ਵਿਦਿਆਰਥੀਆਂ ਨੇ ਬੂਟੇ ਲਾ ਕੇ ਮਨਾਇਆ ਵਣ ਮਹਾਉਤਸਵ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਗਸਤ
ਆਦਰਸ਼ ਸੀਨੀਅਰ ਸੰਕੈਡਰੀ ਸਕਲੂ ਬਰਗਟ ਜਾਟਾਨ ਵਿੱਚ ਵਣ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਕਈ ਫਲਦਾਰ ਤੇ ਛਾਂ ਦਾਰ ਪੌਦੇ ਲਾਏ ਗਏ। ਹਰ ਸਾਲ ਜੁਲਾਈ ਮਹੀਨੇ ਵਿੱਚ ਮਨਾਏ ਜਾਣ ਵਾਲੇ ਵਨ ਮਹਾਉਤਸਵ ਸਬੰਧੀ ਅੱਜ ਸਕੂਲ ਨੂੰ ਜੰਗਲ ਥੀਮ ਨੂੰ ਧਿਆਨ ਵਿੱਚ ਰਖ ਕੇ ਸਜਾਇਆ ਗਿਆ ਸੀ। ਸਕੂਲ ਅਧਿਆਪਕਾਵਾਂ ਵਲੋਂ ਬੱਚਿਆਂ ਨੂੰ ਵਣ ਮਹਾਉਤਸਵ ਸਬੰਧੀ ਜਾਣਕਾਰੀ ਤੇ ਸੰਦੇਸ਼ ਦਿੱਤੇ ਗਏ। ਬੱਚਿਆਂ ਨੂੰ ਗਲੋਬਲ ਵਾਰਮਿੰਗ ਦੇ ਬਾਰੇ ਦੱਸਦੇ ਹੋਏ ਸਕੂਲ ਦੇ ਪ੍ਰਿੰਸੀਪਲ ਰੋਬਿਨ ਕੁਮਾਰ ਨੇ ‘ਰੁੱਖ ਲਗਾਓ ਜੰਗਲ ਬਚਾਓ’ ਵਿਸ਼ੇ ਨੂੰ ਲੈ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਤੇ ਕਿਹਾ,‘‘ਜੇ ਅੱਜ ਅਸੀਂ ਵਾਤਾਵਰਨ ਨੂੰ ਸੰਭਾਲ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਿੱਠ ’ਤੇ ਆਕਸੀਜਨ ਸਲੰਡਰ ਲੈ ਕੇ ਚੱਲਣਾ ਨਹੀਂ ਪਵੇਗਾ।’’ ਉਨ੍ਹਾਂ ਕਿਹਾ ਕਿ ਸਾਰੇ ਮਾਨਵ ਤੇ ਜੀਵ ਜੰਤੂ ਇਸੇ ’ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਦੀ ਤਰ੍ਹਾਂ ਪੌਦਿਆਂ ਨੂੰ ਵੀ ਬਚਾਉਣ ਲਈ ਚਿੰਤਨ ਕਰਨਾ ਚਾਹੀਦਾ ਹੈ। ਇਸ ਮੌਕੇ 5ਵੀਂ 6ਵੀਂ ਤੇ 7ਵੀਂ ਦੇ ਵਿਦਿਆਰਥੀਆਂ ਨੇ ਇਕ ਲਘੂ ਨਾਟਕ ਰਾਹੀਂ ਰੁਖਾਂ ਦਾ ਵੇਸ਼ ਭੂਸ਼ਾ ਪੇਸ਼ ਕੀਤੀ। ਤੀਜੀ ਤੇ ਚੌਥੀ ਦੇ ਵਿਦਿਆਰਥੀਆਂ ਨੇ ਸਲੋਗਨ ਲਿਖ ਕੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ। ਸਕੂਲ ਦੇ ਪ੍ਰਬੰਧਕ ਸੋਹਨ ਲਾਲ ਸੈਣੀ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਹਰ ਇਕ ਬੱਚੇ ਨੂੰ ਘੱਟ ਤੋਂ ਘੱਟ ਇਕ ਪੌਦਾ ਲਾ ਕੇ ਉਸ ਦੀ ਰੁੱਖ ਬਣਨ ਤਕ ਪਾਲਣਾ ਕਰਨ ਲਈ ਪ੍ਰੇਰਿਆ।
ਰਤੀਆ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ
ਰਤੀਆ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਰਤੀਆ ਸਿਟੀ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਲੱਬ ਦੇ ਸਰਪ੍ਰਸਤ ਲਾਇਨ ਗੋਪਾਲ ਚੰਦ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਵਿੱਚ ਪਿੰਡ ਨੰਗਲ ਵਿੱਚ 181 ਛਾਂਦਾਰ, ਫਲਦਾਰ ਅਤੇ ਫੁੱਲਦਾਰ ਪੌਦੇ ਲਗਾਏ ਗਏ ਹਨ। ਇਸ ਮੌਕੇ ਵਿਧਾਇਕ ਲਛਮਣ ਨਾਪਾ ਨੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕਲੱਬ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਐੱਮਜੇਐੱਫ ਪ੍ਰਦੀਪ ਬਾਂਸਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੌਦੇ ਲਗਾਉਣ ਤੋਂ ਇਲਾਵਾ ਜਲਦੀ ਹੀ ਮੁਫ਼ਤ ਅੱਖਾਂ ਦੇ ਅਪਰੇਸ਼ਨ ਦਾ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਸਕੱਤਰ ਰਾਜੂ ਅਰੋੜਾ, ਖਜ਼ਾਨਚੀ ਐੱਮ ਜੇਐੱਫ ਲਾਇਨ ਵਿਪਨ ਬਾਂਸਲ, ਮੀਤ ਪ੍ਰਧਾਨ ਹਰਵੀਰ ਜੌੜਾ, ਸੀਨੀਅਰ ਮੈਂਬਰ ਵਿਜੈ ਗਰੋਵਰ ਅਤੇ ਰਾਜ ਕੁਮਾਰ ਖੰਡੂ ਵੀ ਹਾਜ਼ਰ ਸਨ।