ਨਿਕਾਸੀ ਨਾਲੇ ਦੀ ਟੁੱਟੀ ਪੁਲੀ ਦੀ ਦੋ ਮਹੀਨਿਆਂ ਤੋਂ ਨਹੀਂ ਲਈ ਸਾਰ
ਕਰਮਜੀਤ ਸਿੰਘ ਚਿੱਲਾ
ਬਨੂੜ, 18 ਅਗਸਤ
ਮੋਹੀ ਖੁਰਦ ਤੋਂ ਸੂਰਜਗੜ੍ਹ ਨੂੰ ਜਾਣ ਵਾਲੀ ਸੰਪਰਕ ਸੜਕ ਉੱਤੇ ਪਿੰਡ ਮੋਹੀ ਖ਼ੁਰਦ ਦੀ ਹਦੂਦ ਵਿਖੇ ਪਿੰਡ ਦੇ ਨਿਕਾਸੀ ਨਾਲੇ ਦੀ ਪੁਲੀ ਉੱਤੇ ਪਾਈ ਹੋਈ ਸਲੈਬ ਪਿਛਲੇ ਦੋ ਮਹੀਨੇ ਤੋਂ ਟੁੱਟੀ ਹੋਈ ਹੈ। ਪਿੰਡ ਦੀਆਂ ਕਈਂ ਬਸਤੀਆਂ ਵਿੱਚ ਜਾਣ ਵਾਲੇ ਪਿੰਡ ਵਾਸੀਆਂ ਤੋਂ ਇਲਾਵਾ ਸੂਰਜਗੜ੍ਹ ਅਤੇ ਘੜਾਮਾਂ ਦੇ ਵਸਨੀਕਾਂ ਅਤੇ ਇਸ ਖੇਤਰ ਦੇ ਬਨੂੜ ਆਉਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਸੂਰਜਗੜ੍ਹ ਦੇ ਵਸਨੀਕ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਪੁਲੀ ਕਈ ਮਹੀਨਿਆਂ ਤੋਂ ਟੁੱਟੀ ਪਈ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਦੇ ਬੱਚੇ ਇਸ ਰਸਤੇ ਨੂੰ ਲੰਘ ਕੇ ਮੋਹੀ ਖੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਨ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸੂਰਜਗੜ੍ਹ ਅਤੇ ਘੜਾਮਾਂ ਦੇ ਚੁਪਹੀਆ ਵਾਹਨ ਚਾਲਕਾਂ ਨੂੰ ਆਪਣੇ ਘਰ ਆਉਣ ਲਈ ਵੀ ਬਦਲਵੇਂ ਪਿੰਡਾਂ ਦੇ ਰਸਤਿਆਂ ਤੋਂ ਹੋ ਕੇ ਲੰਘਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਨਾਲਾ ਡੂੰਘਾ ਹੋਣ ਕਾਰਨ ਇੱਥੇ ਰਾਤ ਦੇ ਹਨੇਰੇ ਵਿੱਚ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਭੰਗ ਹੋਈ ਪਿੰਡ ਮੋਹੀ ਖੁਰਦ ਦੀ ਪੰਚਾਇਤ ਦੇ ਸਰਪੰਚ ਤੇਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਨਿਕਾਸੀ ਨਾਲੇ ਦੀ ਪੁਲੀ ਟੁੱਟੀ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਪੰਚਾਇਤਾਂ ਭੰਗ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਪੰਚਾਇਤੀ ਕੋਰਮ ਪੂਰਾ ਨਾ ਹੋਣ ਕਾਰਨ ਇਹ ਪੁਲੀ ਬਣਾਈ ਨਹੀਂ ਜਾ ਸਕੀ।
ਉਨ੍ਹਾਂ ਕਿਹਾ ਕਿ ਟੁੱਟੀ ਹੋਈ ਪੁਲੀ ਸਬੰਧੀ ਉਹ ਲੋਕ ਨਿਰਮਾਣ ਵਿਭਾਗ ਨੂੰ ਵੀ ਲਿਖ ਕੇ ਦੇ ਚੁੱਕੇ ਹਨ ਅਤੇ ਪੰਚਾਇਤੀ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਪ੍ਰਬੰਧਕ ਰਾਹੀਂ ਤੁਰੰਤ ਪੁਲੀ ਦਾ ਨਿਰਮਾਣ ਯਕੀਨੀ ਬਣਾਉਣਾ ਚਾਹੀਦਾ ਹੈ।