ਸਟੱਡੀ ਸਰਕਲ ਨੇ ਸ਼ਬਦ ਗਾਇਨ ਮੁਕਾਬਲੇ ਕਰਵਾਏ
ਖੇਤਰੀ ਪ੍ਰਤੀਨਿਧ
ਸੰਗਰੂਰ, 17 ਜਨਵਰੀ
ਗੁਰੂ ਗੋਬਿੰਦ ਸਿੰਘ ਦੇ ਆਗਮਨ ਪੁਰਬ ਮੌਕੇ ਸਥਾਨਕ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਅਤੇ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਅਧੀਨ ਸ਼ਬਦ ਗਾਇਨ ਤੇ ਰੰਗ ਭਰੀਏ ਮੁਕਾਬਲੇ ਕਰਵਾਏ ਗਏ। ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸੋਬਤੀ ਦੇ ਨਾਲ ਸੁਰਿੰਦਰ ਪਾਲ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਦੀ ਦੀ ਦੇਖ ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਚੀਮਾ ਸਾਹਿਬ ਤੇ ਫਤਿਹਗੜ੍ਹ ਛੰਨਾ ਸਮੇਤ ਗੁਰਮਤਿ ਸੰਗੀਤ ਅਕੈਡਮੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸ਼ਬਦ ਗਾਇਨ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਸੁਰ ਤਾਲ ਅਤੇ ਨਿਰਧਾਰਿਤ ਰਾਗਾਂ ਵਿੱਚ ਗਾਇਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਨ੍ਹਾਂ ਮੁਕਾਬਲਿਆਂ ਲਈ ਜੱਜ ਵਜੋਂ ਪ੍ਰੋ. ਮਨਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਜੰਟ ਸਿੰਘ ਪ੍ਰਿੰਸੀਪਲ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਵਿਦਿਆਲਾ ਨੇ ਨਿਭਾਈ। ਸ਼ਬਦ ਗਾਇਨ ਮੁਕਾਬਲਿਆਂ ਵਿੱਚੋਂ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ -ਧੂਰੀ ਅਤੇ ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂ ਕਿ ਅਕਾਲ ਅਕੈਡਮੀ ਚੀਮਾ ਸਾਹਿਬ ਅੰਗਰੇਜ਼ੀ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ। ਰੰਗ ਭਰੀਏ ਮੁਕਾਬਲੇ ਦੇ ਪ੍ਰਾਇਮਰੀ ਗਰੁੱਪ ਵਿੱਚੋਂ ਸਹਿਜਮੀਤ ਕੌਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸਹਿਜਪ੍ਰੀਤ ਕੌਰ ਦਾ ਫਾਊਂਡੇਸ਼ਨ ਪਬਲਿਕ ਸਕੂਲ ਅਤੇ ਜੈਸਿਕਾ ਸਪਰਿੰਗਡੇਲ ਪਬਲਿਕ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤਾ।