ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਆਰਬੀਆਈ ਮੈਨੇਜਮੈਂਟ ਦਾ ਪੁਤਲਾ ਫੂਕਿਆ
ਕੁਲਦੀਪ ਸਿੰਘ
ਚੰਡੀਗੜ੍ਹ, 27 ਜੁਲਾਈ
ਇੱਥੇ ਸੈਕਟਰ-17 ਚੰਡੀਗੜ੍ਹ ਸਥਿਤ ਭਾਰਤੀ ਰਿਜ਼ਰਵ ਬੈਂਕ ’ਚੋਂ ਨੌਕਰੀ ਤੋਂ ਕੱਢੇ 20 ਸੁਰੱਖਿਆ ਗਾਰਡਾਂ ਦੀ ਨੌਕਰੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਯੂਟੀ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵੱਡੀ ਗਿਣਤੀ ਵਰਕਰਾਂ ਨੇ ਅੱਜ ਆਰਬੀਆਈ ਮੈਨੇਜਮੈਂਟ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨੌਕਰੀ ਤੋਂ ਕੱਢੇ ਗਏ ਸੁਰੱਖਿਆ ਗਾਰਡਾਂ ਨੂੰ ਮੁੜ ਨੌਕਰੀ ’ਤੇ ਰੱਖਣ ਦੀ ਮੰਗ ਕੀਤੀ।
ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਮਿਸ਼ਰਾ ਅਤੇ ਜਨਰਲ ਸਕੱਤਰ ਸੁਖਬੀਰ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਭਾਰਤੀ ਰਿਜ਼ਰਵ ਬੈਂਕ ਸੈਕਟਰ-17 ਦੇ ਦਫ਼ਤਰ ਵਿੱਚੋਂ 20 ਪੁਰਾਣੇ ਸੁਰੱਖਿਆ ਮੁਲਾਜ਼ਮ ਬਿਨਾਂ ਕਿਸੇ ਕਾਰਨ ਤੋਂ ਨੌਕਰੀ ਤੋਂ ਕੱਢੇ ਗਏ ਸਨ, ਜਦੋਂ ਕਿ ਇਹ ਕਰਮਚਾਰੀ ਕਿਰਤ ਕਾਨੂੰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਨਵੇਂ ਠੇਕੇ ਦੇ ਬਾਵਜੂਦ ਇਨ੍ਹਾਂ ਮਜ਼ਦੂਰਾਂ ਨੂੰ ਗਲਤ ਤਰੀਕੇ ਨਾਲ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਅਤੇ ਇਸ ਰੋਸ ਪ੍ਰਦਰਸ਼ਨ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ, ਜਿਸ ਕਾਰਨ ਫੈਡਰੇਸ਼ਨ ਦੇ ਪ੍ਰਬੰਧਕਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਸ ਦੌਰਾਨ ਚੰਡੀਗੜ੍ਹ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਮਾਹੌਲ ਤਣਾਅਪੂਰਨ ਬਣ ਗਿਆ, ਜਿਸ ਮਗਰੋਂ ਚੰਡੀਗੜ੍ਹ ਪੁਲੀਸ ਦੇ ਡੀਐੱਸਪੀ ਗੁਰਮੁੱਖ ਸਿੰਘ ਅਤੇ ਐੱਸਐੱਚਓ ਰਾਜੀਵ ਕੁਮਾਰ ਵੱਲੋਂ ਦਖਲ ਦੇ ਕੇ ਪ੍ਰਦਰਸਨਕਾਰੀਆ ਨੂੰ ਸ਼ਾਂਤ ਕੀਤਾ ਗਿਅ।
ਪੁਲੀਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਪ੍ਰਦਰਸ਼ਨ ਫਿਲਹਾਲ ਮੁਲਤਵੀ
ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਆਰਬੀਆਈ ਮੈਨੇਜਮੈਂਟ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਅਤੇ ਦੋ ਦਿਨਾਂ ਵਿੱਚ ਇਨ੍ਹਾਂ ਵਰਕਰਾਂ ਦਾ ਮਸਲਾ ਹੱਲ ਕਰ ਲਿਆ ਜਾਵੇਗਾ। ਫੈਡਰੇਸ਼ਨ ਦੇ ਏਜੰਡੇ ਅਨੁਸਾਰ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਆਰਬੀਆਈ ਦਫ਼ਤਰ ਦੇ ਬਾਹਰ ਮੈਨੇਜਮੈਂਟ ਦਾ ਪੁਤਲਾ ਫੂਕਿਆ ਅਤੇ ਦੋ ਦਿਨਾਂ ਦਾ ਭਰੋਸਾ ਮਿਲਣ ’ਤੇ ਫੈਡਰੇਸ਼ਨ ਵੱਲੋਂ ਕੀਤਾ ਜਾਣ ਵਾਲਾ ਵੱਡਾ ਪ੍ਰਦਰਸ਼ਨ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਬਰਖ਼ਾਸਤ ਵਰਕਰ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਆਰਬੀਆਈ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਰਹਿਣਗੇ।