ਮਨੁੱਖਤਾ ਦੀ ਸਫ਼ਲਤਾ ਜੰਗ ਦੇ ਮੈਦਾਨ ’ਚ ਨਹੀਂ ਸਮੂਹਿਕ ਤਾਕਤ ’ਚ: ਮੋਦੀ
* ਮਨੁੱਖ ਪੱਖੀ ਪਹੁੰਚ ਨੂੰ ਸਭ ਤੋਂ ਵੱਡੀ ਤਰਜੀਹ ਦੱਸਿਆ
* ਆਲਮੀ ਸ਼ਾਂਤੀ ਅਤੇ ਸਥਿਰਤਾ ਲਈ ਵਿਸ਼ਵ ਸੰਸਥਾਵਾਂ ’ਚ ਸੁਧਾਰ ’ਤੇ ਦਿੱਤਾ ਜ਼ੋਰ
ਸੰਯੁਕਤ ਰਾਸ਼ਟਰ, 23 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਦੇ ‘ਭਵਿੱਖ ਬਾਰੇ ਸਿਖ਼ਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸਫ਼ਲਤਾ ਜੰਗ ਦੇ ਮੈਦਾਨ ਵਿੱਚ ਨਹੀਂ, ਸਗੋਂ ਇਹ ਸਮੂਹਿਕ ਤਾਕਤ ’ਚ ਹੈ। ਇਥੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅੱਜ ਜਦੋਂ ਕੌਮਾਂਤਰੀ ਭਾਈਚਾਰਾ ਦੁਨੀਆ ਦੇ ਭਵਿੱਖ ਬਾਰੇ ਚਰਚਾ ਕਰ ਰਿਹਾ ਹੈ ਤਾਂ ਅਜਿਹੇ ਵਿੱਚ ਮਨੁੱਖ ਪੱਖੀ ਪਹੁੰਚ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸੇ ਵੀ ਜੰਗ ਦਾ ਨਾਮ ਲਏ ਬਗ਼ੈਰ ਕਿਹਾ ਕਿ ਆਲਮੀ ਸ਼ਾਂਤੀ ਅਤੇ ਵਿਕਾਸ ਲਈ ਵਿਸ਼ਵ ਸੰਸਥਾਵਾਂ ’ਚ ਸੁਧਾਰ ਦੀ ਲੋੜ ਹੈ। ਅਤਿਵਾਦ ਨੂੰ ਆਲਮੀ ਸ਼ਾਂਤੀ ਲਈ ਗੰਭੀਰ ਖ਼ਤਰਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਈਬਰ, ਸਮੁੰਦਰੀ ਅਤੇ ਪੁਲਾੜ ਜਿਹੇ ਖੇਤਰ ਜੰਗ ਦੇ ਨਵੇਂ ਖ਼ਿੱਤਿਆਂ ਵਜੋਂ ਉਭਰ ਰਹੇ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਥਿਰ ਵਿਕਾਸ, ਮਨੁੱਖਤਾ ਦੀ ਭਲਾਈ, ਖੁਰਾਕ ਤੇ ਸਿਹਤ ਸੁਰੱਖਿਆ ਯਕੀਨੀ ਬਣਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਭਾਰਤ ’ਚ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਕੱਢ ਕੇ ਦਰਸਾ ਦਿੱਤਾ ਹੈ ਕਿ ਸਥਿਰ ਵਿਕਾਸ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਭਾਰਤ ਆਪਣੀ ਸਫ਼ਲਤਾ ਦੇ ਤਜਰਬੇ ਗਲੋਬਲ ਸਾਊਥ ਨਾਲ ਸਾਂਝੇ ਕਰਨ ਲਈ ਤਿਆਰ ਹੈ।’ ਮੋਦੀ ਨੇ ਆਲਮੀ ਸੰਸਥਾਵਾਂ ’ਚ ਸੁਧਾਰ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਆਲਮੀ ਸ਼ਾਂਤੀ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਫ਼ਲਸਤੀਨੀ ਰਾਸ਼ਟਰਪਤੀ ਨਾਲ ਮੁਲਾਕਾਤ
ਨਿਊ ਯਾਰਕ:
ਤਿੰਨ ਰੋਜ਼ਾ ਅਮਰੀਕਾ ਫੇਰੀ ਦੇ ਦੂਜੇ ਪੜਾਅ ਤਹਿਤ ਨਿਊ ਯਾਰਕ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਜਲਾਸ ਤੋਂ ਇਕਪਾਸੇ ਅੱਜ ਨੇਪਾਲ ਦੇ ਆਪਣੇ ਹਮਰੁਤਬਾ ਕੇਪੀ ਸ਼ਰਮਾ ਓਲੀ ਤੇ ਫ਼ਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਸਣੇ ਕਈ ਆਲਮੀ ਆਗੂਆਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਅੱਜ ਦਿਨੇਂ ਸ੍ਰੀ ਮੋਦੀ ਨੇ ਗੋਲਮੇਜ਼ ਕਾਨਫਰੰਸ ਦੌਰਾਨ ਅਮਰੀਕਾ ਦੇ ਸਿਖਰਲੇ ਟੈੱਕ ਆਗੂਆਂ ਤੇ ਸੀਈਓਜ਼ ਨਾਲ ਬੈਠਕ ਵੀ ਕੀਤੀ। ਸ੍ਰੀ ਮੋਦੀ ਵਿਲਮਿੰਗਟਨ (ਡੈਲਵੇਅਰ) ਵਿਚ ਰਾਸ਼ਟਰਪਤੀ ਜੋਅ ਬਾਇਡਨ ਦੀ ਰਿਹਾਇਸ਼ ’ਤੇ ਰੱਖੀ ‘ਕੁਆਡ’ ਆਗੂਆਂ ਦੀ ਬੈਠਕ ਵਿਚ ਸ਼ਿਰਕਤ ਕਰਨ ਮਗਰੋਂ ਐਤਵਾਰ ਨੂੰ ਨਿਊਯਾਰਕ ਪੁੱਜੇ ਸਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋੋਸਟ ਵਿਚ ਕਿਹਾ, ‘ਪ੍ਰਧਾਨ ਮੰਤਰੀ ਕੇਪੀ ਓਲੀ ਨਾਲ ਨਿਊ ਯਾਰਕ ਵਿਚ ਹੋਈ ਬੈਠਕ ਬਹੁਤ ਵਧੀਆ ਰਹੀ। ਭਾਰਤ-ਨੇਪਾਲ ਦੋਸਤੀ ਬਹੁਤ ਮਜ਼ਬੂਤ ਹੈ ਤੇ ਅਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਰਫ਼ਤਾਰ ਦੇਣ ਦੀ ਦਿਸ਼ਾ ਵਿਚ ਦੇਖ ਰਹੇ ਹਾਂ। ਸਾਡੀ ਗੱਲਬਾਤ ਊਰਜਾ, ਤਕਨਾਲੋਜੀ ਤੇ ਵਪਾਰ ਜਿਹੇ ਮੁੱਦਿਆਂ ’ਤੇ ਕੇਂਦਰਤ ਸੀ।’ ਓਲੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਇਜਲਾਸ ਵਿਚ ਸ਼ਾਮਲ ਹੋਣ ਲਈ ਆਪਣੇ ਪਲੇਠੇ ਵਿਦੇਸ਼ ਦੌਰੇ ’ਤੇ ਹਨ। ਉਧਰ ਓਲੀ ਨੇ ਵੀ ਐਕਸ ’ਤੇ ਇਕ ਪੋਸਟ ਵਿਚ ਸ੍ਰੀ ਮੋਦੀ ਨਾਲ ਹੋਈ ਬੈਠਕ ਨੂੰ ਸਾਰਥਕ ਦੱਸਿਆ। ਓਲੀ ਨੇ ਸ੍ਰੀ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ। ਸ੍ਰੀ ਮੋਦੀ ਮਗਰੋਂ ਫ਼ਲਸਤੀਨੀ ਰਾਸ਼ਟਰਪਤੀ ਅੱਬਾਸ ਨੂੰ ਮਿਲੇ ਤੇ ਫ਼ਲਸਤੀਨੀ ਲੋਕਾਂ ਲਈ ਭਾਰਤ ਦੀ ਹਮਾਇਤ ਨੂੰ ਦੁਹਰਾਇਆ। ਵਿਦੇਸ਼ ਮੰਤਰਾਲੇ ਨੇ ਐਕਸ ’ਤੇ ਕਿਹਾ, ‘ਪ੍ਰਧਾਨ ਮੰਤਰੀ ਨੇ ਗਾਜ਼ਾ ਵਿਚ ਮਾਨਵੀ ਹਾਲਾਤ ’ਤੇ ਫ਼ਿਕਰਮੰਦੀ ਜਤਾਈ ਤੇ ਫ਼ਲਸਤੀਨੀ ਲੋਕਾਂ ਨੂੰ ਹਰ ਸੰਭਵ ਹਮਾਇਤ ਦੇ ਅਹਿਦ ਨੂੰ ਦੁਹਰਾਇਆ।’ ਮੋਦੀ ਕੁਵੈਤ ਦੇ ਸ਼ਹਿਜ਼ਾਦੇ ਸ਼ੇਖ ਸਬ੍ਹਾ ਖਾਲਿਦ ਅਲ ਸਬ੍ਹਾ ਨੂੰ ਵੀ ਮਿਲੇ। -ਪੀਟੀਆਈ