ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੀਆਂ ਦੇ ਦੁੱਖ ਬੁਰੇ

07:12 AM Oct 13, 2024 IST

ਅੰਮ੍ਰਿਤ ਕੌਰ

Advertisement

ਕਈ ਵਰ੍ਹੇ ਪਹਿਲਾਂ ਦੀ ਤਕਲੀਫ਼ ਅੱਜ ਫੇਰ ਉਸੇ ਤਰ੍ਹਾਂ ਹਰੀ ਹੋ ਗਈ। ਜ਼ਖ਼ਮ ਫਿਰ ਰਿਸਣ ਲੱਗ ਪਏ। ਮਨ ਨੇ ਗੇੜਾ ਖਾਧਾ, ਫਿਰ ਪੁਰਾਣੀਆਂ ਪੀੜਾਂ ਫਿਲਮ ਵਾਂਗ ਅੱਖਾਂ ਸਾਹਮਣੇ ਆਉਣ ਲੱਗੀਆਂ। ਉਦੋਂ ਉਨ੍ਹਾਂ ਦੇ ਪਿਉ ਨੇ ਆਪਣੇ ਵੱਡੇ ਪੁੱਤ ਨੂੰ ਉਸ ਦੇ ਲਾਇਕ ਹੋਣ ਦੀ ਸਜ਼ਾ ਦਿੱਤੀ ਸੀ ਛੋਟੇ ਭਰਾਵਾਂ ਨਾਲੋਂ ਘੱਟ ਜ਼ਮੀਨ ਦੇ ਕੇ। ਇੰਨਾ ਹੀ ਨਹੀਂ ਸਗੋਂ ਪਹਿਲਾਂ ਦਿੱਤੀ ਹੋਈ ਜ਼ਮੀਨ ਵਿੱਚੋਂ ਵੀ ਅੱਧਾ ਕਿੱਲਾ ਛੁਡਾ ਲਿਆ ਸੀ। ਉਹ ਸਬਰ ਦਾ ਘੁੱਟ ਭਰ ਕੇ ਪਿਉ ਨੂੰ ਬਿਨਾਂ ਕੁਝ ਆਖਿਆਂ ਘਰ ਆ ਗਿਆ। ਘਰ ਆ ਕੇ ਬਥੇਰਾ ਤੜਫ਼ਿਆ, ਇਸ ਲਈ ਨਹੀਂ ਕਿ ਉਸ ਨੂੰ ਜ਼ਮੀਨ ਘੱਟ ਦਿੱਤੀ ਸਗੋਂ ਇਸ ਲਈ ਕਿ ਚੋਰੀ ਰੱਖਣ ਦੀ ਕੀ ਜ਼ਰੂਰਤ ਸੀ, ਦੱਸ ਕੇ ਕਰ ਲੈਂਦੇ ਜੋ ਕਰਨਾ ਸੀ। ਸਾਰਾ ਕੁਝ ਇੱਕ ਫਿਲਮ ਵਾਂਗ ਅੱਖਾਂ ਸਾਹਮਣੇ ਘੁੰਮਦਾ ਰਿਹਾ ਜਦੋਂ ਉਹ ਤੇ ਉਸ ਦੀ ਭੈਣ, ਬਾਪੂ ਜੀ ਨੂੰ ਕਾਣੀ ਵੰਡ ਦਾ ਕਾਰਨ ਪੁੱਛਣ ਗਈਆਂ ਸਨ। ਉਸ ਦਿਨ ਉਹ ਅੰਦਰੋਂ ਬਾਹਰੋਂ ਟੁੱਟੀਆਂ ਮਹਿਸੂਸ ਕਰ ਰਹੀਆਂ ਸਨ। ਉਨ੍ਹਾਂ ਦੀ ਹਾਲਤ ਦਰੱਖ਼ਤ ਨਾਲੋਂ ਅਧਟੁੱਟੀ ਲਮਕਦੀ ਟਾਹਣੀ ਵਾਂਗ ਸੀ। ਕਈ ਲੋਕ ਇਸ ਤਰ੍ਹਾਂ ਦੀਆਂ ਟੁੱਟੀਆਂ ਟਾਹਣੀਆਂ ਨੂੰ ਧਾਗੇ ਜਾਂ ਲੰਮੀਆਂ ਲੀਰਾਂ ਲਪੇਟ ਦਿੰਦੇ ਹਨ ਅਤੇ ਉਹ ਮੁੜ ਬੂਟੇ ਜਾਂ ਰੁੱਖ ਨਾਲ ਜੁੜ ਜਾਂਦੀਆਂ ਹਨ। ਕਈ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਲਮਕਦੀ ਟਾਹਣੀ ਨੂੰ ਤੋੜ ਕੇ ਸੁੱਟ ਦਿੰਦੇ ਹਨ। ਉਸ ਦਿਨ ਭੈਣਾਂ ਦੀ ਹਾਲਤ ਵੀ ਲਮਕਦੀ ਟਾਹਣੀ ਵਾਂਗ ਸੀ। ਹੋ ਸਕਦਾ ਤੋੜ ਕੇ ਸੁੱਟ ਦਿੱਤੀਆਂ ਜਾਣ ਜਾਂ ਫਿਰ ਜੋੜਨ ਲਈ ਕੋਸ਼ਿਸ਼ ਕੀਤੀ ਜਾਵੇ।
‘‘ਕੀ ਹੋਇਆ...?’’ ਬੱਸ ਵਿੱਚ ਬੈਠੀ ਵੱਡੀ ਭੈਣ ਨੇ ਛੋਟੀ ਦੇ ਹੱਥ ’ਤੇ ਹੱਥ ਰੱਖ ਕੇ ਪੁੱਛਿਆ ਸੀ।
‘‘ਲੱਤਾਂ ਦੀ ਜਾਨ ਨਿਕਲੀ ਜਾਂਦੀ ਐ ਜੇ ਭਲਾ ਇਹ ਸੱਚ ਹੋਇਆ। ਫਿਰ ਕੀ ਕਰਾਂਗੇ?’’ ਛੋਟੀ ਨੇ ਕਿਹਾ।
‘‘ਕੁਝ ਨ੍ਹੀਂ ਹੁੰਦਾ... ਮੈਨੂੰ ਤਾਂ ਲੱਗਦੈ ਸਾਰਾ ਝੂਠ ਈ ਹੋਊ।’’
‘‘ਰੱਬ ਕਰੇ ਝੂਠ ਹੋਵੇ।’’ ਛੋਟੀ ਭੈਣ ਨੇ ਦੋਵੇਂ ਹੱਥ ਜੋੜ ਕੇ ਕਿਹਾ।
‘‘ਜਾ ਕੇ ਪੁੱਛਦੇ ਆਂ ਕੁਝ ਤਾਂ ਕਹਿਣਗੇ... ਤੰਗੀ ਤਾਂ ਜ਼ਰੂਰ ਐ ਪਰ ਇੰਨੇ ਬੁਰੇ ਵੀ ਨਹੀਂ।’’
‘‘ਪਰ ਛੋਟੇ ਨੇ ਆਪ ਕਿਹਾ ਬਈ ਬਾਪੂ ਜੀ ਨੇ ਧੱਕੇ ਨਾਲ ਕਰਵਾਈ ਐ ਜ਼ਮੀਨ ਉਨ੍ਹਾਂ ਦੇ ਨਾਂ।’’
‘‘ਐਂ ਧੱਕੇ ਨਾਲ ਕੌਣ ਕਰਾ ਦੇਊ? ਜੇ ਆਵਦੀ ਸਹਿਮਤੀ ਹੋਵੇ ਤਾਂ ਹੀ ਹੁੰਦੈ ਸਭ ਕੁਝ। ਬਾਪੂ ਜੀ ਤਾਂ ਮੈਨੂੰ ਆਖਦੇ ਹੁੰਦੇ ਸੀ ਕਿ ਮੈਂ ਤਿੰਨਾਂ ਪੁੱਤਾਂ ਨੂੰ ਬਰਾਬਰ ਰੱਖੂੰ... ਬੁੱਧੀ ਭ੍ਰਿਸ਼ਟ ਕਰਤੀ ਹੋਊ ਬਾਪੂ ਜੀ ਦੀ।’’ ਵੱਡੀ ਬੋਲੀ।
‘‘ਕਹਿੰਦੇ ਨੇ... ਇੱਕ ਵਾਰ ਛੋਟੇ ਨੇ ਸ਼ਰਾਬ ਪੀਤੀ ਵਿੱਚ ਬਾਪੂ ਜੀ ਦੇ ਸਾਹਮਣੇ ਆਵਦੇ ਨਿੱਕੇ ਮੁੰਡੇ ਨੂੰ ਗਲ਼ ਤੋਂ ਫੜ ਲਿਆ ਸੀ। ਅਖੇ... ਮੇਰੇ ਦੋ ਮੁੰਡੇ ਨੇ, ਦੂਜਿਆਂ ਭਰਾਵਾਂ ਦੇ ’ਕੱਲਾ ’ਕੱਲਾ; ਮੇਰੇ ਮੁੰਡਿਆਂ ਨੂੰ ਜ਼ਮੀਨ ਥੋੜ੍ਹੀ ਆਊ... ਜੇ ਇੱਕ ਨੂੰ ਮਾਰ ਦਿਆਂ ਮੇਰੇ ਨੂੰ ਵੀ ਬਰਾਬਰ ਦੀ ਜ਼ਮੀਨ ਆਊ ਫਿਰ। ਮੈਨੂੰ ਤਾਂ ਲੱਗਦੈ... ਬਾਪੂ ਜੀ ਡਰ ਗਏ ਹੋਣੇ ਨੇ ਕਿ ਇਹਦਾ ... ਦਾ ਕੀ ਪਤੈ, ਮੁੰਡੇ ਨੂੰ ਨਾ ਕੁਝ ਕਰ ਦੇਵੇ।’’
‘‘ਕੀ ਪਤੈ ਭੈਣੇ ਕੀ ਹੋਇਆ ਹੋਊ?’’ ਵੱਡਾ ਸਾਰਾ ਹਾਉਕਾ ਲੈ ਕੇ ਵੱਡੀ ਭੈਣ ਬੋਲੀ। ‘‘ਚੱਲ ਚੁੱਪ ਕਰ। ਵਧੀਆ ਵਧੀਆ ਸੋਚ, ਵਧੀਆ ਈ ਹੋਊ ਫੇਰ।’’
‘‘ਪਰ ਜੋ ਕਰਨਾ ਤੀ ਉਹ ਤਾਂ ਕਰ ਲਿਆ ਉਨ੍ਹਾਂ ਨੇ। ਮੇਰੇ ਤਾਂ ਹੌਲ ਪਈ ਜਾਂਦੇ ਨੇ... ਜੇ ਭਲਾ ਇਹ ਸੱਚ ਹੋਇਆ।’’ ਕਹਿੰਦਿਆਂ ਸਵਾਰੀਆਂ ਤੋਂ ਓਹਲਾ ਕਰ ਕੇ ਆਪਣੀ ਛਾਤੀ ’ਤੇ ਹੱਥ ਰੱਖਦਿਆਂ ਕਿਹਾ, ‘‘ਦੇਖ ਕਿਵੇਂ ਠਾਹ-ਠਾਹ ਧੜਕ ਰਿਹੈ।’’
‘‘ਉਨ੍ਹਾਂ ਨੇ ਤਾਂ ਕੁਝ ਕਰਿਆ ਨਾ ਕਰਿਆ ...ਪਰ ਤੂੰ ਜ਼ਰੂਰ ਆਵਦਾ ਘਰ ਖਰਾਬ ਕਰ ਲਵੇਂਗੀ। ਆਪਣਾ ਕੀ ਕਸੂਰ? ਆਪਾਂ ਤਾਂ ਕਦੇ ਧਾਗੇ ਜਿੰਨੀ ਚੀਜ਼ ਨ੍ਹੀਂ ਮੰਗੀ ਉਨ੍ਹਾਂ ਤੋਂ... ਉਹ ਆਪਣਾ ਕੰਮ ਸੂਤ ਰੱਖਣ ਆਪਣੇ ਲਈ ਤਾਂ ਏਹੀ ਬਹੁਤ ਐ।’’ ਵੱਡੀ ਭੈਣ ਨੇ ਸਖ਼ਤੀ ਨਾਲ ਕਿਹਾ, ਪਰ ਉਸ ਦੀਆਂ ਅੱਖਾਂ ਭਰੀਆਂ ਸਨ। ਦੋਵੇਂ ਚੁੱਪ ਹੋ ਗਈਆਂ।
‘‘ਆਪਾਂ ਕਿੱਧਰ ਜਾਵਾਂਗੀਆਂ ਫੇਰ...।’’ ਛੋਟੀ ਫਿਰ ਬੋਲੀ। ਵੱਡੀ ਦਾ ਜੀਅ ਕੀਤਾ ਭੁੱਬ ਮਾਰੇ, ਪਰ ਆਪਣੇ ਆਪ ਨੂੰ ਸੰਭਾਲ ਕੇ ਬੋਲੀ, ‘‘ਸਵਾਰੀਆਂ ਆਪਣੇ ਕਨ੍ਹੀਂ ਦੇਖ ਰਹੀਆਂ ਨੇ। ਅੱਖਾਂ ਦਾ ਪਾਣੀ ਸੁਕਾ ਤੇ ਚੁੱਪ ਕਰ ਕੇ ਬੈਠ... ਆਉਣ ਵਾਲਾ ਪਿੰਡ ਵੀ ਆਪਣਾ।’’ ਦੋਵੇਂ ਚੁੱਪ ਕਰਕੇ ਬੈਠ ਗਈਆਂ। ਵੱਡੀ ਭੈਣ ਥੋੜ੍ਹੀ ਦੇਰ ਬਾਅਦ ਛੋਟੀ ਦੇ ਹੱਥ ’ਤੇ ਹੱਥ ਰੱਖ ਦਿੰਦੀ ਜਿਵੇਂ ਉਸ ਨੂੰ ਹਿੰਮਤ ਰੱਖਣ ਲਈ ਆਖਦੀ ਹੋਵੇ। ਪਿੰਡ ਆ ਗਿਆ। ਦੋਵੇਂ ਭੈਣਾਂ ਅੱਡੇ ’ਤੇ ਉਤਰ ਗਈਆਂ।
‘‘ਸਾਰੇ ਲੋਕ ਆਪਣੇ ਕਨ੍ਹੀਂ ਝਾਕ ਰਹੇ ਨੇ।’’ ਛੋਟੀ ਨੇ ਕਿਹਾ।
‘‘ਚੁੱਪ ਕਰ ਕੇ ਤੁਰੀ ਆ।’’ ਵੱਡੀ ਚੁੱਪ ਤਾਂ ਸੀ, ਪਰ ਉਸ ਦੇ ਅੰਦਰ ਮਹਾਂਭਾਰਤ ਮੱਚੀ ਹੋਈ ਸੀ। ਸੋਚ ਰਹੀ ਸੀ... ਅੱਗੇ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਕਿ ਭਾਈ ਭਾਈ ਜ਼ਮੀਨ ਪਿੱਛੇ ਇੱਕ ਦੂਜੇ ਤੋਂ ਟੁੱਟ ਕੇ ਬਹਿ ਗਏ ਤੇ ਸਾਰੀ ਉਮਰ ਦੇ ਦੁਸ਼ਮਣ ਬਣ ਗਏ। ਪਰ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਆਪਣੇ ਭਰਾ ਵੀ ਇਸ ਤਰ੍ਹਾਂ ਕਰਨਗੇ। ਇਨ੍ਹਾਂ ਘੁੰਮਣਘੇਰੀਆਂ ਵਿੱਚ ਫਸੀਆਂ ਘਰ ਪਹੁੰਚ ਗਈਆਂ। ਮਾਂ ਨੇ ਹਿੱਕ ਨਾਲ ਲਾਇਆ। ਪਿਉ ਨੇ ਸਿਰ ’ਤੇ ਪਿਆਰ ਦਿੱਤਾ। ਦੋ ਭਰਜਾਈਆਂ ਅੱਗੇ ਪਿੱਛੇ ਫਿਰਨ। ਚਾਹ ਪਾਣੀ ਰੋਟੀ ਦਾ ਪ੍ਰਬੰਧ ਕੀਤਾ, ਪਰ ਕੁੜੀਆਂ ਦੇ ਗਲ਼ੇ ਹੇਠ ਕੁਝ ਨਹੀਂ ਸੀ ਉਤਰ ਰਿਹਾ।
‘‘ਮਾਂ! ਇਹ ਸੱਚ ਐ ਕਿ ਸਾਡੇ ਬਾਪੂ ਜੀ ਨੇ ਵੱਡੇ ਬਾਈ ਦਾ ਰਹਿੰਦਾ ਹਿੱਸਾ ਛੋਟਿਆਂ ਦੇ ਨਾਂ ਲਵਾ ’ਤਾ?’’ ਵੱਡੀ ਕੁੜੀ ਨੇ ਮਾਂ ਨੂੰ ਪੁੱਛਿਆ।
‘‘ਹਾਂ... ਸਾਲ ਹੋ ਗਿਆ।’’
‘‘ਨਿਆਈਂ ਵਾਲੀ ਵੀ?’’
‘‘ਹਾਂ ਸਾਰੀ।’’ ਮਾਂ ਨੇ ਨਜ਼ਰਾਂ ਝੁਕਾ ਲਈਆਂ।
‘‘ਤੂੰ ਕੁਝ ਨ੍ਹੀਂ ਕਿਹਾ?’’ ਕੁੜੀ ਨੇ ਕਿਹਾ। ਮਾਂ ਦੀਆਂ ਅੱਖਾਂ ਪਰਲ ਪਰਲ ਵਗ ਤੁਰੀਆਂ।
‘‘ਕਈ ਮਹੀਨੇ ਤਾਂ ਮੈਨੂੰ ਕੁਝ ਨ੍ਹੀਂ ਪਤਾ ਲੱਗਿਆ... ਜਦੋਂ ਪਤਾ ਲੱਗਿਆ ਮੈਂ ਬਥੇਰਾ ਕੁਰਲਾਈ... ਜਿਹੜੇ ਬੰਦੇ ਨੂੰ ਸਾਰੀ ਉਮਰ ‘ਜੀ’ ਤੋਂ ਬਿਨਾਂ ਨਹੀਂ ਬੋਲੀ... ਉਹਨੂੰ ਗਾਲ੍ਹਾਂ ਨਿਕਲੀਆਂ ਮੈਥੋਂ... ਤੇ ਤੇਰੇ ਪਿਉ ਨੇ ਸਾਰੀ ਉਮਰ ਮੈਨੂੰ ਕਦੇ ਗਾਲ੍ਹ ਨਹੀਂ ਸੀ ਕੱਢੀ... ਮੇਰੇ ’ਤੇ ਹੱਥ ਚੁੱਕਿਆ ਉਹਨੇ। ਮੈਂ ਤਾਂ ਜਿਉਂਦੀ ਮਾਰ ’ਤੀ।’’ ਮਾਂ ਫਿੱਸ ਪਈ। ਇਸ ਤੋਂ ਬਾਅਦ ਕੁਝ ਵੀ ਕਹਿਣ ਦਾ ਹੀਆ ਨਾ ਪਿਆ ਕੁੜੀਆਂ ਦਾ। ਵੱਡੀ ਕੁੜੀ ਨੇ ਪਿਉ ਨੂੰ ਪੁੱਛਿਆ। ਪਿਓ ਨੇ ਬਹੁਤ ਸਾਰੇ ਗਿਲੇ-ਸ਼ਿਕਵੇ ਕੀਤੇ, ਵੱਡੇ ਪੁੱਤ ਵੱਲੋਂ ਬਣਾਏ ਸ਼ਹਿਰੀ ਪਲਾਟ ਦਾ ਜ਼ਿਕਰ ਕੀਤਾ।
‘‘ਸਾਨੂੰ ਵੀ ਉਦਰੇਵਾਂ ਹੁੰਦਾ ਸੀ ਪੋਤੇ ਦਾ... ਪਰ ਸਾਡੇ ਕੋਲ ਕਦੇ ਦੋ ਰਾਤਾਂ ਰਹਿਣ ਵੀ ਨਹੀਂ ਆਏ।’’ ਇਸ ਗੱਲ ਦਾ ਸੱਚੀਂ ਕੁੜੀਆਂ ਕੋਲ ਕੋਈ ਜਵਾਬ ਨਹੀਂ ਸੀ। ਨਾਨਕਿਆਂ ਦਾਦਕਿਆਂ ਦੇ ਆਰਥਿਕ ਪਾੜੇ ਨੇ ਫ਼ਰਕ ਹੋਰ ਵਧਾ ਦਿੱਤੇ। ਜਦੋਂ ਬੱਚੇ ਪਿੰਡ ਜਾਂਦੇ, ਗਰਮੀ ਜਾਂ ਮੱਛਰ ਕਾਰਨ ਤੜਫ਼ਦੇ, ਉਸ ਵੇਲੇ ਭਾਵੇਂ ਉਹ ਆਪਣੇ ਆਪ ਹੀ ਆਖ ਦਿੰਦੇ, ‘‘ਭਾਈ ਨਿਆਣਿਆਂ ਨੂੰ ਲੈ ਕੇ ਆਪਣੇ ਘਰ ਜਾਓ... ਕਿਤੇ ਬਿਮਾਰ ਈ ਨਾ ਹੋ ਜਾਣ।’’ ਪਰ ਜਦੋਂ ਆਪਣੇ ਆਪ ਨੂੰ ਸਹੀ ਸਿੱਧ ਕਰਨਾ ਸੀ ਤਾਂ ਇਨ੍ਹਾਂ ਗੱਲਾਂ ਦੇ ਹੀ ਮਿਹਣੇ ਬਣ ਗਏ। ਉਨ੍ਹਾਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਵੀ ਬੜੀਆਂ ਗੱਲਾਂ ਸੁਣਾਈਆਂ। ਮੁੱਕਦੀ ਗੱਲ ਉਨ੍ਹਾਂ ਕਿਹਾ, ‘‘ਮੈਂ ਜੋ ਵੀ ਕੀਤਾ ਠੀਕ ਕੀਤਾ।’’ ਕਦੇ ਪਿਓ ਦੇ ਸਾਹਮਣੇ ਆਵਾਜ਼ ਉੱਚੀ ਨਹੀਂ ਸੀ ਕੀਤੀ। ਅੱਜ ਲੜਨ ਵਰਗੀ ਹਾਲਤ ਸੀ। ਪਰ ਨਤੀਜਾ ਕੁਝ ਵੀ ਨਾ ਨਿਕਲਿਆ।
ਵਿਚਕਾਰਲੇ ਭਰਾ ਨੇ ਥੋੜ੍ਹਾ ਸਕੂਨ ਭਰੀ ਗੱਲ ਕਰੀ, ‘‘ਮੈਨੂੰ ਤਾਂ ਭਾਵੇਂ ਕੱਲ੍ਹ ਨੂੰ ਬੁਲਾ ਲਓ ਜਿੱਥੇ ਬੁਲਾਉਣੈ... ਜਿਹੜਾ ਵੱਡੇ ਬਾਈ ਦਾ ਹਿੱਸਾ ਮੇਰੇ ਨਾਂ ਕਰਿਆ... ਜਦੋਂ ਮਰਜ਼ੀ ਲੈ ਲਵੋ...।’’
‘‘ਪਹਿਲਾਂ ਕਿਉਂ ਨ੍ਹੀਂ ਬੋਲਿਆ ਤੂੰ!’’ ਵੱਡੀ ਭੈਣ ਨੇ ਕਿਹਾ।
‘‘ਮਜਬੂਰੀ ਸੀ...।’’ ਇੰਨਾ ਹੀ ਆਖਿਆ ਅਤੇ ਉੱਠ ਕੇ ਬਾਹਰ ਚਲਿਆ ਗਿਆ।
ਨਿੱਕੇ ਨਿੱਕੇ ਨਿਆਣਿਆਂ ਦੇ ਮਨ ਵਿੱਚ ਝੂਠ ਨੂੰ ਸੱਚ ਬਣਾ ਕੇ ਬਿਠਾ ਦਿੱਤਾ। ਬਾਪੂ ਜੀ ਨੂੰ ਖੇਤੀ ਵਿੱਚੋਂ ਕਦੇ ਕੋਈ ਬਹੁਤੀ ਵੱਟਤ ਨਹੀਂ ਸੀ ਹੋਈ। ਪਰਿਵਾਰ ਦੇ ਨੌਂ ਦਸ ਜੀਆਂ ਦੇ ਤਨ ਢਕਣ ਲਈ ਕੱਪੜਾ ਤੇ ਢਿੱਡ ਭਰਨ ਲਈ ਭੋਜਨ ਚਾਹੀਦਾ ਸੀ। ਉਪਰੋਂ ਚਾਰ ਧੀਆਂ ਦੇ ਵਿਆਹ ਕਰਨੇ ਸਨ। ਇਹ ਕੋਈ ਬਿਨਾਂ ਪੈਸੇ ਤੋਂ ਥੋੜ੍ਹੀ ਹੋਣਾ ਸੀ। ਕਮਾਈ ਧਮਾਈ ਫ਼ਸਲ ਕਰਜ਼ੇ ਦੀ ਭੇਟਾ ਚੜ੍ਹ ਜਾਂਦੀ ਸੀ। ਟਿੱਬਿਆਂ ਦੀ ਜ਼ਮੀਨ ਸੀ। ਨੌਂ ਕੁ ਵਿੱਘੇ ਵੇਚ ਦਿੱਤੀ। ਉਸ ਨਾਲ ਵੀ ਕਬੀਲਦਾਰੀ ਸੂਤ ਨਹੀਂ ਆਈ। ਵੱਡਾ ਬਾਈ ਪੜ੍ਹਿਆ ਲਿਖਿਆ ਸੀ। ਦੂਜੇ ਨੰਬਰ ਵਾਲੀ ਭੈਣ ਐਮ.ਏ. ਕਰ ਰਹੀ ਸੀ। ਸ਼ਹਿਰ ਵਿੱਚ ਵਿਆਹੀ ਗਈ, ਉਸ ਦੇ ਘਰ ਵਾਲੇ ਨੇ ਵੱਡੇ ਬਾਈ ਨੂੰ ਇਹ ਆਖ ਕੇ ਸ਼ਹਿਰ ਵਿੱਚ ਲਿਆਂਦਾ ਕਿ ਐਨਾ ਪੜ੍ਹ ਲਿਖ ਕੇ ਪਿੰਡ ਵਿੱਚ ਰਹਿ ਕੇ ਕੁਝ ਨਹੀਂ ਬਣ ਸਕਦਾ। ਸ਼ਹਿਰ ਵਿੱਚ ਨੌਕਰੀ ਵੀ ਮਿਲ ਸਕਦੀ ਹੈ ਤੇ ਬੰਦਾ ਆਪਣੀ ਸਿਆਣਪ ਨਾਲ ਕੋਈ ਕਾਰੋਬਾਰ ਵੀ ਕਰ ਸਕਦੈ। ਬਾਈ ਸ਼ਹਿਰ ਆ ਗਿਆ। ਪਹਿਲਾਂ ਨੌਕਰੀ ਕੀਤੀ। ਫਿਰ ਆਪਣਾ ਕੰਮ ਸ਼ੁਰੂ ਕੀਤਾ। ਸਾਰੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੇਚੀ ਜ਼ਮੀਨ ਬਾਈ ਦੇ ਖਾਤੇ ਚੜ੍ਹਾ ਕੇ ਆਪ ਸਾਰੇ ਸੁਰਖ਼ਰੂ ਹੋ ਗਏ। ਬਾਈ ਨੇ ਜਿਹੜਾ ਪੈਸਾ ਲਿਆ ਸੀ, ਵਾਪਸ ਕੀਤਾ। ਪਰ ਲਿਆ ਸਭ ਨੂੰ ਯਾਦ ਸੀ, ਵਾਪਸ ਕੀਤਾ ਕਿਸੇ ਨੂੰ ਵੀ ਨਹੀਂ। ਪਰਿਵਾਰ ਦੇ ਵਿਰੋਧੀ ਵੀ ਪੂਰਾ ‘ਫ਼ਰਜ਼’ ਨਿਭਾ ਗਏ। ਜਿਹੜੀ ਗੱਲ ਦਾ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਉਹਦੀ ਗਵਾਹੀ ਭਰਨ ਲੱਗੇ ਕਿ ਵਿਕੀ ਜ਼ਮੀਨ ਦੇ ਪੈਸੇ ਬਾਈ ਦੇ ਕਾਰੋਬਾਰ ਵਿੱਚ ਲਾਏ ਸੀ। ਘਰ ਵਿੱਚ ਪਈਆਂ ਤਰੇੜਾਂ ਵਿੱਚ ਸ਼ਰੀਕਾਂ ਨੇ ਹੋਰ ਮਿੱਟੀ ਪਾ ਦਿੱਤੀ।
ਅੱਜ ਕੁੜੀਆਂ ਨੇ ਪੇਕਿਆਂ ਦੇ ਹਰ ਜੀਅ ਨੂੰ ਸੁਨੇਹਾ ਲਾਉਣਾ ਚਾਹਿਆ ਕਿ ਜੇ ਵੰਡ ਬਰਾਬਰ ਨਾ ਕੀਤੀ... ਅਸੀਂ ਨ੍ਹੀਂ ਆਉਣਾ ਮੁੜ ਕੇ ਏਥੇ। ਮਾਂ ਨੇ ਕਿਹਾ, ‘‘ਆਉਣਾ ਕਿਉਂ ਨ੍ਹੀਂ ਜਿੰਨਾ ਚਿਰ ਅਸੀਂ ਜਿਉਂਦੇ ਆਂ... ਓਨਾ ਚਿਰ ਤਾਂ ਆਉਣਾ ਪਊ।’’ ਮਾਂ ਦੀ ਗੱਲ ਤੋਂ ਇੰਨੀ ਕੁ ਤਾਂ ਸਮਝ ਆ ਗਈ ਸੀ ਕਿ ਸਿਰਫ਼ ਮਾਪਿਆਂ ਦੇ ਜਿਉਂਦਿਆਂ ਹੀ ਪੇਕੇ ਆ ਸਕਦੀਆਂ ਹਨ, ਇਸ ਤੋਂ ਬਾਅਦ ਮਾਂ ਦੀ ਵੀ ਉਮੀਦ ਮੁੱਕ ਚੁੱਕੀ ਸੀ ਕਿ ਭਰਾ ਉਨ੍ਹਾਂ ਦੀਆਂ ਧੀਆਂ ਦਾ ਕੋਈ ਮਾਣ ਸਤਿਕਾਰ ਕਰਨਗੇ। ਇਹ ਘਰ ਪਰਾਇਆ ਹੋ ਗਿਆ ਸੀ ਧੀਆਂ ਲਈ। ਛੋਟੇ ਭਰਾ ਦੇ ਦਸਾਂ ਕੁ ਸਾਲਾਂ ਦੇ ਮੁੰਡੇ ਨੇ ਸੁਣਾਇਆ, ‘‘ਨਾ ਆਇਓ।’’ ਉਸ ਦੀ ਮਾਂ ਨੇ ਰੋਕਿਆ, ‘‘...ਇਉਂ ਨੀ ਆਖੀਦਾ। ਪਹਿਲਾਂ ਵਾਲੀ ਗੱਲ ਹੁੰਦੀ ਤਾਂ ਭਤੀਜੇ ਨੂੰ ਆਖਣਾ ਸੀ, ‘‘ਠਹਿਰ ਜਾ, ਤੈਨੂੰ ਦੱਸਦੀ ਆਂ ਪਤਾ... ਵੱਡੇ ਆਏ ਨੇ ਘਰ ਦੇ ਮਾਲਕ, ਸਾਡੇ ਪਿਉ ਦਾ ਘਰ ਐ... ਅਸੀਂ ਤਾਂ ਆਵਾਂਗੀਆਂ।’’ ਦਿਲ ਨੇ ਕਿਹਾ ‘ਆਖ ਦਿਓ’... ਦਿਮਾਗ਼ ਕਹਿੰਦਾ, ‘ਜਿੱਥੇ ਪਿਆਰ ਸਤਿਕਾਰ ਹੋਵੇ ਉੱਥੇ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ!’ ਸੋ ਚੁੱਪ ਕਰ ਗਈਆਂ। ਹਿੰਮਤ ਜਿਹੀ ਟੁੱਟ ਗਈ। ਇੰਨੇ ਛੋਟੇ ਬੱਚੇ ਦਾ ਕੋਈ ਗੁੱਸਾ ਕਰਨ ਨੂੰ ਦਿਲ ਤਾਂ ਨਹੀਂ ਸੀ ਕਰਦਾ। ਫਿਰ ਵੀ ਉਸ ਦੇ ਬੋਲ ਗੋਲ਼ੀ ਵਾਂਗ ਤੜਫ਼ਦੇ ਦਿਲਾਂ ਦੇ ਆਰ ਪਾਰ ਹੋ ਗਏ। ਕਾਫ਼ੀ ਕੁਝ ਟੁੱਟਿਆ ਅੰਦਰੋਂ।
ਇਹ ਗੱਲਾਂ ਹੁਣ ਤੱਕ ਸੱਚੀਆਂ ਜਾਪਦੀਆਂ ਸਨ... ਭਾਈਆਂ ਨਾਲੋਂ ਭਤੀਜੇ ਪਿਆਰੇ ਲੱਗਦੇ ਹੁੰਦੇ ਐ। ਭਤੀਜੇ ਤਾਂ ਪਿਆਰੇ ਹੀ ਹੁੰਦੇ ਨੇ, ਪਰ ਭੂਆ ਵੀ ਪਿਆਰੀ ਹੁੰਦੀ ਐ, ਉਨ੍ਹਾਂ ਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ। ਅੱਜ ਬੜੀ ਪੁਰਾਣੀ ਗੱਲ ਜੋ ਬਾਪੂ ਜੀ ਹੁਰਾਂ ਦੀ ਭੂਆ ਆਖਿਆ ਕਰਦੀ ਸੀ। ਪਤਾ ਨਹੀਂ ਕਿੱਥੇ ਅਚੇਤ ਮਨ ਵਿੱਚ ਪਈ ਨੇ ਸਿਰ ਚੁੱਕ ਲਿਆ...
ਭਾਈਏਂ ਰਾਜ, ਭਤੀਜੇ ਠਾਣਾ।
ਛੱਡ ਦੇ ਭੂਆ, ਆਉਣਾ ਜਾਣਾ।
ਮਾਂ ਇਹ ਗੱਲ ਸੁਣ ਕੇ ਆਖਿਆ ਕਰਦੀ ਸੀ, ‘‘ਨਾ ਨਾ ਭੂਆ ਜੀ, ਥੋਡੇ ਆਉਣ ਨਾਲ ਤਾਂ ਰੌਣਕਾਂ ਲੱਗਦੀਆਂ ਨੇ।’’ ਉਦੋਂ ਇਨ੍ਹਾਂ ਗੱਲਾਂ ਦੀ ਸਮਝ ਨਹੀਂ ਸੀ, ਪਰ ਅੱਜ ਭਤੀਜੇ ਦੀ ਗੱਲ ਸੁਣ ਕੇ ਮੁੜ ਮੁੜ ਭੂਆ ਦੇ ਬੋਲ ਯਾਦ ਆ ਰਹੇ ਸਨ।
‘‘ਤੈਨੂੰ ਉਹ ਯਾਦ ਐ ਭਾਈਏਂ ਰਾਜ... ਵਾਲੀ ਗੱਲ।’’ ਮੁੜਦੀ ਬੱਸ ਵਿੱਚ ਬੈਠਦਿਆਂ ਛੋਟੀ ਨੇ ਕਿਹਾ। ‘‘ਕਿਵੇਂ ਸਾਰੀ ਦੁਨੀਆ ਫੋਕੀ ਫੋਕੀ ਤੇ ਫਿੱਕੀ ਫਿੱਕੀ ਲੱਗਣ ਲੱਗ ਪਈ।’’ ਛੋਟੀ ਨੇ ਫਿਰ ਕਿਹਾ, ਪਰ ਵੱਡੀ ਭੈਣ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਹਦੇ ਕੰਨਾਂ ਨੇ ਸੁਣਿਆ ਹੀ ਨਹੀਂ ਸੀ।
ਇਸ ਤੋਂ ਬਾਅਦ ਕੋਈ ਗੱਲ ਨਾ ਹੋਈ। ਬਸ ਵਿੱਚ ਚੜ੍ਹਦੇ ਉਤਰਦੇ ਸਾਰੇ ਲੋਕਾਂ ਦੀਆਂ ਲੱਤਾਂ ਬਾਹਵਾਂ ਅੱਡ ਅੱਡ ਟੁੱਟੀਆਂ ਜਾਪਦੀਆਂ। ਲੱਗਦਾ ਸੀ ਲੋਕ ਬਿਨਾਂ ਮਤਲਬੋਂ ਤੁਰੇ ਫਿਰਦੇ ਨੇ। ਕਦੇ ਜਾਪਦਾ ਇਕੱਲੀਆਂ ਲੱਤਾਂ ਹੀ ਤੁਰੀਆਂ ਫਿਰਦੀਆਂ। ਕਦੇ ਇਕੱਲੇ ਸਿਰ ਦਿਸਦੇ... ਕਦੇ ਇਨ੍ਹਾਂ ਨੂੰ ਜੋੜਨ ਵਾਲਾ ਦਿਸਦਾ... ਫਿਰ ਉਹ ਵੀ ਟੁੱਟਿਆ ਹੋਇਆ ਜਾਪਦਾ। ਹੁਣ ਵੱਡੀ ਭੈਣ ਨੇ ਛੋਟੀ ਦੇ ਹੱਥ ’ਤੇ ਹੱਥ ਰੱਖ ਕੇ ਧਰਵਾਸ ਦੇਣ ਦੀ ਕੋਸ਼ਿਸ਼ ਨਾ ਕੀਤੀ। ਬਸ ਇਸੇ ਤਰ੍ਹਾਂ ਟੁੱਟੇ ਭੱਜੇ ਵਿਚਾਰਾਂ ਨਾਲ ਤੇ ਟੁੱਟੇ ਭੱਜੇ ਲੋਕਾਂ ਨੂੰ ਦੇਖ ਦੇਖ ਕੇ ਹੀ ਸਫ਼ਰ ਮੁੱਕ ਗਿਆ। ਬੱਸ ਉਤਰਨ ਲੱਗਿਆਂ ਵੱਡੀ ਦੀਆਂ ਲੱਤਾਂ ਲੜਖੜਾ ਗਈਆਂ। ਇੱਕ ਹੱਥ ਬੱਸ ਦੀ ਤਾਕੀ ਨੂੰ ਦੂਜਾ ਛੋਟੀ ਨੇ ਫੜ ਲਿਆ। ਡਿੱਗਣੋਂ ਬਚ ਗਈ।
ਸਾਰਾ ਕੁਝ ਆ ਕੇ ਵੱਡੇ ਬਾਈ ਨੂੰ ਦੱਸਿਆ। ਨਾਲ ਇਹ ਵੀ ਕਿਹਾ, ‘‘ਜੋ ਤੁਸੀਂ ਕਰਨਾ ਕਰ ਲਵੋ ਅਸੀਂ ਥੋਡੇ ਨਾਲ ਆਂ।’’ ਇਹ ਕਹਿਣ ਲੱਗਿਆਂ ਮਹਿਸੂਸ ਹੋਇਆ ਜਿਵੇਂ ਸਮੇਂ ਦੀ ਗਤੀ ਬੜੀ ਤੇਜ਼ ਹੋ ਗਈ ਤੇ ਸਾਰਾ ਕੁਝ ਤੀਲ੍ਹਿਆਂ ਵਾਂਗ ਉੱਡ ਰਿਹਾ ਹੋਵੇ। ਉਨ੍ਹਾਂ ਦੇ ਜ਼ੋਰ ਲਾਉਣ ਨਾਲ ਵੀ ਢੋਲ ਢਕਿਆ ਨਹੀਂ ਸੀ ਰਹਿ ਸਕਦਾ।
ਵੱਡੀ ਭਾਬੀ ਨੇ ਕਿਹਾ, ‘‘ਮੈਂ ਹੁਣ ਕਦੇ ਪਿੰਡ ਨਹੀਂ ਜਾਣਾ।’’ ਰਹਿੰਦੀਆਂ ਉਮੀਦਾਂ ਵੀ ਕੜੱਕ ਕੜੱਕ ਕਰਕੇ ਟੁੱਟ ਗਈਆਂ। ਉਹ ਵੀ ਆਪਣੀ ਥਾਂ ’ਤੇ ਸਹੀ ਸੀ। ਪੁੱਤ ਜਵਾਨ ਸੀ ਵਿਆਹੁਣ ਵਾਲਾ। ਉਸ ਦੀ ਜ਼ਮੀਨ ਘਟੀ ਸੀ। ਕਿਸੇ ਪਾਸਿਓਂ ਕੋਈ ਟੁੱਟੇ ਰਿਸ਼ਤੇ ਨੂੰ ਜੋੜਨ ਵਾਲੀ ਗੱਲ ਨਾ ਹੋਈ। ਕੁੜੀਆਂ ਅਧ-ਮੋਈਆਂ ਹੋਈਆਂ ਪਈਆਂ ਸਨ। ਸੋਚ ਕੇ ਹੀ ਦਿਲ ਕੰਬ ਜਾਂਦਾ ‘ਜੇ ਭਲਾਂ ਸੱਚੀਂ ਨਾ ਗਏ... ਜੇ ਮਾਪਿਆਂ ਦੇ ਮੁੱਕਣ ’ਤੇ ਵੀ ਨਾ ਗਏ... ਲੋਕਾਂ ਨੂੰ ਮੌਕਾ ਮਿਲ ਜੂ ਗੱਲਾਂ ਕਰਨ ਦਾ... ਧੀਆਂ ਨੂੰ ਤਾਂ ਜਾਣਾ ਪਊ... ਲੋਕਾਂ ਦੀਆਂ ਗੱਲਾਂ ਕਿਵੇਂ ਸੁਣਨਗੀਆਂ... ਜਿਉਂਦੇ ਮਾਪਿਆਂ ਦੀ ਮੌਤ ਬਾਰੇ ਸੋਚ ਕੇ ਸਾਰੀ ਸਾਰੀ ਰਾਤ ਅੱਥਰੂ ਵਹਾਉਂਦੀਆਂ। ਵੱਡੀਆਂ ਕੁੜੀਆਂ ਦੇ ਜਵਾਕ ਵਿਆਹੁਣ ਵਾਲੇ ਸਨ। ਇਕਦਮ ਸਭ ਕੁਝ ਬਦਲ ਗਿਆ। ਬੱਚਿਆਂ ਦੇ ਵਿਆਹਾਂ ਦੇ ਚਾਵਾਂ ਨਾਲੋਂ ਚਿੰਤਾ ਭਾਰੀ ਹੋ ਗਈ। ਰੱਬ ਅੱਗੇ ਹੱਥ ਜੋੜਦੀਆਂ ‘‘ਰੱਬਾ ਕੋਈ ਚਮਤਕਾਰ ਦਿਖਾ, ਸਾਰੇ ’ਕੱਠੇ ਹੋ ਕੇ ਨਾਨਕੇ ਮੇਲ ਵਾਂਗ ਰੌਣਕ ਲਾਉਣ ਆ ਕੇ। ਇਹੀ ਤਾਂ ਮੌਕਾ ਹੁੰਦੈ ਜਦੋਂ ਪਿਉ ਭਰਾ ਬਰਾਬਰ ਦੀ ਬਾਂਹ ਬਣ ਕੇ ਖੜ੍ਹਦੇ ਨੇ ਅਤੇ ਧੀਆਂ ਦਾ ਸਿਰ ਉੱਚਾ ਹੋ ਜਾਂਦਾ ਏ ਪੇਕਿਆਂ ਦੇ ਮਾਣ ਨਾਲ।’’ ਪਰ ਕੋਈ ਚਮਤਕਾਰ ਨਾ ਹੋਇਆ, ਇੱਕ ਲਕੀਰ ਖਿੱਚੀ ਗਈ। ਜਿਸ ਨੂੰ ਲੰਘਣ ਵਾਲਾ ਗੁਨਾਹਗਾਰ।
ਜਿਹੜੀਆਂ ਧੀਆਂ ਨੂੰ ਆਪਣੇ ਪਿਉ ਤੇ ਭਰਾਵਾਂ ’ਤੇ ਰੱਬ ਜਿੱਡਾ ਮਾਣ ਸੀ। ਉਹ ਮਾਣ ਤਾਂ ਉੱਡ-ਪੁੱਡ ਗਏ, ਇਹੀ ਚਿੰਤਾ ਹੋ ਗਏ ਕਿ ਹੁਣ ਭਰਾ ਭਰਾ, ਪਿਉ ਪੁੱਤ ਥਾਣੇ ਕਚਹਿਰੀਆਂ ਜਾਣਗੇ। ਆਪਣੇ ਭਰਾਵਾਂ ਅਤੇ ਮਾਪਿਆਂ ਦੀ ਇਸ ਗੱਲ ’ਤੇ ਮਾਣ ਨਾਲ ਕੁੜੀਆਂ ਦੀਆਂ ਧੌਣਾਂ ਉੱਚੀਆਂ ਸਨ ਕਿ ਉਹ ਕਦੇ ਇੱਕ ਦੂਜੇ ਨੂੰ ਉੱਚਾ ਨਹੀਂ ਬੋਲੇ... ਪਰ ਅੱਜ ਕੁੜੀਆਂ ਹੀ ਆਖ ਰਹੀਆਂ ਸਨ, ਏਦੂੰ ਤਾਂ ਲੜ ਲੈਂਦੇ ਇੱਕ ਦੂਜੇ ਨਾਲ... ਘੱਟੋ-ਘੱਟ ਮਨਾਂ ਦੀ ਕੜਵਾਹਟ ਨਿਕਲ ਜਾਂਦੀ।
ਅਤਿ ਦੀਆਂ ਮੁਸੀਬਤਾਂ ਵਿੱਚ ਵੀ ਕਦੇ ਜੋਤਸ਼ੀਆਂ ਤੇ ਸਿਆਣੇ ਸੱਪਿਆਂ ਦੇ ਦਰ ’ਤੇ ਜਾਣ ਲਈ ਮਨ ਨਹੀਂ ਸੀ ਮੰਨਿਆ, ਪਰ ਹੁਣ ਦਿਲ ਕਰਦਾ ਸੀ ਕਿ ਕੋਈ ਅਜਿਹੇ ਸੰਤ ਦੀ ਦੱਸ ਪਾਵੇ, ਜਿਹੜਾ ਟੁੱਟੇ ਰਿਸ਼ਤਿਆਂ ਨੂੰ ਜੋੜਨ ਵਾਲਾ ਹੋਵੇ। ਕਦੇ ਹਿਸਾਬ ਕਿਤਾਬ ਲਾਉਂਦੀਆਂ ਕਿ ਇਹ ਸਭ ਹੋਇਆ ਕਿਉਂ? ਗੱਲ ਇੱਕੋ ਥਾਂ ਆ ਕੇ ਮੁੱਕਦੀ ਕਿ ਉਨ੍ਹਾਂ ਰਲ ਮਿਲ ਬੈਠ ਕੇ ਗ਼ਲਤਫਹਿਮੀਆਂ ਦੂਰ ਨਹੀਂ ਕੀਤੀਆਂ। ਜਾਂ ਇਉਂ ਆਖ ਲਵੋ ਕਿ ਆਪਣੇ ਆਪਣੇ ਹਿਸਾਬ ਨਾਲ ਸਭ ਚੰਗੇ ਸਨ, ਪਰ ਆਪਣੀਆਂ ਗੱਲਾਂ ਉਨ੍ਹਾਂ ਉਲਟਾ ਕੇ ਨਹੀਂ ਦੇਖੀਆਂ। ਹਰ ਇੱਕ ਨੇ ਬਸ ਇਹੀ ਮਨਾਂ ਵਿੱਚ ਬਿਠਾ ਲਿਆ ਕਿ ਮੈਂ ਦੂਜਿਆਂ ਲਈ ਕਿੰਨਾ ਵੱਧ ਕੀਤਾ, ਦੂਜੇ ਨੇ ਮੇਰੇ ਲਈ ਕੁਝ ਵੀ ਨਹੀਂ ਕੀਤਾ। ਜੇ ਇਸੇ ਗੱਲ ਨੂੰ ਉਲਟਾ ਕੇ ਦੇਖਦੇ ਕਿ ਦੂਜਿਆਂ ਨੇ ਵੀ ਮੇਰੇ ਲਈ ਬਥੇਰਾ ਕੀਤਾ, ਫਿਰ ਇਹ ਕੁਝ ਨਹੀਂ ਸੀ ਹੋਣਾ। ਨਾਲੇ ਕੋਈ ਭੈਣ ਭਰਾ ਇੱਕ ਦੂਜੇ ਦਾ ਕਰਦੇ ਨੇ ਤਾਂ ਉਹ ਕੋਈ ਤੱਕੜੀ ਨਾਲ ਤੋਲ ਕੇ ਥੋੜ੍ਹਾ ਕਰਨਾ ਹੁੰਦਾ! ਕਿਸੇ ਨੇ ਵੱਧ ਕਰ ਦਿੱਤਾ, ਕਿਸੇ ਤੋਂ ਘੱਟ ਹੋਇਆ। ਕਦੇ ਸੋਚਦੀਆਂ ਕਿ ਉਨ੍ਹਾਂ ਦੇ ਪਿਉ ਤੇ ਭਰਾਵਾਂ ਦੀ ਹਉਮੈਂ ਨੇ ਸਾਰਾ ਕੁਝ ਖੇਰੂੰ ਖੇਰੂੰ ਕਰ ਕੇ ਰੱਖ ਦਿੱਤਾ। ਆਪਣੀ ਆਪਣੀ ‘ਮੈਂ’ ਨੂੰ ਰਜਾਉਣ ਲਈ ਨਾ ਦਿਲ ਦੀ ਸੁਣੀ, ਨਾ ਦਿਮਾਗ਼ ਤੋਂ ਕੰਮ ਲਿਆ। ਦਿਲ ਦੀਆਂ ਰੌਣਕਾਂ ਦੀ ਥਾਂ ਸੰਨਾਟਾ ਛਾ ਗਿਆ। ਅਜੇ ਵੀ ਇਸੇ ਗੱਲ ਦਾ ਮਾਣ ਕਿ ਅਸੀਂ ਆਪਣੇ ਤੋਂ ਵੱਡਿਆਂ ਸਾਹਮਣੇ ਜ਼ੁਬਾਨ ਨਹੀਂ ਖੋਲ੍ਹੀ।
ਧੀਆਂ ਲਈ ਤਾਂ ਸਭ ਕੁਝ ਹੋਰ ਦਾ ਹੋਰ ਹੋ ਗਿਆ। ਆਪਣੇ ਹੀ ਘਰ ਵਿੱਚ ਚੋਰਾਂ ਵਾਂਗ ਲੁਕ ਕੇ ਫੋਨ ’ਤੇ ਗੱਲ ਕਰਦੀਆਂ। ਆਪਣੇ ਹੀ ਅੰਦਰ ਗੰਢਾਂ ਬਣਾ ਲਈਆਂ। ਕਦੇ ਆਪਣੀ ਬੇਵਸੀ ’ਤੇ ਦੁਖੀ ਹੁੰਦੀਆਂ। ਕਦੇ ਸਕੀਮਾਂ ਬਣਾਉਂਦੀਆਂ ਕਿ ਕਿਵੇਂ ਪਰਿਵਾਰ ਨੂੰ ਜੋੜਨ... ਰੋਜ਼ ਸਕੀਮਾਂ ਬਣਾਉਂਦੀਆਂ, ਫਿਰ ਖਾਰਜ ਕਰ ਦਿੰਦੀਆਂ। ਉਨ੍ਹਾਂ ਦੀ ਹਾਲਤ ਕੋਈ ਨਹੀਂ ਸੀ ਸਮਝ ਰਿਹਾ। ਇੱਕ ਪਰਿਵਾਰ ਦੋ ਧਿਰਾਂ ਵਿੱਚ ਵੰਡਿਆ ਜਾ ਚੁੱਕਾ ਸੀ। ਦੋਵੇਂ ਧਿਰਾਂ ਆਪੋ ਆਪਣੀ ਥਾਂ ਆਪਣੇ ਆਪ ਨੂੰ ਸਹੀ ਆਖਦੀਆਂ। ਕਈ ਵਾਰ ਮਹਿਸੂਸ ਹੁੰਦਾ ਕਿ ਦੋਵਾਂ ਦੀ ਹਉਮੈਂ ਨੇ ਹੰਕਾਰ ਦਾ ਰੂਪ ਧਾਰਨ ਕਰ ਲਿਆ, ਕਈ ਵਾਰ ਜਾਪਦਾ ਕਿ ਇਹ ਹੰਕਾਰ ਨਹੀਂ, ਆਤਮ-ਸਨਮਾਨ ਹੈ। ਜੋ ਵੀ ਸੀ, ਧੀਆਂ ਲਈ ਬੜਾ ਦੁਖਦਾਈ ਸੀ। ਉਹ ਦਿਨ ਰਾਤ ਇਸ ਹੋਈ ਪਾਟੋ-ਧਾੜ ਦੇ ਕਾਰਨ ਲੱਭਦੀਆਂ, ਪਰ ਕੁਝ ਵੀ ਨਾ ਲੱਭਦਾ।
ਇਸੇ ਪਾਟੋ-ਧਾੜ ਵਿੱਚ ਮਾਪੇ ਵੀ ਤੁਰ ਗਏ। ਨਾ ਉਹ ਕਦੇ ਵੱਡੇ ਬਾਈ ਦੇ ਮੱਥੇ ਲੱਗੇ, ਨਾ ਹੀ ਕਦੇ ਵੱਡਾ ਬਾਈ ਉਨ੍ਹਾਂ ਦੇ ਮੱਥੇ ਲੱਗਿਆ। ਪਰਿਵਾਰ ਵਿੱਚ ਬੜਾ ਕੁਝ ਇਹੋ ਜਿਹਾ ਹੋਇਆ ਜੋ ਕਦੇ ਸੋਚਿਆ ਵੀ ਨਹੀਂ ਸੀ। ਦਿਨ ਮਹੀਨੇ ਸਾਲ ਬੀਤਦੇ ਗਏ। ਇੱਕ ਦਿਨ ਪਤਾ ਲੱਗਿਆ ਕਿ ਛੋਟੇ ਭਰਾਵਾਂ ਨੇ ਵੱਡੇ ਭਰਾ ਦੇ ਘਰ ਦੀ ਥਾਂ ਵੀ ਆਪਣੇ ਨਾਂ ਕਰਵਾ ਲਈ। ਲੋਕ ਕਹਿੰਦੇ ਨੇ ਕਿ ਉਨ੍ਹਾਂ ਨੇ ਮਾਪਿਆਂ ਦੀ ਸੇਵਾ ਕੀਤੀ। ਧੀਆਂ ਸੋਚਦੀਆਂ ਕਿ ਉਹ ਸੇਵਾ ਕਾਹਦੀ ਜਿਹਦੀ ਕੀਮਤ ਵਸੂਲੀ ਜਾਵੇ। ਸਿਆਣੇ ਪਰਿਵਾਰਾਂ ਵਿੱਚ ਵਿਆਹੀਆਂ ਧੀਆਂ ਨੂੰ ਤਾਂ ਇੱਕ ਫ਼ਿਕਰ ਕਿ ਪਰਿਵਾਰ ਬਿਖ਼ਰ ਗਿਆ। ਜਿਹੜੇ ਪਰਿਵਾਰਾਂ ਨੇ ਨੂੰਹਾਂ ਦੇ ਪੇਕਿਆਂ ਦੀ ਭੋਰਾ ਭੋਰਾ ਗ਼ਲਤੀ ਫੜ ਕੇ ਵੀ ਮਿਹਣੇ ਮਾਰਨੇ ਹੁੰਦੇ ਨੇ, ਉਨ੍ਹਾਂ ਲਈ ਹੋਰ ਵੀ ਔਖਾ ਹੋ ਗਿਆ।ਉਹ ਪੇਕਿਆਂ ਵੱਲੋਂ ਮਾਰੀਆਂ ਸੱਟਾਂ ਨੂੰ ਸੰਭਾਲਣ ਜਾਂ ਫਿਰ ਸਹੁਰਿਆਂ ਵੱਲੋਂ ਉਨ੍ਹਾਂ ਸੱਟਾਂ ’ਤੇ ਮਾਰੀਆਂ ਹੋਰ ਸੱਟਾਂ ਨੂੰ ਸੰਭਾਲਣ। ਉਹ ਸੋਚਦੀਆਂ ਸਹੁਰਿਆਂ ਵੱਲੋਂ ਦੁਖੀ ਕੀਤੀਆਂ ਧੀਆਂ ਦੇ ਦੁੱਖ ਤਾਂ ਬੁਰੇ ਹੁੰਦੇ ਹੀ ਨੇ, ਪਰ ਪੇਕਿਆਂ ਵੱਲੋਂ ਇਸ ਤਰ੍ਹਾਂ ਦੀਆਂ ਕਾਣੀਆਂ ਵੰਡਾਂ ਕਰਕੇ ਮਾਨਸਿਕ ਤਸੀਹੇ ਦੇਣ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ।
ਬਸ ਮਰਗਾਂ ਦੇ ਭੋਗਾਂ ’ਤੇ ਹੀ ’ਕੱਠੇ ਹੋਣ ਜੋਗੇ ਰਹਿ ਗਏ ਸਨ ਅੱਧੇ-ਅਧੂਰੇ ਟੱਬਰ। ਇੱਕ ਦਿਨ ਕਈ ਸਾਲਾਂ ਬਾਅਦ ਕਿਸੇ ਮਰਗਤ ਦੇ ਭੋਗ _ਤੇ ਬਾਪੂ ਜੀ ਦੇ ਚਾਚੇ ਦੀਆਂ ਕੁੜੀਆਂ ਭੂਆ ਹੁਰੀਂ ਮਿਲੀਆਂ। ਵੱਡੀ ਭੂਆ ਨੇ ਭਤੀਜੀਆਂ ਨੂੰ ਆਪਣੇ ਸੀਨੇ ਨਾਲ ਘੁੱਟ ਕੇ ਭੁੱਬ ਮਾਰੀ ਤੇ ਰੋਂਦਿਆਂ ਹੀ ਕਹਿਣ ਲੱਗੀ, ‘‘ਪੁੱਤ, ਸਾਡੇ ਪਿਓ ਨੇ ਵੀ ਇਹੀ ਗ਼ਲਤੀ ਕੀਤੀ ਸੀ ਜੋ ਥੋਡੇ ਪਿਉ ਨੇ ਕੀਤੀ ਐ।’’ ਉਸ ਨੇ ਇੱਕ ਹੱਥ ਕਾਲਜੇ ’ਤੇ ਰੱਖਿਆ, ਦੂਜੇ ਹੱਥ ਨਾਲ ਗੇਂਦ ਫੜਨ ਵਾਲਾ ਆਕਾਰ ਬਣਾਉਂਦਿਆਂ ਆਖਿਆ, ‘‘ਆਹ ਦੇਖੋ, ਐਥੇ ਐਡੇ ਐਡੇ ਗੋਲ਼ੇ ਬਣੇ ਪਏ ਨੇ। ਇਨ੍ਹਾਂ ਨੂੰ ਕੌਣ ਸਮਝਾਵੇ, ਇਹ ਤਾਂ ਆਪੋ ਵਿੱਚ ਟੁੱਟ ਕੇ ਵੀ ਸਾਬਤ ਸਬੂਤੇ ਹੁੰਦੇ ਨੇ, ਪਰ ਧੀਆਂ ਦੇ ਕਈ ਕਈ ਟੋਟੇ ਹੋ ਜਾਂਦੇ ਨੇ।’’ ਉਸ ਦਿਨ ਉਹ ਬਹੁਤ ਰੋਈਆਂ। ਭੂਆ ਵੀ ਰੋਈ। ਮਰਨ ਵਾਲਿਆਂ ਨੂੰ ਘੱਟ ਰੋਈਆਂ, ਵੱਧ ਰੋਈਆਂ ਤਾਂ ਜਿਉਂਦੇ ਜੀਅ ਮਰ ਚੁੱਕੇ ਰਿਸ਼ਤਿਆਂ ਨੂੰ।
ਸੰਪਰਕ: 98767-14004

Advertisement
Advertisement