ਵਿਦਿਆਰਥੀਆਂ ਨੇ ਸਿੱਖਿਆ ਵਿਸ਼ਿਆਂ ਸਬੰਧੀ ਪ੍ਰਦਰਸ਼ਨੀ ਲਾਈ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਅਗਸਤ
ਭਾਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿਚ ਵੱਖ-ਵੱਖ ਵਿਸ਼ਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੀ ਸ਼ੁਰੂਆਤ ਬਾਬੈਨ ਦੇ ਥਾਣਾ ਇੰਚਾਰਜ ਅੰਡਰ ਟ੍ਰੇਨਿੰਗ ਆਈਪੀਐੱਸ ਸ਼ੁਭਮ ਸਿੰਘ ਨੇ ਕੀਤੀ। ਪ੍ਰੋਗਰਾਮ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਚੇਅਰਮੈਨ ਓਮ ਪ੍ਰਕਾਸ਼ ਸੈਣੀ ਨੇ ਕੀਤੀ। ਉਨ੍ਹਾਂ ਨੇ ਪ੍ਰਦਰਸ਼ਨੀ ਵਿਚ ਬਣਾਏ ਗਏ ਮਾਡਲਾਂ ਨੂੰ ਦੇਖਿਆ ਤੇ ਸੁਆਲ ਪੁੱਛੇ। ਵਿਦਿਆਰਥੀਆਂ ਵੱਲੋਂ ਬਣਾਏ ਸਿੱਖਿਆ ਸਬੰਧੀ ਮਾਡਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਉੱਚ ਸਿੱਖਿਆ ਗ੍ਰਹਿਣ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਿੰਸੀਪਲ ਸੁਨੀਤਾ ਖੰਨਾ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਮਾਡਲਾਂ ਰਾਹੀਂ ਬੱਚਿਆਂ ਦੇ ਹੁਨਰ ਨੂੰ ਨਿਖਾਰਨਾ ਹੈ। ਪ੍ਰਿੰਸੀਪਲ ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਸਕੂਲ ਦੇ ਬੱਚੇ ਦੇਸ਼ ਵਿਚ ਵੱਡੇ ਇੰਜਨੀਅਰ, ਉੱਚ ਕੋਟੀ ਦੇ ਵਿਗਿਆਨੀ ਤੇ ਉੱਚ ਅਧਿਕਾਰੀ ਬਣਨਗੇ। ਪ੍ਰਦਰਸ਼ਨੀ ਵਿੱਚ ਮਾਡਲ ਜਵਿੇਂ ਜੇਸੀਬੀ ਮਸ਼ੀਨ, ਫਾਇਰ ਅਲਾਰਮ ਮਸ਼ੀਨ, ਭੂਚਾਲ ਅਲਾਰਮ ਮਸ਼ੀਨ, ਸੋਲਰ ਸਿਸਟਮ, ਇਲੈਕਟ੍ਰੋ ਮੈਗਨੇਟਿਕ, ਰੇਨ ਵਾਟਰ ਹਾਰਵੇਸਟਿੰਗ ਸਿਸਟਮ, ਸੋਰਸ ਆਫ ਵਾਟਰ, ਵਾਟਰ ਓਵਰ ਫਲੋਅ ਅਲਾਰਮ ਆਦਿ ਮਾਡਲ ਬਣਾ ਕੇ ਵਿਦਿਆਰਥੀਆਂ ਨੇ ਸਭ ਦਾ ਦਿਲ ਜਿੱਤਿਆ। ਪ੍ਰਿੰਸੀਪਲ ਸੁਨੀਤਾ ਖੰਨਾ ਨੇ ਬੱਚਿਆਂ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਭਾਰਤ ਸੈਣੀ, ਜਵਾਹਰ ਨਵੋਦਿਆ ਸਕੂਲ ਦੇ ਅਧਿਆਪਕ ਦੀਪਕ ਕੁਮਾਰ ਤੋਂ ਇਲਾਵਾ ਕਈ ਅਧਿਆਪਕ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।