ਵਿਦਿਆਰਥਣਾਂ ਨੇ ਤੀਆਂ ਮਨਾਈਆਂ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 17 ਅਗਸਤ
ਇੱਥੋਂ ਦੇ ਸੋਭਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਜ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸਕੂਲੀ ਵਿਦਿਆਰਥੀ ਅਤੇ ਸਟਾਫ਼ ਵਿਰਾਸਤੀ ਪਹਿਰਾਵੇ ਵਿੱਚ ਸਜੇ ਸਕੂਲ ਪਹੁੰਚੇ ਅਤੇ ਸਕੂਲ ਨੂੰ ਵੀ ਵਿਰਾਸਤੀ ਰੰਗ ਨਾਲ ਸਜਾਇਆ ਗਿਆ। ਤੀਜ ਦੇ ਸਮਾਗਮ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਬੋਲੀਆਂ, ਗੀਤ ਅਤੇ ਵਿਰਾਸਤੀ ਟੱਪੇ ਪੇਸ਼ ਕਰ ਕੇ ਵਿਦਿਆਰਥਣਾਂ ਨੇ ਖ਼ੂਬ ਰੰਗ ਬੰਨ੍ਹਿਆ। ਸਮਾਗਮ ਦੌਰਾਨ ਸਿਮਰਨਜੀਤ ਕੌਰ ਅਤੇ ਅਮਰੀਨ ਕੌਰ ਨੂੰ ‘ਤੀਆਂ ਦੀ ਰਾਣੀ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਅਰਸ਼ਪ੍ਰੀਤ ਕੌਰ ਨੂੰ ‘ਬੋਲੀਆਂ ਦੀ ਰਾਣੀ’ ਅਤੇ ਨਵਰੂਪ ਕੌਰ ਨੂੰ ‘ਸੁਨੱਖੀ ਕੁੜੀ’ ਅਵਨੀਤ ਕੌਰ ਨੂੰ ‘ਸ਼ੌਕੀਨਣ ਮੁਟਿਆਰ’ ਅਤੇ ਪੁਨੀਤ ਕੌਰ ਨੂੰ ‘ਅੜਬ ਮੁਟਿਆਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਅਲੋਪ ਹੋ ਰਹੀ ਵਿਰਾਸਤ ਨਾਲ ਜੋੜਨ ਲਈ ਅਜਿਹੇ ਸਮਾਗਮ ਬਹੁਤ ਮਹੱਤਵਪੂਰਨ ਹਨ।
ਇਕੋਲਾਹਾ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ
ਪਾਇਲ (ਪੱਤਰ ਪ੍ਰੇਰਕ): ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦੇ ਮੰਤਵ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ ਦੀਆਂ ਲੜਕੀਆਂ ਅਤੇ ਮਹਿਲਾਂ ਸਟਾਫ਼ ਨੇ ਸਕੂਲ ਮੁਖੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ। ਇਸ ਤਿਉਹਾਰ ਨੂੰ ਮਨਾਉਣ ਲਈ ਸਕੂਲੀ ਲੜਕੀਆਂ ਵਿੱਚ ਬਹੁਤ ਉਤਸ਼ਾਹ ਸੀ। ਵਿਦਿਆਰਥਣਾਂ ਅਤੇ ਮਹਿਲਾਂ ਸਟਾਫ਼ ਨੇ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ। ਹਰਪ੍ਰੀਤ ਕੌਰ ਤੇ ਨਵਜੋਤ ਕੌਰ ਔਜਲਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ’ਚੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਆਮ ਵੇਖੀ ਜਾ ਸਕਦੀ ਹੈ। ਇਸ ਤਿਉਹਾਰ ਦਾ ਮੁੱਖ ਮਕਸਦ ਅੱਜ ਦੀ ਪੀੜੀ ਨੂੰ ਸਾਡੇ ਅਮੀਰ ਸੱਭਿਆਚਾਰ ਵਿਰਸੇ ਨਾਲ ਜੋੜਨਾ ਸੀ। ਇਸ ਮੌਕੇ ਸਕੂਲੀ ਬੱਚਿਆਂ ਨੇ ਸੁਹਾਗ,ਘੋੜੀਆਂ ਅਤੇ ਸਭਿਆਚਾਰਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ ਅਤੇ ਪੀਂਘਾਂ ਝੂਟੀਆਂ। ਸਕੂਲ ਮੁਖੀ ਪਰਮਿੰਦਰ ਸਿੰਘ ਨੇ ਸਾਰੇ ਸਟਾਫ਼ ਅਤੇ ਬੱਚਿਆਂ ਦਾ ਧੰਨਵਾਦ ਕੀਤਾ।