ਸੰਘਰਸ਼ ਕਮੇਟੀ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ
ਜਗਜੀਤ ਸਿੰਘ
ਮੁਕੇਰੀਆਂ, 18 ਨਵੰਬਰ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਦੇ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਅੱਜ ਮੁਕੇਰੀਆਂ ਦੇ ਵੱਖ-ਵੱਖ ਸਕੂਲਾਂ ਅਤੇ ਅਦਾਰਿਆਂ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਆਗੂਆਂ ਨੇ ਦੱਸਿਆ ਕਿ 18 ਨਵੰਬਰ 2022 ਨੂੰ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜੋ ਕਿ ਇੱਕ ਅਧੂਰਾ ਨੋਟੀਫਿਕੇਸ਼ਨ ਹੀ ਸਾਬਿਤ ਹੋਇਆ ਹੈ ਕਿਉਂਕਿ ਅੱਜ ਤੱਕ ਨਾ ਤਾਂ ਇਸ ਨੋਟੀਫਿਕੇਸ਼ਨ ਦੀ ਐੱਸਓਪੀ ਹੀ ਜਾਰੀ ਹੋ ਸਕੀ ਹੈ ਅਤੇ ਨਾ ਹੀ ਪੰਜਾਬ ਦੇ ਕਿਸੇ ਵੀ ਮੁਲਾਜ਼ਮ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਪੁਰਾਣੀ ਪੈਨਸ਼ਨ ਬਹਾਲ ਹੋ ਸਕੀ ਹੈ। ਇਸ ਅਧੂਰੇ ਨੋਟੀਫਿਕੇਸ਼ਨ ਦੇ ਰੋਸ ਵਜੋਂ ਅੱਜ ਸੂਬਾ ਕਮੇਟੀ ਦੇ ਸੱਦੇ ’ਤੇ ਬਲਾਕ ਦੇ ਸਮੂਹ ਸਕੂਲਾਂ ਅਤੇ ਵੱਖ ਵੱਖ ਦਫ਼ਤਰਾਂ ਵਿੱਚ ਕਾਲੇ ਕੱਪੜੇ ਪਾ ਕੇ ਅਤੇ ਕਾਲੇ ਬਿੱਲੇ ਲਗਾ ਕੇ ਕਾਪੀਆਂ ਫੂਕੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਐੱਨਪੀਐੱਸ ਦੇ ਖਾਤੇ ਬੰਦ ਕਰਕੇ ਜੀਪੀਐੱਫ ਖਾਤੇ ਖੋਲ੍ਹੇ ਅਤੇ ਨੋਟੀਫਿਕੇਸ਼ਨ ਨੂੰ ਜਲਦੀ ਅਮਲੀ ਜਾਮਾ ਪਹਿਨਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਲਈ ਐੱਸਓਪੀ ਜਾਰੀ ਨਹੀਂ ਕਰਦੀ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਬਲਵਿੰਦਰ ਟਾਕ, ਬ੍ਰਿਜਮੋਹਨ, ਜਸਵੀਰ ਸਿੰਘ, ਮਧੂਬਾਲਾ, ਸ਼ਸ਼ੀਪਾਲ, ਵੈਸ਼ਨਵ ਕੁਮਾਰ, ਵਿਨੋਦ ਕੁਮਾਰ, ਗੁਰਪਾਲ ਸਿੰਘ, ਰਵਿੰਦਰ ਸਿੰਘ, ਗੁਲਵਿੰਦਰ ਸਿੰਘ, ਸਤਿੰਦਰ ਮੋਹਨ, ਸਰਬਜੀਤ ਕੌਰ, ਜੀਵਨ ਬਾਲਾ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।