ਵਿਦਿਆਰਥਣਾਂ ਨੇ ਹਵਾਈ ਫੌਜ ਦੇ ਜਵਾਨਾਂ ਦੇ ਬੰਨ੍ਹੀ ਰੱਖੜੀ
ਪੱਤਰ ਪ੍ਰੇਰਕ
ਜਲੰਧਰ, 17 ਅਗਸਤ
ਐੱਮਆਰ ਇੰਟਰਨੈਸ਼ਨਲ ਸਕੂਲ ਆਦਮਪੁਰ ਦੀਆਂ ਵਿਦਿਆਰਥਣਾਂ ਨੇ ਰੱਖੜੀ ਬੰਧਨ ਸਮਾਰੋਹ ਦੌਰਾਨ ਏਅਰ ਫੋਰਸ ਸਟੇਸ਼ਨ ਆਦਮਪੁਰ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੇ ਹਵਾਈ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਇਹ ਯਾਦਗਾਰੀ ਸਮਾਗਮ ਫਲਾਈਂਗ ਅਫਸਰ ਸੋਨੀਆ, ਸਟੇਸ਼ਨ ਐਜੂਕੇਸ਼ਨ ਅਫਸਰ ਏਅਰ ਫੋਰਸ ਸਟੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ।
ਕੋਆਰਡੀਨੇਟਰ ਰਿਧੀ, ਪੱਲਵੀ ਅਤੇ ਸੰਗੀਤ ਅਧਿਆਪਕ ਰਮਨ ਕੁਮਾਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਰੱਖੜੀ ਦੇ ਮੌਕੇ ’ਤੇ ਖੂਬਸੂਰਤ ਗੀਤ ਗਾ ਕੇ ਪਾਇਲਟਾਂ, ਅਧਿਕਾਰੀਆਂ ਅਤੇ ਜਵਾਨਾਂ ਨੂੰ ਸਮਰਪਿਤ ਕੀਤਾ। ਹੈੱਡ ਗਰਲ ਆਂਚਲ ਅਤੇ ਵਾਈਸ ਹੈੱਡ ਗਰਲ ਹਿਤਿਕਾ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ।
ਵਿਦਿਆਰਥਣਾਂ ਨੇ ਭਾਰਤੀ ਹਵਾਈ ਫੌਜ ਦੇ ਜਵਾਨਾਂ ਦੇ ਰੱਖੜੀਆਂ ਬੰਨ੍ਹੀਆਂ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਨੌਜਵਾਨ ਮਨਾਂ ਨੂੰ ਡਿਊਟੀ ਅਤੇ ਸਮਰਪਣ ਦੀਆਂ ਕਹਾਣੀਆਂ ਨਾਲ ਪ੍ਰੇਰਿਤ ਕੀਤਾ। ਇਸ ਮੌਕੇ ਅਧਿਕਾਰੀਆਂ ਨੂੰ ਘਰ ਦੀ ਯਾਦ ਵੀ ਆਈ ਅਤੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਤੋਹਫੇ ਵੀ ਭੇਟ ਕੀਤੇ।