For the best experience, open
https://m.punjabitribuneonline.com
on your mobile browser.
Advertisement

ਲੋਕਰਾਜ ਦੀ ਸਫਲਤਾ ਅਤੇ ਲੋਕ

06:53 AM Jan 25, 2025 IST
ਲੋਕਰਾਜ ਦੀ ਸਫਲਤਾ ਅਤੇ ਲੋਕ
Advertisement

ਡਾ. ਰਣਜੀਤ ਸਿੰਘ

Advertisement

ਲੋਕਰਾਜ ਦੀ ਸਫ਼ਲਤਾ ਜਿਥੇ ਸਰਕਾਰ ਦੀ ਕਾਰਗੁਜ਼ਾਰੀ ਉਤੇ ਨਿਰਭਰ ਕਰਦੀ ਹੈ ਉਥੇ ਲੋਕਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਪੰਜ ਸਾਲ ਪਿੱਛੋਂ ਵੋਟ ਪਾਉਣ ਨਾਲ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ ਸਗੋਂ ਆਪਣੀ ਸਰਕਾਰ ਆਪਣੇ ਚੌਗਿਰਦੇ ਉਤੇ ਨਜ਼ਰ ਰੱਖਣਾ ਵੀ ਸ਼ਹਿਰੀਆਂ ਦੀ ਜ਼ਿੰਮੇਵਾਰੀ ਹੈ। ਚੌਗਿਰਦੇ ਨੂੰ ਸਾਫ਼ ਰੱਖਣਾ, ਮਿਲਾਵਟਖੋਰੀ ਨਾ ਕਰਨਾ, ਇਮਾਨਦਾਰੀ ਅਤੇ ਕਾਨੂੰਨ ਦੀ ਸੰਜੀਦਗੀ ਨਾਲ ਪਾਲਣਾ ਕਰਨਾ ਹਰੇਕ ਨਾਗਰਿਕ ਲਈ ਜ਼ਰੂਰੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਪ੍ਰਾਚੀਨ ਸੱਭਿਅਤਾ ਦਾ ਮਾਲਕ ਹੈ। ਇਸ ਉਤੇ ਅਸੀਂ ਮਾਣ ਵੀ ਬਹੁਤ ਕਰਦੇ ਹਾਂ ਪਰ ਇਹ ਵੀ ਸੱਚ ਹੈ ਕਿ ਸਾਡੇ ਦੇਸ਼ ਦਾ ਨਾਂ ਸਭ ਤੋਂ ਗੰਦੇ ਦੇਸ਼ਾਂ ਵਿਚ ਸ਼ੁਮਾਰ ਹੈ। ਹਰ ਪਾਸੇ ਗੰਦਗੀ ਦੇ ਢੇਰ ਸਵਾਗਤ ਕਰਦੇ ਹਨ। ਸਦੀਆਂ ਦੀ ਗੁਲਾਮੀ ਨੇ ਸਾਡੇ ਵਿਚੋਂ ਆਪਣੇ ਆਪ ਅਤੇ ਆਪਣੇ ਦੇਸ਼ ਉਤੇ ਮਾਣ ਕਰਨਾ ਭੁਲਾ ਦਿੱਤਾ ਸੀ। ਵਿਦੇਸ਼ਾਂ ਦੇ ਮੁਕਾਬਲੇ ਅਸੀਂ ਆਪਣੇ ਦੇਸ਼, ਬੋਲੀ ਅਤੇ ਸੱਭਿਅਤਾ ਨੂੰ ਘਟੀਆ ਸਮਝਣ ਲੱਗ ਪਏ ਹਾਂ। ਸੰਸਾਰ ਨੂੰ ਸਲੀਕੇ ਦਾ ਪਾਠ ਪੜ੍ਹਾਉਣ ਵਾਲਾ ਦੇਸ਼ ਆਪ ਸਲੀਕਾ ਵਿਹੂਣਾ ਹੋ ਗਿਆ ਸੀ। ਲੋਕਰਾਜ ਵਿਚ ਸਰਕਾਰ ਤੋਂ ਵੀ ਵੱਧ ਜ਼ਿੰਮੇਵਾਰੀ ਲੋਕਾਂ ਦੀ ਹੁੰਦੀ ਹੈ। ਕਾਇਦੇ-ਕਾਨੂੰਨ ਦੀ ਪਾਲਣਾ ਕਰਾਉਣਾ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੋ ਜਾਂਦਾ ਹੈ। ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣਾ, ਸੜਕ ਸਲੀਕੇ ਦੀ ਪਾਲਣਾ ਕਰਨਾ ਤੇ ਵਾਤਾਵਰਨ ਦੀ ਸਾਂਭ-ਸੰਭਾਲ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਤਕ ਲੋਕ ਆਪਣਾ ਯੋਗਦਾਨ ਨਹੀਂ ਪਾਉਂਦੇ ਉਦੋਂ ਤਕ ਸਵੱਛ ਭਾਰਤ ਦਾ ਸੁਫਨਾ ਕਦੇ ਪੂਰਾ ਨਹੀਂ ਹੋ ਸਕਦਾ।
ਪੰਜਾਬ ਨੂੰ ਦੇਸ਼ ਦਾ ਵਿਕਸਤ ਸੂਬਾ ਮੰਨਿਆ ਜਾਂਦਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿਚ ਸਾਰੇ ਪਾਸੇ ਪੱਕੇ ਮਕਾਨ, ਬਿਜਲੀ, ਪਾਣੀ ਦੀ ਸਹੂਲਤ ਅਤੇ ਪੱਕੀਆਂ ਸੜਕਾਂ, ਵਧੀਆ ਦਿੱਖ ਪ੍ਰਦਾਨ ਕਰਦੇ ਹਨ ਪਰ ਚੌਗਿਰਦੇ ਦੀ ਸਾਫ ਸਫਾਈ ਦੀ ਘਾਟ ਇਥੇ ਵੀ ਰੜਕਦੀ ਹੈ। ਗਲੀਆਂ ਅਤੇ ਸੜਕਾਂ ਕੰਢੇ ਕੂੜੇ ਦੇ ਢੇਰ ਨਜ਼ਰ ਆਉਂਦੇ ਹਨ। ਜਿਥੇ ਕਿਸੇ ਦਾ ਮਨ ਕਰੇ ਖਾਲੀ ਲਿਫਾਫੇ, ਕਾਗਜ਼, ਫਲਾਂ ਦੇ ਛਿਲਕੇ ਸੁੱਟ ਦਿੰਦਾ ਹੈ। ਚੌਗਿਰਦੇ ਦੀ ਗੰਦਗੀ ਨਾਲ ਇਥੋਂ ਦਾ ਵਾਤਾਵਰਨ ਵੀ ਪਲੀਤ ਹੋ ਗਿਆ ਹੈ। ਹਵਾ, ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੋ ਰਹੇ ਹਨ। ਕੁਦਰਤ ਦੇ ਰੂਪ ਵਿਚ ਕਾਦਰ ਦੀ ਇਸ ਸੰਸਾਰ ਨੂੰ ਸਭ ਤੋਂ ਵੱਡੀ ਦੇਣ ਹਵਾ, ਪਾਣੀ ਅਤੇ ਧਰਤੀ ਦੀ ਹੈ। ਅਸਲ ਵਿਚ ਇਨ੍ਹਾਂ ਤਿੰਨਾਂ ਬਗੈਰ ਸੰਸਾਰ ਅਤੇ ਇਥੇ ਜੀਵਨ ਅਸੰਭਵ ਹੈ। ਇਸੇ ਕਰ ਕੇ ਮੁੱਢ ਕਦੀਮ ਤੋਂ ਮਨੁੱਖ ਇਨ੍ਹਾਂ ਨੂੰ ਪਵਿੱਤਰ ਮੰਨਦਾ ਆ ਰਿਹਾ ਹੈ ਅਤੇ ਇਨ੍ਹਾਂ ਦੀ ਪੂਜਾ ਕਰਦਾ ਰਿਹਾ ਹੈ। ਗੁਰੂ ਨਾਨਕ ਜੀ ਨੇ ਤਾਂ ਹਵਾ (ਪਵਣੁ) ਨੂੰ ਗੁਰੂ, ਪਾਣੀ ਨੂੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।
ਇਸੇ ਕਰ ਕੇ ਸਾਡੇ ਵਡੇਰੇ ਇਨ੍ਹਾਂ ਦੀ ਪੂਜਾ ਕਰਦੇ ਸਨ। ਆਧੁਨਿਕਤਾ ਦੇ ਪ੍ਰਭਾਵ ਹੇਠ ਅਸੀਂ ਇਸ ਨੂੰ ਅੰਧ-ਵਿਸ਼ਵਾਸ ਆਖਣਾ ਸ਼ੁਰੂ ਕਰ ਦਿੱਤਾ। ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਹਵਾ ਪਾਣੀ ਤੇ ਧਰਤੀ ਦੀ ਸ਼ੁੱਧਤਾ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਇਹ ਆਖਣ ਲੱਗ ਪਏ ਹਾਂ ਕਿ ਇਹ ਕੰਮ ਸਰਕਾਰ, ਨਗਰ ਕੌਂਸਲ ਜਾਂ ਪਿੰਡ ਦੀ ਪੰਚਾਇਤ ਦਾ ਹੈ। ਲੋਕਰਾਜ ਵਿਚ ਜਿਥੇ ਸ਼ਹਿਰੀਆਂ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ ਉਥੇ ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਹਨ। ਸਭ ਤੋਂ ਵੱਡੀ ਜ਼ਿੰਮੇਵਾਰੀ ਚੌਗਿਰਦੇ ਦੀ ਸਾਂਭ-ਸੰਭਾਲ ਕਰਨਾ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਣਾ ਹੈ। ਇਸ ਦਾ ਫਾਇਦਾ ਸਾਨੂੰ ਸਾਰਿਆਂ ਨੂੰ ਹੈ। ਸਾਫ ਸੁਥਰੇ ਚੌਗਿਰਦੇ ਵਿਚ ਰਹਿਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।
ਇਕ ਅੰਦਾਜ਼ੇ ਅਨੁਸਾਰ ਹਰ ਸਾਲ ਕੋਈ 40000 ਲੋਕ ਅਜਿਹੀਆਂ ਬਿਮਾਰੀਆਂ ਨਾਲ ਮਰਦੇ ਹਨ ਜਿਹੜੀਆਂ ਪ੍ਰਦੂਸ਼ਣ ਨਾਲ ਫੈਲਦੀਆਂ ਹਨ, ਕੋਈ ਦੋ ਕਰੋੜ ਲੋਕ ਇਨ੍ਹਾਂ ਦਾ ਸ਼ਿਕਾਰ ਹਨ। ਆਮ ਦੇਖਿਆ ਜਾਂਦਾ ਹੈ ਕਿ ਬਹੁਤੇ ਲੋਕ ਆਪਣੇ ਘਰ ਨੂੰ ਸਾਫ ਕਰ ਕੇ ਕੂੜਾ ਬਾਹਰ, ਗਲੀ ਜਾਂ ਸੜਕ ਤੇ ਸੁੱਟ ਦਿੰਦੇ ਹਨ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬਾਹਰ ਦੀ ਗੰਦਗੀ ਦੇ ਢੇਰਾਂ ਵਿੱਚੋਂ ਬਿਮਾਰੀਆਂ, ਬਦਬੂ ਅਤੇ ਨਿਰਾਸ਼ਤਾ ਸਾਡੇ ਪੱਲੇ ਵੀ ਪੈਂਦੀ ਹੈ। ਰਾਹ ਚਲਦੇ ਫਲ ਖਾ ਕੇ ਛਿਲਕੇ ਰਾਹ ਵਿਚ ਆਮ ਸੁੱਟੇ ਜਾਂਦੇ ਹਨ। ਖਾਲੀ ਲਿਫਾਫਿਆਂ ਤੇ ਕਾਗਜ਼ਾਂ ਨਾਲ ਵੀ ਇਹੋ ਕੁਝ ਹੁੰਦਾ ਹੈ।
ਆਪਣੇ ਆਪ ਨੂੰ ਅਸੀਂ ਸੰਸਾਰ ਦੇ ਸਭ ਤੋਂ ਵੱਧ ਧਾਰਮਿਕ ਰੁਚੀ ਵਾਲੇ ਮੰਨਦੇ ਹਾਂ। ਇਸੇ ਅਕੀਦੇ ਅਧੀਨ ਸਾਲ ਵਿਚ ਕਈ ਵਾਰ ਨਗਰ ਕੀਰਤਨ ਸੋਭਾ ਯਾਤਰਾ ਦਾ ਪ੍ਰਬੰਧ ਹੁੰਦਾ ਹੈ। ਇਨ੍ਹਾਂ ਵਿਚ ਸ਼ਾਮਿਲ ਸੰਗਤ ਦੀ ਖੂਬ ਸੇਵਾ ਕੀਤੀ ਜਾਂਦੀ ਹੈ। ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ ਪਰ ਜਦੋਂ ਉਥੋਂ ਸੰਗਤ ਅੱਗੇ ਲੰਘ ਜਾਂਦੀ ਹੈ ਤਾਂ ਪਿਛੇ ਸੜਕ ਪੇਪਰ ਪਲੇਟਾਂ ਕੱਪ ਤੇ ਖਾਣ-ਪੀਣ ਦੀਆਂ ਵਸਤਾਂ ਦੀ ਜੂਠ ਨਾਲ ਭਰ ਜਾਂਦੀ ਹੈ। ਇੰਝ ਪੁੰਨ ਕਮਾਉਣ ਦੀ ਥਾਂ ਅਸੀਂ ਗੰਦਗੀ ਖਿਲਾਰ ਦਿੰਦੇ ਹਾਂ। ਸਮਝਦਾਰੀ ਤਾਂ ਇਸ ਵਿਚ ਹੈ ਕਿ ਜਿਸ ਸ਼ਰਧਾ ਨਾਲ ਅਸੀਂ ਨਗਰ ਕੀਰਤਨ ਦੇ ਅੱਗੇ ਸਫਾਈ ਕਰਦੇ ਜਾਂਦੇ ਹਾਂ, ਉਸੇ ਤਰ੍ਹਾਂ ਪਿੱਛੇ ਸਫਾਈ ਕੀਤੀ ਜਾਵੇ। ਅਮੀਰ ਗਰੀਬ, ਪੜ੍ਹੇ ਲਿਖੇ ਅਤੇ ਅਨਪੜ੍ਹ ਸਾਰੇ ਹੀ ਚੌਗਿਰਦੇ ਨੂੰ ਗੰਦਾ ਕਰਨ ਵਿਚ ਸ਼ਾਮਿਲ ਹਨ। ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਧੂੂੰਆਂ ਜਿਥੇ ਹਵਾ ਨੂੰ ਗੰਧਲਾ ਕਰਦਾ ਹੈ ਉਥੇ ਕਾਰਖਾਨਿਆਂ ਦਾ ਗੰਦਾ ਪਾਣੀ ਦਰਿਆਵਾਂ ਨੂੰ ਗੰਧਲਾ ਕਰਦਾ ਹੈ। ਜਿਹੜੇ ਦਰਿਆਵਾਂ ਵਿਚ ਇਸ਼ਨਾਨ ਕਰਨ ਨਾਲ ਸਿਰਫ ਤਨ ਹੀ ਨਹੀਂ ਮਨ ਵੀ ਸ਼ੁੱਧ ਹੋ ਜਾਂਦਾ ਸੀ ਉਥੇ ਹੁਣ ਮੱਛੀਆਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ ਹੈ। ਜੇਕਰ ਸਾਡਾ ਵਾਹਨ ਧੂੰਆਂ ਮਾਰਦਾ ਹੈ ਤਾਂ ਅਸੀਂ ਇਸ ਨੂੰ ਠੀਕ ਕਰਵਾਉਣ ਦਾ ਯਤਨ ਨਹੀਂ ਕਰਦੇ। ਹੁਣ ਤਾਂ ਕਿਸਾਨ ਵੀ ਪਿੱਛੇ ਨਹੀਂ ਰਹੇ। ਕਣਕ-ਝੋਨੇ ਦੀ ਕਟਾਈ ਮਸ਼ੀਨਾਂ ਨਾਲ ਹੋਣ ਲਗ ਪਈ ਹੈ। ਖੇਤ ਵਿਚ ਖੜੇ ਨਾੜ ਨੂੰ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਅੱਗ ਲਗਾਈ ਜਾਂਦੀ ਹੈ। ਵਾਤਾਵਰਨ ਵਿਚ ਸਾਰੇ ਪਾਸੇ ਧੂੰਆਂ ਫੈਲ ਜਾਂਦਾ ਹੈ। ਜਨਤਕ ਜਾਇਦਾਦ ਨੂੰ ਲੋਕ ਹੀ ਸਭ ਤੋਂ ਵੱਧ ਗੰਦਾ ਕਰਦੇ ਹਨ। ਜੇਕਰ ਸਾਰੇ ਨਾਗਰਿਕ ਚਾਹੁਣ ਤਾਂ ਦੇਸ਼ ਨੂੰ ਸਵੱਛ ਬਣਾਇਆ ਜਾ ਸਕਦਾ ਹੈ। ਇਹ ਕੋਈ ਮੁਸ਼ਕਿਲ ਕਾਰਜ ਨਹੀਂ ਹੈ। ਲੋੜ ਸਿਰਫ ਆਪਣੇ ਫਰਜ਼ਾਂ ਨੂੰ ਪਛਾਨਣ ਦੀ ਹੈ।
ਕਈ ਸਕੂਲ ਕਾਲਜ ਤੇ ਦਫ਼ਤਰ ਅੰਦਰੋਂ ਬਾਹਰੋਂ ਸਾਫ ਸੁਥਰੇ ਨਜ਼ਰ ਆਉਂਦੇ ਹਨ ਪਰ ਬਹੁਤਿਆਂ ਵਿੱਚ ਸਫਾਈ ਵਲ ਧਿਆਨ ਨਹੀਂ ਦਿੱਤਾ ਜਾਂਦਾ। ਇਥੇ ਵੀ ਸਕੂਲ ਤੇ ਕਾਲਜਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਦਫ਼ਤਰ ਦੇ ਕਾਰਮਚਾਰੀਆਂ ਨੂੰ ਰਲ ਕੇ ਸਾਲ ਵਿਚ ਘੱਟੋ-ਘੱਟ ਦੋ ਵਾਰ ਸਫਾਈ ਕਰਨੀ ਚਾਹੀਦੀ ਹੈ। ਇਹੋ ਜਿਹਾ ਬਹੁਤ ਸਾਰੇ ਦੇਸ਼ਾਂ ਵਿਚ ਕੀਤਾ ਜਾਂਦਾ ਹੈ। ਬਾਹਰ ਸਜਾਵਟੀ ਰੁੱਖ ਲਗਾਏ ਜਾਣ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਸੌਂਪੀ ਜਾਵੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਬੰਧਿਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਏ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਵਿਚ ਦੇਸ਼ਭਗਤੀ ਦੀ ਘਾਟ ਹੈ। ਬਹੁਤੇ ਕਰਮਚਾਰੀ ਤੇ ਲੀਡਰ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਉਹ ਭੁੱਲ ਜਾਂਦੇ ਹਨ ਕਿ ਜਦੋਂ ਦੂਜੇ ਡੁੱਬਣਗੇ ਤਾਂ ਅਸੀਂ ਕਿਵੇਂ ਬਚ ਸਕਾਂਗੇ।
ਕਾਰਖਾਨਿਆਂ ਦੇ ਮਾਲਕ ਪੜ੍ਹੇ ਲਿਖੇ ਤੇ ਅਮੀਰ ਵਿਅਕਤੀ ਹਨ। ਉਹ ਖੁਦ ਨੂੰ ਦੇਸ਼ ਦੇ ਜ਼ਿੰਮਵਾਰ ਵਿਅਕਤੀ ਮੰਨਦੇ ਹਨ ਪਰ ਹਵਾ ਤੇ ਪਾਣੀ ਨੂੰ ਗੰਧਲਾ ਕਰਨ ਵਲੋਂ ਉਨ੍ਹਾਂ ਕਦੇ ਸੰਕੋਚ ਨਹੀਂ ਕੀਤਾ। ਬੱਸਾਂ ਤੇ ਟਰੱਕਾਂ ਦੇ ਮਾਲਕ ਵੀ ਸੁਲਝੇ ਹੋਏ ਲੋਕ ਹੁੰਦੇ ਹਨ ਪਰ ਉਹ ਵੀ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੰਦੇ।
ਵਾਤਾਵਰਨ ਦੀ ਸ਼ੁੱਧਤਾ ਅਤੇ ਵਧ ਰਹੀ ਤਪਸ਼ ਨੂੰ ਘਟ ਕਰਨ ਲਈ ਸਾਰਾ ਸੰਸਾਰ ਹੀ ਯਤਨਸ਼ੀਲ ਹੈ। ਜਿਥੇ ਅਸੀਂ ਹਵਾ ਪਾਣੀ ਅਤੇ ਧਰਤੀ ਨੂੰ ਪਲੀਤ ਕੀਤਾ ਹੈ ਉਥੇ ਆਲਮੀ ਤਪਸ਼ ਵਿਚ ਵੀ ਵਾਧਾ ਕੀਤਾ ਹੈ। ਆਮ ਤੌਰ ਉਤੇ ਇਸ ਸਭ ਲਈ ਅਸੀਂ ਕਿਸਾਨਾਂ ਦੇ ਸਿਰ ਦੋਸ਼ ਮੜ੍ਹ ਪੱਲਾ ਝਾੜ ਲੈਂਦੇ ਹਾਂ। ਇਹ ਗਲਤ ਹੈ; ਕਿਸਾਨ ਤਾਂ ਅੰਨਦਾਤਾ ਹੈ; ਉਹ ਹਵਾ, ਪਾਣੀ ਤੇ ਧਰਤੀ ਦੀ ਵਰਤੋਂ ਲੋਕਾਈ ਦਾ ਢਿੱਡ ਭਰਨ ਲਈ ਕਰਦਾ ਹੈ ਪਰ ਅਸੀਂ ਇਨ੍ਹਾਂ ਨੂੰ ਗੰਦਾ ਆਪਣੀ ਸੁੱਖ-ਸਹੂਲਤ ਲਈ ਕਰਦੇ ਹਾਂ। ਆਲਮੀ ਤਪਸ਼ ਲਈ ਵੀ ਗੱਡੀਆਂ ਦੀ ਭਰਮਾਰ, ਹਰੇਕ ਘਰ, ਦਫ਼ਤਰ, ਦੁਕਾਨ, ਸਭ ਵਿਚ ਏਸੀ ਤੇ ਫ੍ਰਿਜ ਇਸੇ ਤਪਸ਼ ਵਿਚ ਵਾਧਾ ਕਰਦੇ ਹਨ। ਰੁੱਖਾਂ ਦੀ ਬੇਰਹਿਮੀ ਨਾਲ ਕਟਾਈ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਸੜਕਾਂ ਕੰਢੇ ਜਿਹੜੇ ਰੁੱਖ ਸਨ ਉਹ ਸੜਕਾਂ ਚੌੜੀਆਂ ਕਰਨ ਦੀ ਭੇਟ ਚੜ੍ਹ ਰਹੇ ਹਨ।
ਲੋਕਰਾਜ ਵਿੱਚ ਜਿਥੇ ਲੋਕਾਂ ਦੀ ਜ਼ਿੰਮੇਵਾਰੀ ਸਾਫ ਸੁਥਰੇ ਅਕਸ ਵਾਲੇ ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਆਗੂਆਂ ਦੀ ਚੋਣ ਕਰਨਾ ਹੈ ਉਥੇ ਆਪਣੇ ਫ਼ਰਜ਼ਾਂ ਦੀ ਵੀ ਪਾਲਣਾ ਕਰਨੀ ਜ਼ਰੂਰੀ ਹੋ ਜਾਂਦੀ ਹੈ। ਜੇਕਰ ਸਾਰੇ ਨਾਗਰਿਕ ਆਪਣੇ ਫ਼ਰਜ਼ਾਂ ਦੀ ਪੂਰਤੀ ਪੂਰੀ ਇਮਾਨਦਾਰੀ ਨਾਲ ਕਰਨਗੇ ਤਾਂ ਨੇਤਾ ਜਾਂ ਅਫਸਰਸ਼ਾਹੀ ਵੀ ਗਲਤ ਰਾਹ ਅਪਨਾਉਣ ਤੋਂ ਗੁਰੇਜ਼ ਕਰੇਗੀ। ਸਮਾਜ ਸੇਵਕ ਤੇ ਧਾਰਮਿਕ ਆਗੂ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜਦੋਂ ਤਕ ਨਾਗਰਿਕ ਇਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਪੂਰਤੀ ਨਹੀਂ ਕਰਦੇ, ਉਦੋਂ ਤਕ ਸਾਡਾ ਦੇਸ਼ ਕਦੇ ਵੀ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੋ ਸਕਦਾ।
ਸੰਪਰਕ: 94170-87328

Advertisement

Advertisement
Author Image

joginder kumar

View all posts

Advertisement