ਮੁਕੇਰੀਆਂ ’ਚ ਕੌਮੀ ਮਾਰਗ ’ਤੇ ਧਰਨਾਕਾਰੀ ਗੰਨਾਂ ਕਿਸਾਨਾਂ ਨੂੰ ਪੁਲੀਸ ਨੇ ਚੁੱਕਿਆ
ਜਗਜੀਤ ਸਿੰਘ
ਮੁਕੇਰੀਆਂ, 2 ਦਸੰਬਰ
ਗੰਨੇ ਦੇ ਭਾਅ ਵਿੱਚ ਵਾਧੇ ਦੀ ਮੰਗ ਲਈ ਸੰਘਰਸ਼ ਕਰ ਰਹੇ ਸਾਂਝੀ ਸੰਘਰਸ਼ ਕਮੇਟੀ ਦੇ ਖੰਡ ਮਿੱਲ ਮੁਕੇਰੀਆਂ ਮੂਹਰੇ ਧਰਨੇ ’ਤੇ ਬੈਠੇ ਕਿਸਾਨ ਆਗੂਆਂ ਅਮਰਜੀਤ ਸਿੰਘ ਰੜਾ, ਕੰਵਲਪ੍ਰੀਤ ਸਿੰਘ ਕਾਕੀ, ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਗੁਰਪ੍ਰਤਾਪ ਸਿੰਘ ਸਮੇਤ ਕਰੀਬ 100 ਤੋਂ ਵੱਧ ਕਿਸਾਨਾਂ ਅਤੇ ਬੀਬੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨਾਂ ਦੀ ਇਹ ਗ੍ਰਿਫਤਾਰੀ ਖੁਦ ਐੱਸਐੱਸਪੀ ਸੁਰਿੰਦਰ ਲਾਂਬਾ ਦੀ ਅਗਵਾਈ ਵਿੱਚ ਪੁਲੀਸ ਵਲੋਂ ਕੀਤੀ ਗਈ। ਕਿਸਾਨਾ ਨੂੰ ਹਿਰਾਸਤ ਵਿੱਚ ਲੈਣ ਮੌਕੇ ਉਹ ਸ਼ਾਂਤਮਈ ਧਰਨੇ ‘ਤੇ ਬੈਠੇ ਹੋਏ ਸਨ ਅਤੇ ਗੰਨੇ ਦਾ ਭਾਅ ਵਧਾਉਣ ਸਬੰਧੀ ਕੋਈ ਹੁੰਗਾਰਾ ਨਾ ਮਿਲਣ ਕਰਕੇ ਰਾਤ ਵੇਲੇ ਖਾਲੀ ਕੀਤੀ ਦੂਜੀ ਲੇਨ ਵੀ ਬੰਦ ਕਰਨ ਦੀ ਵਿਉਂਤਬੰਦੀ ਕਰ ਰਹੇ ਸਨ। ਬੀਤੀ ਰਾਤ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਨਾਲ ਹੋਈ ਗੱਲਬਾਤ ਉਪਰੰਤ ਸਹਿਮਤੀ ਹੋਣ ਕਾਰਨ ਕਿਸਾਨਾਂ ਨੇ ਰਾਤ ਵੇਲੇ ਆਵਾਜਾਈ ਬਹਾਲ ਕਰਨ ਲਈ ਆਪਣਾ ਧਰਨਾ ਇੱਕ ਲੇਨ ’ਤੇ ਸਮੇਟਦਿਆਂ ਕੌਮੀ ਮਾਰਗ ਦੀ ਇੱਕ ਲੇਨ ਖਾਲੀ ਕਰ ਦਿੱਤੀ ਸੀ। ਕਿਸਾਨਾਂ ਦਾ ਮੰਨਣਾ ਸੀ ਕਿ ਪ੍ਰਸ਼ਾਸਨ ਵਲੋਂ ਦਿੱਤੇ ਜਾ ਰਹੇ ਭਰੋਸੇ ਅਨੁਸਾਰ ਅੱਜ ਅਧਿਕਾਰੀ ਗੰਨੇ ਦੇ ਭਾਅ ਸਬੰਧੀ ਕੋਈ ਹਾਂਪੱਖੀ ਗੱਲਬਾਤ ਲਈ ਹੰਗਾਰਾ ਭਰਨਗੇ ਪਰ ਅੱਜ ਜਦੋਂ ਅਧਿਕਾਰੀਆਂ ਨੇ ਇਸ ਪ੍ਰਤੀ ਕੋਈ ਹੁੰਗਾਰਾ ਨਾ ਭਰਿਆ ਤਾਂ ਕਿਸਾਨਾਂ ਨੇ ਕੌਮੀ ਮਾਰਗ ਦੀ ਰਾਤ ਵੇਲੇ ਖਾਲੀ ਕੀਤੀ ਲੇਨ ਵੀ ਜਾਮ ਕਰਨ ਦੀ ਤਿਆਰੀ ਕਰ ਲਈ, ਜਿਸ ਦਾ ਪਤਾ ਲੱਗਦਿਆਂ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਪੁਲੀਸ ਟੀਮ ਦੀ ਖੁਦ ਅਗਵਾਈ ਕਰਦਿਆਂ ਧਰਨਾਕਾਰੀਆਂ ਨੂੰ ਚੁੱਕ ਕੇ ਬੱਸਾਂ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਧਰਨਾ ਖਤਮ ਕਰਵਾਇਆ ਜਾ ਸਕੇ।
ਇਸ ਦੌਰਾਨ ਪੁਲੀਸ ਨੇ ਕਈ ਬੀਬੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਅਤੇ ਕਿਸਾਨਾਂ ਨੂੰ ਕਰੀਬ 2 ਬੱਸਾਂ ਵਿੱਚ ਭਰ ਕੇ ਦਸੂਹਾ ਵਾਲੇ ਪਾਸੇ ਚਲੀ ਗਈ। ਹਾਲੇ ਵੀ ਧਰਨੇ ਵਾਲੀ ਥਾਂ ’ਤੇ ਕਰੀਬ 100 ਬੀਬੀਆਂ ਅਤੇ ਮਰਦ ਬੈਠੇ ਹੋਏ ਹਨ ਅਤੇ ਪਿੰਡਾਂ ਵਿੱਚੋਂ ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਸੁਨੇਹੇ ਲਗਾਏ ਜਾ ਰਹੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਅਜ਼ਾਦ) ਦੇ ਪ੍ਰਧਾਨ ਅਮਰਜੀਤ ਸਿੰਘ ਰੜ੍ਹਾ, ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਕਾਕੀ, ਪੱਗੜੀ ਸੰਭਾਲ ਲਹਿਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਨੇ ਇਸ ਨੂੰ ਪੁਲੀਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸਰਕਾਰ ਤੇ ਪੁਲੀਸ ਜਬਰ ਦਾ ਸਬਰ ਨਾਲ ਜਵਾਬ ਦੇਣਗੇ ਅਤੇ ਵਾਜਬਿ ਭਾਅ ਮਿਲਣ ਤੱਕ ਲਗਾਤਾਰ ਸੰਘਰਸ਼ ਕਰਨਗੇ।