For the best experience, open
https://m.punjabitribuneonline.com
on your mobile browser.
Advertisement

ਪਰਾਲੀ ਪ੍ਰਦੂਸ਼ਣ ਨੇ ਕੱਢਿਆ ਬਠਿੰਡਾ ਦਾ ਧੂੰਆਂ

08:06 AM Nov 06, 2023 IST
ਪਰਾਲੀ ਪ੍ਰਦੂਸ਼ਣ ਨੇ ਕੱਢਿਆ ਬਠਿੰਡਾ ਦਾ ਧੂੰਆਂ
ਅੰਮ੍ਰਤਿਸਰ ਵਿੱਚ ਐਤਵਾਰ ਨੂੰ ਵੇਰਕਾ ਬਾਈਪਾਸ ’ਤੇ ਸਵੇਰ ਸਮੇਂ ਧੁਆਂਖੀ ਧੁੰਦ ਵਿੱਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਵਿਸ਼ਾਲ ਕੁਮਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਨਵੰਬਰ
ਪੰਜਾਬ ਵਿੱਚ ਐਤਕੀਂ ਪਰਾਲੀ ਦੀ ਅੱਗ ਨੇ ਬਠਿੰਡਾ ਜ਼ਿਲ੍ਹੇ ਦਾ ਧੂੰਆਂ ਕੱਢ ਦਿੱਤਾ ਹੈ, ਜਿੱਥੇ ਹਵਾ ਦੀ ਗੁਣਵੱਤਾ ‘ਗੰਭੀਰ’ ਰਿਕਾਰਡ ਕੀਤੀ ਗਈ ਹੈ। ਅੱਜ ਸਵੇਰ ਵੇਲੇ ਹਵਾ ਦੀ ਗੁਣਵੱਤਾ 407 ਦਰਜ ਕੀਤੀ ਗਈ ਜੋ ਕਿ ਸ਼ਾਮ ਸਮੇਂ 375 ’ਤੇ ਆ ਗਈ। ਦਿੱਲੀ ਤੇ ਹਰਿਆਣਾ ਦੇ ਅੱਠ ਸ਼ਹਿਰਾਂ ਵਰਗੀ ਸਥਤਿੀ ਹੀ ਬਠਿੰਡਾ ਜ਼ਿਲ੍ਹੇ ਦੀ ਬਣੀ ਹੋਈ ਹੈ। ਪੁਰਾਣੇ ਵੇਲਿਆਂ ਵਿੱਚ ਟਿੱਬਿਆਂ ਦੀਆਂ ਧੂੜਾਂ ਆਸਮਾਨੀ ਚੜ੍ਹਦੀਆਂ ਸਨ। ਵਕਤ ਬਦਲਿਆ ਤਾਂ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੇ ਉਦੋਂ ਤੱਕ ਬਠਿੰਡਾ ਸ਼ਹਿਰ ਦੇ ਲੋਕਾਂ ’ਤੇ ਸੁਆਹ ਸੁੱਟੀ ਜਦੋਂ ਤੱਕ ਉਸ ਦਾ ਨਵੀਨੀਕਰਨ ਨਹੀਂ ਕਰ ਦਿੱਤਾ ਗਿਆ।
ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਬਾਕੀ ਸੂਬੇ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 300 ਤੋਂ ਹੇਠਾਂ ਦਰਜ ਕੀਤਾ ਗਿਆ। ਸਨਅਤੀ ਸ਼ਹਿਰ ਲੁਧਿਆਣਾ ਅਤੇ ਗੋਬਿੰਦਗੜ੍ਹ ਵਿੱਚ ਹਵਾ ਦੀ ਗੁਣਵੱਤਾ 300 ਰਿਕਾਰਡ ਕੀਤੀ ਗਈ ਅਤੇ ਸ਼ਾਮ ਨੂੰ ਇਹ ਕ੍ਰਮਵਾਰ 243 ਤੇ 291 ਸੀ। ਸ਼ਾਮ 4 ਵਜੇ ਅੰਮ੍ਰਤਿਸਰ ਦਾ ਏਕਿਊਆਈ 178, ਜਲੰਧਰ ਵਿੱਚ 261 ਅਤੇ ਪਟਿਆਲਾ ਦਾ 248 ਦਰਜ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਅੱਜ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਮਾਸਕ ਆਦਿ ਪਹਿਨ ਕੇ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ।
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਨੁਸਾਰ ਪੰਜਾਬ ਵਿੱਚ 15 ਸਤੰਬਰ ਤੋਂ 4 ਨਵੰਬਰ ਤੱਕ 14,173 ਕੇਸ ਅੱਗਾਂ ਲਾਉਣ ਦੇ ਸਾਹਮਣੇ ਆਏ ਹਨ ਜਦੋਂਕਿ ਪਿਛਲੇ ਵਰ੍ਹੇ ਇਹ ਅੰਕੜਾ ਇਸ ਤਰੀਕ ਤੱਕ 26,583 ਸੀ। ਕੇਸਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਹਾਲਾਂਕਿ, ਪਰਾਲੀ ਨੂੰ ਸਾੜਨ ਦਾ ਰੁਝਾਨ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਖ਼ੁਦ ਪਿੰਡਾਂ ਅਤੇ ਖੇਤਾਂ ਦੇ ਦੌਰੇ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸਰਕਾਰੀ ਟੀਮਾਂ ਨੇ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਵਾਪਰੀ ਘਟਨਾ ਮਗਰੋਂ ਪੁਲੀਸ ਸੁਰੱਖਿਆ ਦੀ ਮੰਗ ਕੀਤੀ ਹੈ। ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਬਲਾਕ, ਸੰਗਰੂਰ ਜ਼ਿਲ੍ਹੇ ਵਿੱਚ ਸੰਗਰੂਰ ਬਲਾਕ, ਫ਼ਰੀਦਕੋਟ ਜ਼ਿਲ੍ਹੇ ਵਿੱਚ ਫ਼ਰੀਦਕੋਟ ਬਲਾਕ, ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ੀਰਾ ਬਲਾਕ, ਬਰਨਾਲਾ ਜ਼ਿਲ੍ਹੇ ਵਿੱਚ ਮਹਿਲ ਕਲਾਂ ਬਲਾਕ, ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਬਲਾਕ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ ਵੱਧ ਰਹੀ। ਸੂਤਰ ਆਖਦੇ ਹਨ ਕਿ ਅੱਗੇ ਪੰਚਾਇਤੀ ਚੋਣਾਂ ਹਨ ਜਿਸ ਕਰ ਕੇ ਸਰਕਾਰ ਬਹੁਤੀ ਨਾਰਾਜ਼ਗੀ ਮੁੱਲ ਨਹੀਂ ਸਹੇੜਨਾ ਚਾਹੁੰਦੀ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਖਦੇ ਹਨ ਕਿ ਇਸ ਵਾਰ ਇਨ ਸੀਟੂ ਮੈਨੇਜਮੈਂਟ ’ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਦੂਸਰੇ ਪਾਸੇ ਕਿਸਾਨ ਯੂਨੀਅਨਾਂ ਨੇ ਵੀ ਪੈਂਤੜੇ ਲਏ ਹਨ। ਗੱਲ ਉੱਠਣ ਲੱਗੀ ਹੈ ਕਿ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ। ਗੁਰੂ ਘਰਾਂ ’ਚੋਂ ਵਾਤਾਵਰਨ ਦੀ ਸ਼ੁੱਧਤਾ ਦਾ ਹੋਕਾ ਦਿੱਤਾ ਜਾਣਾ ਚਾਹੀਦਾ ਹੈ।

Advertisement

ਪ੍ਰਦੂਸ਼ਣ ਦੇ ਮਾਮਲੇ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹੈ: ਖੁੱਡੀਆਂ

Advertisement

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਤੇ ਹਰਿਆਣਾ ਵਿਚਾਲੇ ਹੁਣ ਪਰਾਲੀ ਦੇ ਧੂੰਏਂ ਨੂੰ ਲੈ ਕੇ ਟਕਰਾਅ ਬਣਨ ਲੱਗਾ ਹੈ। ਪੰਜਾਬ ਦੇ ਮੁਕਾਬਲੇ ਐਤਕੀਂ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੈ। ਦੇਸ਼ ਦੇ ਕਰੀਬ 52 ਜ਼ਿਲ੍ਹਿਆਂ ਵਿੱਚ ਆਬੋ-ਹਵਾ ਕਾਫ਼ੀ ਗੰਭੀਰ ਸਥਤਿੀ ਵਿੱਚ ਹੈ ਤੇ ਇਨ੍ਹਾਂ ਵਿੱਚ ਹਰਿਆਣਾ ਦੇ ਜ਼ਿਲ੍ਹੇ ਵੀ ਪ੍ਰਮੁੱਖ ਹਨ।
ਹਰਿਆਣਾ ਦੇ ਖੇਤੀ ਮੰਤਰੀ ਜੇ.ਪੀ. ਦਲਾਲ ਨੇ ਕੱਲ੍ਹ ਹਰਿਆਣਾ ਵਿੱਚ ਪ੍ਰਦੂਸ਼ਣ ਦੀ ਸਥਤਿੀ ਨੂੰ ਲੈ ਕੇ ਪੰਜਾਬ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸ੍ਰੀ ਦਲਾਲ ਨੇ ਕਿਹਾ ਸੀ ਕਿ ਹਰਿਆਣਾ ਨੇ ਪੰਜਾਬ ਤੋਂ ਪਾਣੀ ਮੰਗਿਆ ਸੀ ਪਰ ਉਹ ਧੂੰਆਂ ਭੇਜ ਰਿਹਾ ਹੈ। ਸ੍ਰੀ ਦਲਾਲ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਕਿਹਾ ਕਿ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਫੈਲਾਉਣ ਲਈ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਪਿੱਛੇ ਇੱਕ ਡੂੰਘੀ ਸਾਜ਼ਿਸ਼ ਹੈ।
ਖੁੱਡੀਆਂ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਦੇ ਧੂੰਏਂ ਦੀ ਲਪੇਟ ਵਿੱਚ ਆਉਣ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਨਹੀਂ ਕੀਤੀ ਗਈ ਹੈ। ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਐਤਕੀਂ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ 47 ਫ਼ੀਸਦੀ ਕਮੀ ਆਈ ਹੈ।

ਹਰਿਆਣਾ ਤੇ ਯੂਪੀ ਦੇ ਧੂੰਏਂ ਕਾਰਨ ਦਿੱਲੀ ਅਸਰਅੰਦਾਜ਼: ਗੋਪਾਲ ਰਾਏ

ਨਵੀਂ ਦਿੱਲੀ (ਮਨਧੀਰ ਦਿਓਲ): ਵਧ ਰਹੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦਾ ਕੌਮੀ ਰਾਜਧਾਨੀ ’ਤੇ ਐਨਾ ਅਸਰ ਨਹੀਂ ਪੈ ਰਿਹਾ ਹੈ ਜਿੰਨਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਖੇਤਾਂ ਨੂੰ ਅੱਗ ਲਗਾਏ ਜਾਣ ਕਾਰਨ ਦਿੱਲੀ ਅਸਰਅੰਦਾਜ਼ ਹੋ ਰਹੀ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਘੱਟ ਪਰਾਲੀ ਸਾੜੀ ਗਈ ਹੈ।

Advertisement
Author Image

sukhwinder singh

View all posts

Advertisement