਜ਼ਾਦੀ ਤੋਂ ਬਾਅਦ ਬਹੁਤ ਸਾਲ ਭਾਰਤ ਬੜਾ ਗ਼ਰੀਬ ਰਿਹਾ। ਵਿੱਦਿਆ ਦੀ ਖੁਸ਼ਹਾਲੀ ਹੌਲੀ-ਹੌਲੀ ਸ਼ੁਰੂ ਹੋਈ। ਮੈਂ ਆਪਣੀ ਗ੍ਰੈਜੂਏਸ਼ਨ ਸਮੇਂ ਵੀ ਤੇ ਪੋਸਟ ਗ੍ਰੈਜੂਏਸ਼ਨ ਸਮੇਂ ਵੀ ਰਸਮੀ ਤੌਰ ’ਤੇ ਅਣਗੌਲਿਆ ਵਿਦਿਆਰਥੀ ਹੀ ਰਿਹਾ। ਮੈਂ ਸਮਝਦਾ ਹਾਂ ਕਿ ਅਸੀਂ ਫਿਰ ਵੀ ਸੌ ਗੁਣਾ ਚੰਗੇ ਹਾਂ। ਬਹੁਤੀ ਪ੍ਰਤਿਭਾ ਅਨਪੜ੍ਹ ਰਹਿਣ ਕਰਕੇ ਆਪਣੇ ਜੌਹਰ ਦਿਖਾ ਹੀ ਨਹੀਂ ਸਕੀ। ਉਨ੍ਹਾਂ ਨੂੰ ਕਿਸੇ ਨੇ ਸਕੂਲ ਭੇਜਿਆ ਹੀ ਨਹੀਂ। ਉਹ ਅਣਗੌਲੇ ਹੀ ਇਸ ਦੁਨੀਆ ਤੋਂ ਕੂਚ ਕਰ ਗਏ।’’
‘‘ਸੁਮਿਤ, ਤੂੰ ਅਮੀਰ ਘਰ ’ਚ ਪੈਦਾ ਹੋਇਆ। ਵੱਡੇ ਸ਼ਹਿਰ ਵਿੱਚ ਪਲਿਆ ਤੇ ਪੜ੍ਹਿਆ। ਮੋਟਰ ਸਾਈਕਲ ’ਤੇ ਸਕੂਲ ਕਾਲਜ ਜਾਂਦਾ ਰਿਹਾ। ਸਾਡੇ ਕੋਲ ਤਾਂ ਸਾਈਕਲ ਵੀ ਨਹੀਂ ਸੀ ਹੁੰਦਾ। ਪੇਂਡੂ ਪੰਜਾਬ ਦੀਆਂ ਸੜਕਾਂ ਟੁੱਟੀਆਂ ਹੁੰਦੀਆਂ ਸਨ। ਉਨ੍ਹਾਂ ’ਤੇ ਗਾਰਾ ਤੇ ਚਿੱਕੜ ਹੁੰਦੇ ਸਨ। ਖੱਡੇ ਹੁੰਦੇ ਸਨ। ਮੈਨੂੰ ਖੁਸ਼ੀ ਹੈ ਕਿ ਤੂੰ ਇਨਾਮ ਜਿੱਤੇ ਹਨ, ਪਰ ਤੈਨੂੰ ਆਪਣੇ ਤੋਂ ਪਹਿਲੀ ਪੀੜ੍ਹੀ ਦੇ ਬੰਦਿਆਂ ਦਾ ਗ਼ਲਤ ਮੁਲਾਂਕਣ ਨਹੀਂ ਕਰਨਾ ਚਾਹੀਦਾ। ਤੈਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤੇਰਾ ਕਰੀਅਰ ਬਣਨ ਵਿੱਚ ਤੇਰੇ ਮਾਪਿਆਂ ਦਾ ਯੋਗਦਾਨ ਵੀ ਚੋਖਾ ਹੈ। ਕਿਸ਼ਤੀ ਜਦੋਂ ਕਿਨਾਰੇ ਆ ਲੱਗਦੀ ਹੈ ਤਾਂ ਮੱਖੀ ਕਹਿੰਦੀ ਏ, ਅਸੀਂ ਬੇੜੀ ਚੰਗੀ ਚਲਾਈ ਸੀ। ਪਾਪੂਲਰ ਦਾ ਬੂਟਾ ਜਿੰਨਾ ਮਰਜ਼ੀ ਤੇਜ਼ ਵਧੇ, ਪਰ ਉਹ ਆਸਮਾਨ ਨੂੰ ਕਦੇ ਵੀ ਛੂਹ ਨਹੀਂ ਸਕਦਾ। ਤੇਰੇ ਦਾਦੇ ਦਾ ਦੇਸ਼ ਦੀ ਵੰਡ ਸਮੇਂ ਸਭ ਕੁਝ ਲੁੱਟ ਪੁੱਟ ਗਿਆ ਸੀ। ਉਹ ਨੰਗ ਹੋ ਕੇ ਬਾਰ ’ਚੋਂ ਆਇਆ ਸੀ। ਉਸ ਦੇ ਜੀਵਨ ਦੀ ਕਲਪਨਾ ਕਰ। ਉਹਨੇ ਮੈਨੂੰ ਐੱਮ. ਏ. ਕਰਵਾਈ। ਅਸੀਂ ਤੈਨੂੰ ਮੌਕਾ ਦਿੱਤਾ। ਉਹ ਵੀ ਇੱਕ ਮਹਾਂਨਗਰ ਵਿੱਚ। ਜੀਵਨ ਚੱਲਦਾ ਰਹਿੰਦਾ ਏ।’’
‘‘ਤੁਸੀਂ ਠੀਕ ਫਰਮਾਇਆ, ਡੈਡੀ ਜੀ। ਤੁਹਾਡੇ ਭਾਸ਼ਣ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਤੁਸੀਂ ਸੱਚ-ਮੁੱਚ ਮਹਾਨ ਹੋ। ਤੁਸੀਂ ਸਹੂਲਤਾਂ ਤੋਂ ਬਗੈਰ ਵੀ ਟੀਸੀ ’ਤੇ ਪਹੁੰਚੇ। ਜੋ ਕੁਝ ਅਸੀਂ ਅੰਤਾਂ ਦੀਆਂ ਸਹੂਲਤਾਂ ਪ੍ਰਾਪਤ ਕਰਕੇ ਪਾਇਆ ਓਹੀ ਕੁਝ ਤੁਸੀਂ ਸਹੂਲਤਾਂ ਤੋਂ ਬਗੈਰ ਪ੍ਰਾਪਤ ਕਰਕੇ ਦਿਖਾਇਆ ਸੀ। ਤੁਸੀਂ ਸੱਚਮੁੱਚ ਹੀ ਇੱਕ ਸੂਰਜ ਵਾਂਗ ਹੋ। ਅਸੀਂ ਫੋਕੇ ਬੱਦਲ ਬਣ ਬਣ ਕੇ ਤੁਹਾਡੀ ਚਮਕ ’ਤੇ ਐਵੇਂ ਪਰਦਾ ਪਾਈ ਜਾ ਰਹੇ ਹਾਂ। ਹਾਲਾਤ ਦਾ ਸ਼ਿਕਾਰ ਹੋਣਾ ਅਣਗੌਲਿਆ ਹੋਣਾ ਨਹੀਂ ਮੰਨਿਆ ਜਾਂਦਾ। ਤੁਹਾਡੇ ਪ੍ਰਮਾਣ ਪੱਤਰ ਤੁਹਾਡੀ ਸਰਵ-ਉੱਚਤਮ ਪ੍ਰਤਿਭਾ ਦੀ ਮੂੰਹ ਬੋਲਦੀ ਤਸਵੀਰ ਹਨ। ਮੈਂ ਤੁਹਾਡੀ ਪ੍ਰਤਿਭਾ ਅਤੇ ਪ੍ਰਾਪਤੀ ਅੱਗੇ ਸਿਰ ਝੁਕਾਉਂਦਾ ਹਾਂ, ਡੈਡ।’’ ਫਿਰ ਦੋਵੇਂ ਪਿਓ ਤੇ ਪੁੱਤਰ ਸ਼ਾਂਤ ਚਿੱਤ ਹੋ ਗਏ।
ਸੰਪਰਕ: 0437641033