For the best experience, open
https://m.punjabitribuneonline.com
on your mobile browser.
Advertisement

ਡੁੱਬਣ ਲੱਗਾ ਸੂਰਜ

07:59 AM Nov 30, 2023 IST
ਡੁੱਬਣ ਲੱਗਾ ਸੂਰਜ
Advertisement

ਤਰਲੋਚਨ ਸਿੰਘ ‘ਦੁਪਾਲਪੁਰ’
ਦਿਸਣ ਲੱਗਦੀ ਏ ਗੱਡੀ ਨੂੰ ਝੋਲ ਪੈਂਦੀ
ਜਦ ਕਮਜ਼ੋਰ ਹੋ ਜਾਣ ਕਮਾਨੀਆਂ ਜੀ।
ਹੁੰਦੀ ਚਾਰ ਕੁ ਦਿਨਾਂ ਦੀ ਚਾਂਦਨੀ ਵੀ
ਸਦਾ ਚਲਦੀਆਂ ਨਹੀਂ ਸ਼ੈਤਾਨੀਆਂ ਜੀ।
ਪੰਜਾਂ ਸਾਲਾਂ ਦਾ ਗੁੱਸਾ ਜਦ ਕੱਢਦੇ ਐ
ਵੋਟਰ ਯਾਦ ਕਰਾਉਂਦੇ ਨੇ ਨਾਨੀਆਂ ਜੀ।
‘ਗੋਦੀ’ ਕਿਸੇ ਦੀ ਕਦੇ ਵੀ ਬਹਿੰਦੀਆਂ ਨਾ
ਅਣਖੀ ਪਾਣ ਵਿੱਚ ਡੁੱਬੀਆਂ ਕਾਨੀਆਂ ਜੀ।
ਦਿਨ ਢਲ਼ਦਿਆਂ ਸਾਹਮਣੇ ਦਿਸਦੀਆਂ ਨੇ
ਸੂਰਜ ਡੁੱਬਣੇ ਦੀਆਂ ਨਿਸ਼ਾਨੀਆਂ ਜੀ!
ਸੰਪਰਕ: 001-408-915-1268
* * *

Advertisement

ਕਲਮ ਸਮੇਂ ਦੀ

ਮਹਿੰਦਰ ਸਿੰਘ ਭਲਿਆਣ
ਜੇ ਕਲਮ ਸਮੇਂ ਦੀ ਹਾਣੀ ਬਣਜੇ,
ਪਰੀਆਂ ਦੀ ਉਹ ਰਾਣੀ ਬਣਜੇ।

ਜ਼ਹਿਰ ਪਿਆਲੇ ਭਰ-ਭਰ ਪੀਵੇ,
ਸੁਕਰਾਤ ਕਿਆਂ ਦੀ ਢਾਣੀ ਬਣਜੇ।

ਖੰਨਿਉਂ ਤਿੱਖੀ ਤੇ ਵਾਲੋਂ ਨਿੱਕੀ,
ਬਾਬੇ ਦੀ ਉਹ ਬਾਣੀ ਬਣਜੇ।

ਤਲੀਆਂ ’ਤੇ ਸਿਰ ਧਰ ਕੇ ਜੂਝੇ,
ਸਤਿਲੁਜ ਦਾ ਫਿਰ ਪਾਣੀ ਬਣਜੇ।

ਮਨ ਦੀ ਸੁੱਚੀ ਤੇ ਕਰਮਾਂਵਾਲੀ,
ਦਾਨੀ ਸੁੱਘੜ ਸੁਆਣੀ ਬਣਜੇ।

ਰੋਟੀ-ਪਾਣੀ ਸਭ ਨੂੰ ਮਿਲਜੇ,
ਮੱਖਣ ਭਰੀ ਮਧਾਣੀ ਬਣਜੇ।

ਅੱਜ ਚੋਰ ਉਚੱਕੇ, ਟੋਡੀ ਰਾਜੇ,
ਨਾਦਰ ਦੀਆਂ ਪਟਰਾਣੀਆਂ ਬਣਗੇ,

ਕਲਮੀ ਮਿੱਤਰੋ, ਜਾਗਦੇ ਰਹਿਣਾ,
ਸਾਰੀ ਵੰਡ ਨ ਕਾਣੀ ਬਣਜੇ।
ਸੰਪਰਕ: 94644-51910
* * *

ਸਾਧਾਂ ਦਾ ਰੂਪ ਧਾਰਿਆ

ਸੁੱਚਾ ਸਿੰਘ ਪਸਨਾਵਾਲ
ਸਾਧਾਂ ਦਾ ਰੂਪ ਧਾਰਿਆ ਚੋਰਾਂ ਨੇ,
ਕਈ ਡੇਰੇ ਮੱਲੇ।
ਨਵੀਆਂ ਬੁਣਤਾਂ ਰਹਿੰਦੇ ਬੁਣਦੇ,
ਕੁਝ ਪੈ ਜਾਏ ਪੱਲੇ।
ਕੰਮ ਕਰਨ ਦੀ ਲੋੜ ਨਾ ਕੋਈ,
ਵਿਹਲਿਆਂ ਬੱਲੇ ਬੱਲੇ।
ਭੇਡ ਚਾਲ ਫੜੀ ਮੂਰਖ ਮੰਡਲੀ,
ਜਾਏ ਕਰ ਕਰ ਹੱਲੇ।
ਨੇਕ ਕਮਾਈ ਦਾ ਦਸਵੰਧ ਦੇਣ
ਠੱਗਾਂ ਨੂੰ ਚੱਲੇ।
ਬਣਕੇ ਬਗਲੇ ਭਗਤ ਹੁਣ ਲੋਟੂ,
ਭਗਤੀ ਕਰਦੇ ’ਕੱਲੇ।
ਮੂਰਖ ਬਨਾਵਣ ਲੋਕਾਂ ਤਾਈਂ,
ਕਈ ਝੱਲ ਵਲੱਲੇ।
‘ਪਸਨਾਵਾਲੀਆ’ ਮਾਰਨ ਲਈ ਠੱਗੀਆਂ,
ਰੱਖੇ ਕਈ ਚੇਲੇ ਥੱਲੇ।
ਸੰਪਰਕ: 99150-33740
* * *

ਸੁਣਿਓ ਵੇ ਧਰਤੀ ਵਾਲਿਓ

ਹਰਜੀਤ ਸਿੰਘ ਰਤਨ
ਸੁਣਿਓ ਵੇ ਧਰਤੀ ਵਾਲਿਓ... ਆਈ ਹੋਣੀ ਨੂੰ ਟਾਲਿਓ
ਆਪਣੇ ਫ਼ਰਜ਼ਾਂ ਨੂੰ ਪਾਲਿਓ... ਮਾਂ ਧਰਤ ਨੂੰ ਸੰਭਾਲਿਓ

ਇਹ ਧਰਤੀ ਕੂਕਾਂ ਮਾਰਦੀ, ਰੂਹ ਮੱਚ ਗਈ ਫੂਕਾਂ ਮਾਰਦੀ
ਮੈਂ ਦਾਣੇ ਦਿੱਤੇ ਖਾਣ ਨੂੰ, ਇਹ ਤੁਰ ਪਏ ਅੱਗਾਂ ਲਾਣ ਨੂੰ
ਬੱਸ ਦਾਣੇ-ਦੂਣੇ ਲੈ ਕੇ, ਤੇ ਨਾਲ ਨਿਆਣੇ ਲੈ ਕੇ
ਏਥੇ ਕੁਝ ਸਿਆਣੇ ਬਹਿ ਕੇ, ਮੇਰੀ ਲਾਂਬੂ ਲਾ ਗਏ ਹਿੱਕ ਨੂੰ
ਸੁਣਿਓ ਵੇ ਧਰਤੀ ਵਾਲਿਓ...

ਜੀਹਨੇ ਆਖਿਆ ਸੀ ਗੁਰੂ ਪੌਣ ਨੂੰ, ਉੱਚਾ ਕੀਤਾ ਸੀ ਮੇਰੀ ਧੌਣ ਨੂੰ
ਉਸ ਆਖਿਆ ਸੀ ਪਿਤਾ ਪਾਣੀ ਨੂੰ, ਮੈਨੂੰ ਮਾਤਾ ਕਿਹਾ ਸੀ ਰਾਣੀ ਨੂੰ
ਕਿੱਥੇ ਗਿਆ ਉਹ ‘ਕਰਮਾਂ’ ਵਾਲੜਾ? ਕਿੱੱਥੇ ਗਿਆ ਉਹ ‘ਧਰਮਾਂ’ ਵਾਲੜਾ?
ਕਿੱਥੇ ਗਿਆ ਉਹ ‘ਸਰਮਾਂ’ ਵਾਲੜਾ? ਅੱਜ ਲੱਭਦੀ ਹਾਂ ਉਸ ਇੱਕ ਨੂੰ
ਸੁਣਿਓ ਵੇ ਧਰਤੀ ਵਾਲਿਓ...

ਤੁਸੀਂ ਕਿਉਂ ਨ੍ਹੀ ਏਨਾ ਸੋਚਦੇ, ਮੇਰਾ ਕਿਉਂ ਮਾੜਾ ਲੋਚਦੇ
ਜੇ ਮੈਂ ਹੀ ਮੁੱਕ ਗਈ ਸੋਹਣਿਓਂ, ਮੇਰੀ ਧੜਕਣ ਰੁਕ ਗਈ ਸੋਹਣਿਓਂ
ਤੁਸੀਂ ਮੇਰੇ ਬਿਨ ਕਿੰਝ ਜੀਓਗੇ, ਕਿਵੇਂ ਪਾਟੀ ਹਿੱਕ ਨੂੰ ਸੀਓਗੇ
ਫਿਰ ਕਿੱਥੋਂ ਪਾਣੀ ਪੀਓਗੇ? ਕਿਵੇਂ ਤੋਰੋਗੇ ਟਿਕ-ਟਿਕ ਨੂੰ?
ਸੁਣਿਓ ਵੇ ਧਰਤੀ ਵਾਲਿਓ...

ਉਹ ਸਾਰਾ ਈ ਪਾਣੀ ਲੈ ਗਏ, ਨਾਲੇ ਡੋਲ੍ਹ ਗਏ, ਨਾਲੇ ਕਹਿ ਗਏ
ਹੁਣ ਸਾਹ ਨੇ ਮੇਰੇ ਆਖ਼ਰੀ, ਗੱਲ ਘੜੀ ਜਾਂ ਪਲ ਨੂੰ ਵਾਪਰੀ
ਮੇਰਾ ਮਕਸਦ ਏਥੇ ਆਉਣ ਦਾ, ਥੋਡੇ ਲਈ ਸਾਹ ਲਿਆਉਣ ਦਾ
ਮੇਰੇ ਸੀਨੇ ਚਾਅ ਸੀ ਜਿਉਣ ਦਾ, ਕੀ ਕਰਦੀ ਮੈਂ ਉਸ ਸਿੱਕ ਨੂੰ
ਸੁਣਿਓ ਵੇ ਧਰਤੀ ਵਾਲਿਓ...

ਕਿਵੇਂ ਜੀਣਗੇ ਥੋਡੇ ਬੱਚੜੇ, ਮਨ ਤੇ ਕਰਮਾਂ ਦੇ ਸੱਚੜੇ
ਦੱਸੋ ਉਨ੍ਹਾਂ ਦਾ ਅਜੇ ਕਸੂਰ ਕੀ? ਤੇ ਥੋਨੂੰ ਇਹ ਮਨਜ਼ੂਰ ਕੀ?
ਤੁਸੀਂ ਅਜੇ ਵੀ ਸੋਚੋ ਸੋਹਣਿਓਂ, ਤੁਸੀਂ ਅਜੇ ਵੀ ਸਮਝੋ ਸੋਹਣਿਓਂ
ਮੇਰੇ ਸੋਹਣਿਓਂ ਮਨ ਮੋਹਣਿਓਂ, ਛੱਡੋ ਪੈਸੇ ਵਾਲੀ ਖਿੱਚ ਨੂੰ
ਸੁਣਿਓ ਵੇ ਧਰਤੀ ਵਾਲਿਓ...

ਮੇਰੇ ਦੁੱਖਾਂ ਦੀਆਂ ਕਹਾਣੀਆਂ, ਥੋਤੋਂ ਸੁਣੀਆਂ ਨਹੀਂ ਜਾਣੀਆਂ
ਇੱਕ ‘ਰਤਨ’ ਜਿਹਾ ਹਰਜੀਤ ਜੋ, ਉਹ ਮਨ ਮੇਰੇ ਦਾ ਮੀਤ ਜੋ
ਦਰਦਾਂ ਦੀ ਕਰਦਾ ਗੱਲ ਜੋ, ਦੁੱਖਾਂ ਦਾ ਦੱਸਦਾ ਹੱਲ ਜੋ
ਥੋੜ੍ਹਾ ਠਹਿਰੋ ਬਣ’ਜੂ ਕਾਫਲਾ, ਪਹਿਲਾ ਤੁਰਨਾ ਪੈਂਦੈ ਇੱਕ ਨੂੰ
ਸੁਣਿਓ ਵੇ ਧਰਤੀ ਵਾਲਿਓ... ਆਈ ਹੋਣੀ ਨੂੰ ਟਾਲਿਓ
ਆਪਣੇ ਫ਼ਰਜ਼ਾਂ ਨੂੰ ਪਾਲਿਓ... ਮਾਂ ਧਰਤ ਨੂੰ ਸੰਭਾਲਿਓ...
ਸੰਪਰਕ: 97819-00870
* * *

ਮਾਂ

ਮੇਜਰ ਸਿੰਘ ਰਾਜਗੜ੍ਹ
ਅੰਬਰੋਂ ਉੱਚੀ ਧਰਤੀ ਵਰਗੀ, ਸੁੱਚੀ ਤਾਂ ਮਾਂ ਹੁੰਦੀ ਹੈ।
ਜਿਸ ਲੋਰੀ ਤੇ ਬੁੱਕਲ ਵਿੱਚ, ਮਮਤਾ ਦੀ ਛਾਂ ਹੁੰਦੀ ਹੈ।

ਮਾਂ ਦੀ ਪੱਕੀ ਰੋਟੀ ਖਾ ਕੇ, ਲੰਘੇ ਵਾਂਗ ਬਹਾਰਾਂ ਦਿਨ,
ਤੇ ਮਾਂ ਮਾਖਿਓਂ, ਮਿਸਰੀ, ਸੱਧਰਾਂ, ਅਸੀਸਾਂ ਦੀ ਜਾਂ ਹੁੰਦੀ ਹੈ।

ਮਾਵਾਂ ਬਾਝੋਂ ਸੁੰਨਮ-ਸੁੰਨੇ, ਵਿਹੜੇ ਤਰਸਣ ਰੌਣਕ ਨੂੰ,
ਸਬਰ ਸਬੂਰੀ ਦੇ ਸੰਗ ਵਸਦਾ, ਮਾਂ ਵੀ ਇੱਕ ਗਰਾਂ ਹੁੰਦੀ ਹੈ।

ਮਾਂ ਬੋਲੀ ਤੇ ਜਨਣੀ ਜੱਗ ਦੀ, ਦੋਵੇਂ ਸਕੀਆਂ ਭੈਣਾਂ ਨੇ,
ਦੋਵਾਂ ਦੇ ਚਰਨਾਂ ਵਿੱਚ ਜੰਨਤ, ਸ਼ੋਭਾ ਥਾਂ ਥਾਂ ਹੁੰਦੀ ਹੈ।

ਮਾਵਾਂ ਦਾ ਸਤਿਕਾਰ ਨਾ ਭੁੱਲਿਓ! ਐ ਕਿਰਤੀ ਮਿੱਤਰ ਵੀਰੋ,
ਮਾਵਾਂ ਦਾ ਸਤਿਕਾਰ ਨਾ ਜਿੱਥੇ, ਉਸ ਥਾਂ ਕਾਂ ਕਾਂ ਹੁੰਦੀ ਹੈ।
ਸੰਪਰਕ: 98766-64204
* * *

ਨੂਰਾ ਕਮਲਾ

ਰਮੇਸ਼ ਕੁਮਾਰ
ਬਚਪਨ ਵਿੱਚ
ਸਕੂਲ ਨੂੰ ਜਾਂਦੇ
ਰਾਹ ਵਿੱਚ ਨੂਰਾ ਕਮਲਾ
ਹਰ ਰੋਜ਼ ਟੱਕਰਦਾ।
ਨੂਰਾ
ਛੇ ਫੁੱਟ ਤੋਂ ਉੱਚਾ ਕੱਦ
ਮੋਢਿਆਂ ’ਤੇ ਡਿੱਗਦੀਆਂ ਜਟਾਂ-ਜਟੂਰਾਂ
ਉੱਡਦੀ ਉੱਡਦੀ, ਪਤਲੀ ਪਤਲੀ ਦਾੜ੍ਹੀ।
ਛੋਟੀਆਂ ਛੋਟੀਆਂ- ਪਤਲੀਆਂ, ਪਤਲੀਆਂ, ਚਮਕਦੀਆਂ ਅੱਖਾਂ
ਹੱਸਦਾ, ਮਿੰਨ੍ਹਾ-ਮਿੰਨ੍ਹਾ ਮੁਸਕਾਉਂਦਾ- ਹਵਾ ਵਿੱਚ ਹੱਥ ਮਾਰਦਾ
ਨੂਰਾ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਦਾ।
ਪਹਿਲਾਂ ਪਹਿਲ ਤਾਂ ਡਰ ਲੱਗਦਾ, ਉਸ ਦੇ ਕੋਲੋਂ ਲੰਘਦਿਆਂ
ਫਿਰ, ਉਸ ’ਤੇ ਤਰਸ ਆਉਣ ਲੱਗਾ
ਕੁਝ ਸਾਲ, ਅਤੇ ਫਿਰ ਜਿਵੇਂ ਉਹ ਆਪਣਾ ਆਪਣਾ ਜਿਹਾ ਲੱਗਣ ਲੱਗਾ
ਕੁਝ ਹੋਰ ਵੱਡੇ ਹੋਏ, ਤਾਂ ਉਹ ਕਿਸੇ ਚਿੰਤਕ ਦੀ ਦਿੱਖ ਦੇਣ ਲੱਗਾ
ਸਕੂਲ ਨੂੰ ਜਾਂਦੇ ਤਾਂ ਨੂਰਾ ਕਮਲਾ ਹਰ ਰੋਜ਼ ਟੱਕਰਦਾ।
ਨੂਰਾ ਕਮਲਾ
ਸਾਡੇ ਕਾਲਜ ਵਾਲੀ ਸੜਕ ’ਤੇ
ਰਾਜਮਹੱਲ ਦੀ ਸ਼ਾਹੀ ਦੀਵਾਰ ਨਾਲ ਢੋਹ ਲਗਾ ਕੇ ਬੈਠਦਾ
ਇੱਟਾਂ ਦਾ ਚੌਂਤਰਾ ਸਜਾ ਕੇ
ਜਿਵੇਂ ਕੋਈ ਰਾਜ ਸਿੰਘਾਸਣ ’ਤੇ ਬੈਠਾ ਹੋਵੇ
ਹਾਂ,
ਮਹਾਰਾਜਾ, ਫ਼ਰੀਦਕੋਟ ਰਾਜਮਹੱਲ ਵਾਲੀ ਦੀਵਾਰ ਦੇ ਅੰਦਰਵਾਰ ਹੁੰਦਾ
ਅਤੇ ਨੂਰਾ ਕਮਲਾ ਦੀਵਾਰ ਦੇ ਬਾਹਰਵਾਰ।
ਤੜਕੇ ਤੜਕੇ- ਸੁਬ੍ਹਾ ਸਵੇਰੇ
ਨੂਰਾ ਦਾਣਾ ਮੰਡੀ ਵਾਲੇ ਦਰਵਾਜ਼ੇ ਵਿੱਚ ਜਾ ਬੈਠਦਾ
ਹੱਥ ਵਿੱਚ ਲੋਹਚੀਨੀ ਦਾ ਮੱਗ ਫੜ ਕੇ
ਹੱਟੀਆਂ ਦੁਕਾਨਾਂ ਵਾਲੇ ਸਾਫ਼-ਸਫ਼ਾਈ ਕਰਦੇ
ਕੋਈ ਉਸ ਨੂੰ ਚੰਦ ਹਲਵਾਈ ਤੋਂ
ਚਾਹ ਡਬਲ ਰੋਟੀ ਦਿਵਾ ਦਿੰਦਾ
ਕੋਈ ਛੋਲੇ ਪੂਰੀ-
ਨੂਰੇ ਦਾ ਨਾਸ਼ਤਾ ਹੋ ਜਾਂਦਾ।
ਨੂਰਾ
ਆਪਣੇ ਟਿਕਾਣੇ ਨੂੰ ਤੁਰ ਪੈਂਦਾ
ਪਥਰਾਏ ਹੋਏ ਮਣਮਣ ਪੱਕੇ ਦੇ ਪੈਰ ਨੰਗੇ
ਅੱਡੀਆਂ ਪਾਟੀਆਂ ਹੋਈਆਂ
ਸੜਕ ’ਤੇ ਤੁਰਦਾ
ਕੰਬਲੀ ਦਾ ਇੱਕ ਸਿਰਾ, ਉਸ ਦੇ ਮੋਢੇ ਹੁੰਦਾ
ਦੂਸਰਾ, ਸੜਕ ਹੂੁੰਝਦਾ ਜਾਂਦਾ- ਉਸ ਦੇ ਪਿੱਛੇ ਪਿੱਛੇ
ਅਤੇ ਹੌਲੀ ਹੌਲੀ ਤੁਰਦਾ ਨੂਰਾ
ਸ਼ਾਹੀ ਫਿਰੋਜ਼ੀ ਦੀਵਾਰ ਨਾਲ ਫਿਰ ਜਾ ਬੈਠਦਾ
ਹਾਂ
ਮਹਾਰਾਜਾ ਦੀਵਾਰ ਦੇ ਅੰਦਰਵਾਰ ਹੁੰਦਾ
ਅਤੇ ਨੂਰਾ ਕਮਲਾ ਦੀਵਾਰ ਦੇ ਬਾਹਰਵਾਰ।

ਨੂਰਾ ਕਮਲਾ
ਨੂਰ ਸੀ, ਨਿਰੰਜਨ ਸੀ ਜਾਂ ਫਿਰ ਨੂਰ ਦੀਨ
ਕੁਝ ਪਤਾ ਨਹੀਂ
- ਕਦ, ਕਿਵੇਂ ਅਤੇ ਕਿੱਥੋਂ ਆਇਆ!
ਉਹ ਬਸ - ਨੂਰਾ ਕਮਲਾ ਹੀ ਸੀ
ਉੱਚਾ ਨਹੀਂ ਸੀ ਬੋਲਦਾ ਉਹ-
ਗਾਲ੍ਹ ਨਹੀਂ ਸੀ ਕੱਢਦਾ ਕਦੇ ਕਿਸੇ ਨੂੰ
ਮਿਨ੍ਹਾ ਮਿਨ੍ਹਾ ਮੁਸਕਾਉਂਦਾ, ਹੱਸਦਾ,
ਉਹ ਹਵਾ ਵਿੱਚ ਹੱਥ ਮਾਰਦਾ
ਬੋਲਦਾ ਰਹਿੰਦਾ- ਬੋਲਦਾ ਰਹਿੰਦਾ
ਬਸ ਆਪਣੇ ਆਪ ਨਾਲ, ਮਾਨੋ ਗੱਲਾਂ ਕਰਦਾ।
ਪਿੱਪਲ ਦੀ ਛਾਵੇਂ ਬੈਠਦਾ ਉਹ
ਰਾਜਮਹੱਲ ਦੇ ਅੰਦਰ ਵਾਰ- ਵੱਡਾ ਪੁਰਾਣਾ ਪਿੱਪਲ
ਪਿੱਪਲ ਦੀ ਛਾਂ ਅੱਧੀ, ਦੀਵਾਰ ਦੇ ਅੰਦਰਵਾਰ ਹੁੰਦੀ
ਅਤੇ
ਅੱਧੀ ਦੀਵਾਰ ਦੇ ਬਾਹਰਵਾਰ- ਹਾਂ ਨੂਰੇ ਕਮਲੇ ਦੀ ਛਾਂ
ਪਿੱਪਲ ਤੋਂ- ਦੀਵਾਰ ਤੋਂ ਉੱਤਰਦੇ ਕੀੜੇ ਮਕੌੜੇ
ਨੂਰੇ ’ਤੇ ਡਿੱਗਦੇ ਰਹਿੰਦੇ ਡਿੱਗਦੇ ਰਹਿੰਦੇ
ਨੂਰਾ ਬਸ ਦੇਖ ਦੇਖ ਕੇ ਹੱਸਦਾ ਰਹਿੰਦਾ ਹੱਸਦਾ ਰਹਿੰਦਾ
“ਸਾਈਂ ਦੇ ਜੀਅ ਐ, ਸਾਈਂ ਦੇ।”
ਪੁਰਾਣੇ ਕਾਗਜ਼ਾਂ ਦੇ ਥੱਬਿਆਂ ’ਤੇ ਲਿਖਦਾ ਰਹਿੰਦਾ, ਕੱਟਦਾ ਰਹਿੰਦਾ
ਜਿਵੇਂ ਕੋਈ ਅਣਸੁਲਝੇ ਸੁਆਲ ਕੱਢ ਰਿਹਾ ਹੋਵੇ
ਅੰਗਰੇਜ਼ੀ ਬੋਲਦਾ- ਸ਼ੇਕਸਪੀਅਰ ਸੁਣਾਉਣ ਲੱਗਦਾ
ਉਰਦੂ ਬੋਲਦਾ- ਅੱਧ-ਪਚੱਧ ਸ਼ਿਅਰ ਕਹਿ ਜਾਂਦਾ
ਕਦੇ ਕਦੇ ਕੋਈ ਕੋਈ, ਉਸ ਨੂੰ ਸਮਝਣ ਦਾ ਯਤਨ ਕਰਦਾ
ਨੂਰਾ, ਬਸ ਬੋਲਦਾ ਰਹਿੰਦਾ ਬੋਲਦਾ ਰਹਿੰਦਾ
ਆਪਣੇ ਆਪ ਨਾਲ ਗੱਲਾਂ ਕਰਦਾ
ਜਿਵੇਂ ਹਵਾ ਵਿੱਚ ਹੱਥ ਮਾਰਦਾ।
ਅੱਜ
ਅੱਧੀ ਸਦੀ ਤੋਂ ਬਾਅਦ ਵੀ
ਨੂਰਾ ਮੇਰੇ ਨਾਲ ਨਾਲ ਹੋ ਤੁਰਦਾ ਹੈ
ਹਵਾ ਵਿੱਚ ਹੱਥ ਮਾਰਦਾ
ਕਦੇ ਉਹ
ਪਿੰਜੌਰ ਬਾਗ ਦੀ ਉੱਚੀ ਮਹਿਰਾਬ ਦੇ ਹੇਠ ਬੈਠਾ
ਬੰਸਰੀ ਵਜਾ ਰਿਹਾ ਹੁੰਦਾ ਹੈ
ਸਾਰੀ ਫਿਜ਼ਾ ਵਿੱਚ ਗੂੰਜਦੀ
ਅਤੇ ਕਦੇ
ਰਮਤਾ ਰੌਣਕੀ ਰਾਮ ਹੋ ਕੇ ਖੜਤਾਲ ਵਜਾਉਂਦਾ ਹੈ
ਰਿਸ਼ੀਕੇਸ਼ ਦੇ ਬਾਜ਼ਾਰ ਵਿੱਚ
ਰਾਮ ਜਪੋ ਭਾਈ ਰਾਮ ਜਪੋ ਗਾਉਂਦਾ, ਅਧਨੰਗਾ ਅਧ-ਕੱਜਿਆ
ਨੂਰਾ ਕਮਲਾ

ਨੂਰੇ ਦੇ ਨਾਲ ਨਾਲ ਤੁਰਦਾ
ਕਦੇ ਮੈਂ
ਖ਼ੁਦ ਨੂਰਾ ਕਮਲਾ ਹੋ ਜਾਂਦਾ ਹਾਂ
ਅਤੇ ਕਦੇ
ਇੱਕ ਛੋਟਾ ਜਿਹਾ ਸਕੂਲੀ ਬੱਚਾ
ਨੂਰੇ ਕਮਲੇ ਤੋਂ ਅੱਖ ਬਚਾ ਕੇ ਨਿਕਲਦਾ
ਡਰ ਡਰ ਕੇ ਤੁਰਦਾ, ਤੁਰ ਤੁਰ ਕੇ ਡਰਦਾ
ਹਰ ਰੋਜ਼ ਸੁਬ੍ਹਾ।
ਮੈਨੂੰ ਅੱਜ ਵੀ ਲੱਗਦਾ ਹੈ
ਕਿ ਨੂਰਾ ਕਮਲਾ ਉੱਥੇ ਹੀ ਬੈਠਾ ਹੈ
ਰਾਜਮਹੱਲ ਦੀ ਸ਼ਾਹੀ ਦੀਵਾਰ ਨਾਲ ਢੋਹ ਲਗਾ ਕੇ
ਇੱਟਾਂ ਦਾ ਚੌਂਤਰਾ ਸਜਾ ਕੇ
ਜਿਵੇਂ ਕੋਈ ਸ਼ਾਹੀ ਸਿੰਘਾਸਣ ’ਤੇ ਬੈਠਾ ਹੋਵੇ
ਹਾਂ
ਮਹਾਰਾਜਾ ਫ਼ਰੀਦਕੋਟ, ਸ਼ਾਹੀ ਦੀਵਾਰ ਦੇ ਅੰਦਰਵਾਰ ਹੈ
ਅਤੇ
ਫੱਕਰ ਫ਼ਕੀਰ, ਨੂਰਾ ਕਮਲਾ, ਦੀਵਾਰ ਦੇ ਬਾਹਰਵਾਰ
ਉਸੇ ਪਿੱਪਲ ਦੀ ਅੱਧੀ ਛਾਵੇਂ।
ਸੰਪਰਕ: 94160-61061
* * *

ਦੋਹੇ

ਨਿਰਮਲ ਸਿੰਘ ਰੱਤਾ
ਅੰਦਰ ਹੈ ਪਰਮਾਤਮਾ ਜਿਸ ਦਿਨ ਲੈਣਾ ਜਾਣ
ਤੈਨੂੰ ਤੇਰੀ ਹੋਂਦ ਦੀ ਹੋਣੀ ਅਸਲ ਪਛਾਣ।

ਕਦ ਤੂੰ ਰਾਮ ਅਰਾਧਣਾ ਕਦ ਤੂੰ ਲੈਣਾ ਨਾਮ
ਸਿਖਰ ਦੁਪਹਿਰਾ ਲੰਘ ਕੇ ਢਲ ਚੱਲੀ ਹੈ ਸ਼ਾਮ।

ਮੇਰੀ ਮੇਰੀ ਕੂਕ ਨਾ ਕੂਕ ਓਸਦਾ ਨਾਮ
ਤੇਰਾ ਤੇਰਾ ਬੋਲ ਕੇ ਮਿਲਦੇ ਸੁਖ ਤਮਾਮ।

ਠੀਕਰ ਦਾ ਮੋਹ ਛੱਡ ਤੂੰ ਝੂਠ ਦਾ ਤਜਿ ਵਪਾਰ
ਸਾਚਾ ਨਾਮ ਧਿਆਇ ਕੇ ਜੀਵਨ ਜਾਚ ਸਵਾਰ।

ਹੋਵਣ ਯਾਰ ਅਮੁੱਲੜੇ ਹੀਰੇ ਰਤਨਾਂ ਤੁੱਲ
ਔਖੇ ਵੇਲੇ ਦੋਸਤੀ ਛੱਡਣੀ ਡਾਢੀ ਭੁੱਲ

ਚੰਗੇ ਮੰਦੇ ਆਦਮੀ ਸਭ ਨੇ ਉਸ ਦੀ ਦਾਤ
ਸਭ ਵਿੱਚ ਇੱਕੋ ਜੋਤ ਹੈ ਇੱਕੋ ਸਭ ਦੀ ਜਾਤ

ਛੋਟਾ ਵੱਡਾ ਜਾਣ ਨਾ ਸਭ ਕੁਦਰਤ ਦੇ ਰੰਗ
ਮਹਿਕਾਂ ਸਭ ਨੂੰ ਵੰਡਦੇ ਰਲ਼ ਫੁੱਲਾਂ ਦੇ ਸੰਗ

ਲੜਨ ਧਰਮ ਦੇ ਨਾਮ ’ਤੇ ਦਿਲ ਵਿੱਚ ਰੱਖਣ ਖਾਰ
ਬੰਦਾ ਬੰਦਾ ਹੀ ਰਹੇ ਸਭ ਧਰਮਾਂ ਦਾ ਸਾਰ

ਬਣ ਜਾਂਦੀ ਹੈ ਜਾਨ ’ਤੇ ਮਨ ਨੂੰ ਲੱਗੇ ਠੇਸ
ਬੁੱਕਲ ਦੇ ਵਿੱਚ ਆ ਬਹੇ ਸੱਪ ਬਦਲ ਕੇ ਭੇਸ

ਬਚਣਾ ਯਮ ਦੀ ਮਾਰ ਤੋਂ ਜੇਕਰ ਭਲਿਆ ਕੱਲ੍ਹ
ਚੰਗੀ ਕਾਰ ਕਮਾਇ ਲੈ ਇੱਕੋ ਇਸ ਦਾ ਹੱਲ

ਹਿੰਦੂ ਮੁਸਲਿਮ ਸਿੱਖ ਤੇ ਬੁੱਧ ਈਸਾਈ ਜੈਨ
ਆਖਣ ਕਰਮ ਸੁਚੱਜੜੇ ਦੇਵਣ ਮਨ ਨੂੰ ਚੈਨ

ਸੱਚੀ ਸੁੱਚੀ ਦੋਸਤੀ ਨਿਭਦੀ ਤੱਕ ਅਖ਼ੀਰ
ਰਹਿਣ ਤਰਸਦੇ ਏਸ ਨੂੰ ਰਾਜੇ ਰੰਕ ਵਜ਼ੀਰ।

ਮਨ ਨਾ ਬੁੱਢਾ ਹੋਂਵਦਾ ਹੋਵੇ ਸਿਰਫ਼ ਸਰੀਰ
ਮਨੂਆ ਫੁੱਲ ਗੁਲਾਬ ਹੈ ਤਨ ਦਾ ਅੰਤ ਕਰੀਰ।
ਸੰਪਰਕ: 84270-07623
* * *

ਵਖ਼ਤ ਵੇਲ਼ਾ ਸਮਾਂ

ਮਨਜੀਤ ਸਿੰਘ ਬੱਧਣ

ਇਹ ਵਖ਼ਤ, ਵੇਲ਼ਾ, ਇਹ ਸਮਾਂ, ਸਭ ਇਸ ਨੂੰ ਜਾਣਦੇ ਇਹ ਸਭ ਨੂੰ,
ਮੇਰੇ ਬੋਲ ਨਾ ਪਛਾਣਦਾ, ਮੇਰੀ ਗੱਲ ਬਣ ਕਾਸਦ ਕੋਈ ਕਹਿ ਆਵੇ।

ਇਹ ਵਖ਼ਤ, ਵੇਲ਼ਾ, ਇਹ ਸਮਾਂ, ਤੁਰੀ ਜਾ ਰਿਹੈ, ਭੱਜੀ ਦੌੜੀ ਜਾ ਰਿਹੈ,
ਰੁਕ ਜਾਵੇ ਪਹਿਰ, ਘੜੀ, ਪਲ ਜਾਂ ਛਿਣ, ਕਦੀ ਤਾਂ ਇਹ ਬਹਿ ਜਾਵੇ।

ਮੰਨਿਆ ਬੜਾ ਬਲਵਾਨ ਹੈ ਇਹ, ਡੱਕ ਕਦ ਹੋਵੇ ਕਿਸੇ ਦੇ ਡੱਕਿਆਂ,
ਹੈ ਸਭ ’ਤੇ ਸਵਾਰ ਪਰ ਕਦੀ, ਬੰਦਿਆਂ ਵਾਂਗ ਕੁਝ ਸੁਣ-ਕਹਿ ਜਾਵੇ।

ਮਨੁੱਖ ਨੂੰ ਸੁੱਖ-ਦੁੱਖ ਮਿਲਦੇ, ਡੁੱਬ ਜਾਂਦੇ ਨੇ ਕਦੇ ਸਾਗਰਾਂ ਦੇ ਤਾਰੂ ਵੀ,
ਸੰਜੋਗ ਰਹਿਣ ਸੰਜੋਗੀਆਂ ਦੇ, ਹੁੰਦਾ ਕੀ ਏ ਵਿਯੋਗ ਕਦੇ ਸਹਿ ਜਾਵੇ।

ਜਿੰਦ ਫੁੱਲਾਂ ਦੀ ਸੇਜ ਨਹੀਂ, ਰਹਿੰਦਾ ਹਨੇਰੇ ਦਾ ਵੀ ਸਦਾ ਰਾਜ ਨਹੀਂ,
ਫੁੱਲ ਇਹ ਨੂੰ ਵੀ ਹੋਣੇ ਨੇ ਪਸੰਦ, ਕਦੀ ਖ਼ਾਰਾਂ ਨਾਲ ਵੀ ਖਹਿ ਜਾਵੇ।

ਭੱਜਿਆ ਭੱਜਿਆ ਜਾਂਦਾ, ਕਿਉਂ ਮਲਕ ਭਾਗੋਆਂ ਦੇ ਬੂਹੇ ਖੜ੍ਹਾ ਲੱਗੇ,
ਸ਼ੁਕਰ ਸ਼ੁਕਰ ਕਰਦੇ ਕਿਸੇ ਲਾਲੋ ਘਰ, ਇੱਕ ਵਾਰ ਤਾਂ ਰਹਿ ਜਾਵੇ।

ਮਿਲ ਕਰਮਾਂ ਨਾਲ ਝੰਬਿਆ ਇਸ ਨੇ, ਜਿਨ੍ਹਾਂ ਕਰਮਾਂ ਮਾਰਿਆਂ ਨੂੰ,
ਝੱਸੇ ਘਸੀਆਂ ਲਕੀਰਾਂ ਵਾਲੇ ਹੱਥ, ਬਣ ਅਲਾਣੀ ਮੰਜੀ ਡਹਿ ਜਾਵੇ।

ਇਹ ਕੋਈ ਗੱਲ ਨਾ ਹੋਈ, ਵਾਂਙ ਉਮਰਾਂ ਵਧੀ ਹੀ ਤੁਰਿਆ ਜਾ ਰਿਹਾ,
ਹੁਣ ਸੂਰਜ, ਤਾਪ ਜਾਂ ਬਣੇ ਕੋਈ ਨਸ਼ਾ, ਕਦੀ ਚੜ੍ਹੇ ਕਦੇ ਲਹਿ ਜਾਵੇ।
ਸੰਪਰਕ: 94176-35053

Advertisement
Author Image

joginder kumar

View all posts

Advertisement
Advertisement
×