ਜਵਾਹਰ ਲਾਲ ਨਹਿਰੂ ਦਾ ਦੁੱਖ
ਇੱਕ ਸ਼ਾਮ ਫੋਨ ਦੀ ਘੰਟੀ ਵੱਜੀ ਅਤੇ ਲੇਖਕ ਨੂੰ ਦੱਸਿਆ ਗਿਆ ਕਿ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਲਾਡਲੀ ਤੇ ਇਕਲੌਤੀ ਧੀ 1947 ਦੀਆਂ ਗਰਮੀਆਂ ਦੇ ਤ੍ਰਾਸਦਿਕ ਪਰ ਅਹਿਮ ਪਲਾਂ ਨੂੰ ਸਾਂਝੇ ਕਰਨ ਲਈ ਸਹਿਮਤ ਹੋ ਗਈ ਹੈ। ਆਜ਼ਾਦ ਭਾਰਤ ਦੀ ਕਮਾਨ ਸੰਭਾਲਣ ਵਾਲੇ ਆਪਣੇ ਪਿਤਾ ਤੋਂ 25 ਸਾਲ ਬਾਅਦ ਤਕਦੀਰ ਨੇ ਇਹ ਬੋਝ ਇੰਦਰਾ ਗਾਂਧੀ ਦੇ ਮੋਢਿਆਂ ’ਤੇ ਪਾ ਦਿੱਤਾ ਸੀ। ਇੰਦਰਾ 21 ਸਾਲ ਦੀ ਉਮਰ ’ਚ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਈ ਸੀ ਜੋ ਆਜ਼ਾਦ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਸੀ। 15 ਅਗਸਤ 1947 ਨੂੰ ਜਦੋਂ ਭਾਰਤ ਨੇ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜੀਆਂ ਤਾਂ ਨਹਿਰੂ ਦੀ ਉਮਰ 57 ਸਾਲ ਅਤੇ ਇੰਦਰਾ 30 ਸਾਲ ਦੀ ਸੀ। ਪਿਓ ਧੀ ਵਾਸਤੇ ਇਹ ਜਸ਼ਨ ਦਾ ਦਿਨ ਸੀ ਕਿਉਂਕਿ ਉਨ੍ਹਾਂ ਨੇ ਭਾਰਤ ’ਚ ਸਵਰਾਜ ਦੀ ਸਥਾਪਨਾ ਲਈ ਸਾਂਝੀ ਜੰਗ ਲੜੀ ਸੀ।
ਇੰਦਰਾ ਨੇ ਦੱਸਿਆ, ‘‘14 ਅਗਸਤ ਦੀ ਸ਼ਾਮ ਮੈਂ ਅਤੇ ਮੇਰੇ ਪਿਤਾ ਰਾਤ ਦੇ ਖਾਣੇ ਵਾਸਤੇ ਮੇਜ਼ ਦੁਆਲੇ ਬੈਠੇ ਹੀ ਸੀ ਕਿ ਨਾਲ ਦੇ ਕਮਰੇ ’ਚ ਫੋਨ ਦੀ ਘੰਟੀ ਵੱਜੀ। ਇਹ ਉਹ ਸਮਾਂ ਸੀ ਜਿਸ ਤੋਂ ਕੁਝ ਘੰਟੇ ਬਾਅਦ ਹੀ ਮੇਰੇ ਪਿਤਾ ਨੇ ਰੇਡੀਓ ’ਤੇ ਦੇਸ਼ ਦੇ ਆਜ਼ਾਦ ਹੋਣ ਦਾ ਐਲਾਨ ਕਰਨਾ ਸੀ। ਆਵਾਜ਼ ਸ਼ਾਇਦ ਸਾਫ਼ ਨਹੀਂ ਆ ਰਹੀ ਸੀ ਤੇ ਮੇਰੇ ਪਿਤਾ ਫੋਨ ਕਰਨ ਵਾਲੇ ਨੂੰ ਲਗਭਗ ਚੀਕਦਿਆਂ ਕਹਿ ਰਹੇ ਸਨ ਕਿ ਉਹ ਦੁਬਾਰਾ ਆਪਣੀ ਗੱਲ ਦੱਸੇ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੇ ਚਿਹਰੇ ਤੋਂ ਨਿਰਾਸ਼ਾ ਝਲਕ ਰਹੀ ਸੀ। ਕੁਝ ਪਲ ਉਹ ਕੁਝ ਵੀ ਬੋਲ ਨਾ ਸਕੇ। ਉਨ੍ਹਾਂ ਆਪਣਾ ਚਿਹਰਾ ਹੱਥਾਂ ਨਾਲ ਢਕ ਲਿਆ ਤੇ ਫਿਰ ਕਾਫ਼ੀ ਸਮਾਂ ਸਿਰ ਸੁੱਟ ਕੇ ਬੈਠੇ ਰਹੇ। ਜਦੋਂ ਉਨ੍ਹਾਂ ਸਿਰ ਚੁੱਕਿਆ ਤਾਂ ਉਨ੍ਹਾਂ ਦੀਆਂ ਅੱਖਾਂ ’ਚ ਅੱਥਰੂ ਸਨ। ਉਨ੍ਹਾਂ ਦੱਸਿਆ ਕਿ ਇਹ ਫੋਨ ਲਾਹੌਰ, ਜੋ ਵੰਡ ਪਿੱਛੋਂ ਪਾਕਿਸਤਾਨ ’ਚ ਚਲਾ ਗਿਆ ਸੀ, ਤੋਂ ਆਇਆ ਸੀ। ਨਵੇਂ ਪ੍ਰਸ਼ਾਸਕਾਂ ਨੇ ਹਿੰਦੂ ਅਤੇ ਸਿੱਖਾਂ ਦੀ ਵਸੋਂ ਵਾਲੇ ਖੇਤਰਾਂ ਦੀ ਜਲ ਸਪਲਾਈ ਬੰਦ ਕਰ ਦਿੱਤੀ ਸੀ। ਲੋਕੀਂ ਪਿਆਸੇ ਮਰ ਰਹੇ ਸਨ। ਜਿਹੜੀਆਂ ਔਰਤਾਂ ਜਾਂ ਬੱਚੇ ਪਾਣੀ ਦਾ ਘੁੱਟ ਲੈਣ ਲਈ ਬਾਹਰ ਗਏ ਉਨ੍ਹਾਂ ਨੂੰ ਮੁਸਲਿਮ ਫਸਾਦੀਆਂ ਨੇ ਤੁਰੰਤ ਮੌਤ ਦੇ ਘਾਟ ਉਤਾਰ ਦਿੱਤਾ। ਪਹਿਲਾਂ ਹੀ ਸਾਰੇ ਗਲੀਆਂ ਮੁਹੱਲੇ ਅੱਗਜ਼ਨੀ ਨਾਲ ਤਬਾਹ ਹੋ ਚੁੱਕੇ ਸਨ। ਮੇਰੇ ਪਿਤਾ ਸਦਮੇ ’ਚ ਸਨ। ਉਹ ਮੈਨੂੰ ਬੁਝੇ ਦਿਲ ਨਾਲ ਕੁਝ ਪੁੱਛ ਰਹੇ ਸਨ ਪਰ ਉਨ੍ਹਾਂ ਦੀ ਆਵਾਜ਼ ਮੁਸ਼ਕਿਲ ਨਾਲ ਹੀ ਸੁਣ ਰਹੀ ਸੀ। ਉਨ੍ਹਾਂ ਕਿਹਾ, ‘‘ਮੈਂ ਅੱਜ ਦੀ ਰਾਤ ਆਪਣੇ ਦੇਸ਼ ਵਾਸੀਆਂ ਨੂੰ ਕਿਵੇਂ ਸੰਬੋਧਨ ਕਰਾਂਗਾ? ਮੈਂ ਉਨ੍ਹਾਂ ਅੱਗੇ ਇਹ ਝੂਠਾ ਦਿਖਾਵਾ ਕਿਵੇਂ ਕਰ ਸਕਦਾ ਹਾਂ ਕਿ ਆਜ਼ਾਦੀ ਮਿਲਣ ’ਤੇ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਪਿਆ ਹੈ ਜਦੋਂਕਿ ਮੈਂ ਜਾਣਦਾ ਹਾਂ ਕਿ ਲਾਹੌਰ, ਸਾਡਾ ਖ਼ੂਬਸੂਰਤ ਲਾਹੌਰ ਸੜ ਰਿਹਾ ਹੈ।’’
ਇੰਦਰਾ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਪਿਤਾ ਨੂੰ ਧਰਵਾਸਾ ਦੇਣ ਦਾ ਯਤਨ ਕੀਤਾ। ਉਸ ਨੇ ਆਜ਼ਾਦੀ ਦਾ ਭਾਸ਼ਣ ਤਿਆਰ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਉਹ ਜਾਣਦੀ ਸੀ ਕਿ ਉਹ ਆਪਣੇ ਦਿਲ ਤੋਂ ਸੰਬੋਧਨ ਕਰਨਗੇ, ਪਰ ਉਸ ਫੋਨ ਕਾਲ ਨੇ ਉਨ੍ਹਾਂ ਦੀ ਖ਼ੁਸ਼ੀ ਖੋਹ ਲਈ ਸੀ।