ਡੰਪ ਖ਼ਤਮ ਕਰਵਾਉਣ ਲਈ ਸੰਘਰਸ਼ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 9 ਦਸੰਬਰ
ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਾਹਰ ਕੂੜਾ ਡੰਪ ਦੀ ਸਾਈਟ ਖਤਮ ਕਰਵਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਕਰੀਬ 15 ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਤੇ ਉਦੋਂ ਤੋਂ ਹੀ ਉਨ੍ਹਾਂ ਨੂੰ ਆਸ-ਪਾਸ ਦੀਆਂ ਕਲੋਨੀਆਂ ਤੇ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਨਗਰ ਨਿਗਮ ਨੇ ਇਸ ਡੰਪ ਨੂੰ ਵਿਵਸਥਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨ ਦੀ ਹੜਤਾਲ ਕਾਰਨ ਇਹ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ।
ਹੁਣ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ ਤੇ ਅਜਿਹੇ ’ਚ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਖਤਮ ਕਰਨਾ ਸ਼ਹਿਰ ’ਚ ਵੱਡਾ ਮੁੱਦਾ ਬਣ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਰਬਨ ਅਸਟੇਟ ਫੇਜ਼ 1, ਫੇਜ਼ 2 ਅਤੇ ਬਾਜ਼ਾਰ ਦੇ ਵਪਾਰੀਆਂ ਨੇ ਜੋਤੀ ਨਗਰ ਡੰਪ ਨੂੰ ਬੰਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। ਕਈ ਕਲੋਨੀਆਂ ਦੇ ਵਸਨੀਕ ਵੀ ਵਿਕਾਸਪੁਰੀ ਦੇ ਕੂੜੇ ਦੇ ਡੰਪ ਨੂੰ ਖਤਮ ਕਰਵਾਉਣ ਲਈ ਸੰਘਰਸ਼ ਦੇ ਰਾਹ ’ਤੇ ਹਨ। ਅਜਿਹੀ ਸਥਿਤੀ ’ਚ ਕੂੜਾ ਪ੍ਰਬੰਧਨ ਤੇ ਡੰਪ ਸਾਈਟਾਂ ਵੀ ਚੋਣ ਮੁੱਦਾ ਬਣ ਸਕਦੀਆਂ ਹਨ। ਐਤਵਾਰ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਅਧਿਕਾਰੀਆਂ ਨੇ ਡੰਪ ਵਾਲੀ ਥਾਂ ਨੇੜੇ ਪ੍ਰਦਰਸ਼ਨ ਕੀਤਾ। ਇਸ ਧਰਨੇ ’ਚ ਸ਼ਾਮਲ ਹੋਏ ਜਥੇਦਾਰ ਜਗਜੀਤ ਸਿੰਘ ਗਾਬਾ, ਜਸਵਿੰਦਰ ਸਿੰਘ ਸਾਹਨੀ, ਵਰਿੰਦਰ ਮਲਿਕ, ਮਨਮੀਤ ਸਿੰਘ ਸੋਢੀ, ਕਰਨਲ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਹੁਣ ਤੱਕ ਜਿੰਨੀ ਵਾਰ ਵੀ ਵਾਅਦੇ ਕੀਤੇ ਹਨ, ਉਹ ਝੂਠੇ ਨਿਕਲੇ ਹਨ ਤੇ ਇਕ ਵਾਰ ਵੀ ਡੰਪ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਈ ਇਲਾਕਿਆਂ ਤੇ ਵਪਾਰਕ ਅਦਾਰਿਆਂ ਦਾ ਕੂੜਾ ਵੀ ਇੱਥੇ ਆ ਰਿਹਾ ਹੈ। ਇਹ ਡੰਪ ਵਿਹਾਰ ਕਲੋਨੀ ਦੀ ਕੰਧ ਦੇ ਬਿਲਕੁਲ ਨਾਲ ਲੱਗਿਆ ਹੋਇਆ ਹੈ ਜਿਸ ਕਾਰਨ ਕਲੋਨੀ ਦੇ ਕਈ ਲੋਕ ਬਿਮਾਰ ਹਨ। ਕਈ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਪ੍ਰਦਰਸ਼ਨ ’ਚ ਕੰਵਲਜੀਤ ਸਿੰਘ ਟੋਨੀ, ਸੁਨੀਲ ਚੋਪੜਾ, ਆਰਪੀ ਗੰਭੀਰ, ਏਐੱਲ ਚਾਵਲਾ, ਵਿਵੇਕ ਭਾਰਦਵਾਜ, ਲਲਿਤ ਕੁਮਾਰ, ਜਗਦੀਪ ਸਿੰਘ ਨੰਦਾ, ਅਸ਼ਵਨੀ ਸਹਿਗਲ, ਅਸ਼ੋਕ ਸਿੱਕਾ, ਰਤਨ ਭਾਰਤੀ, ਸੰਜੀਵ ਸਿੰਘ, ਸੁਧੀਰ ਭਸੀਨ, ਤਰਲੋਕ ਗੌਤਮ, ਕੁਨਾਲ, ਹਰਜਿੰਦਰ ਸਿੰਘ, ਕਰਨਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਭੁਪਿੰਦਰ ਚਾਵਲਾ, ਅਸ਼ੋਕ ਵਰਮਾ, ਵੀਐੱਨ ਧਵਨ, ਭੁਪਿੰਦਰ ਕਪੂਰ, ਰਾਕੇਸ਼ ਥਾਪਰ, ਕਰਨਲ ਜੋਗਿੰਦਰ ਸਿੰਘ ਧਾਰੀਵਾਲ, ਮਲੂਕ ਸਿੰਘ, ਹਰੀ ਸਿੰਘ, ਸੁਰਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਚਰਨ ਸਿੰਘ, ਪਰਮਿੰਦਰ ਸਿੰਘ, ਸਤਪਾਲ ਤੁਲੀ, ਸੁਰਿੰਦਰ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ।