ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਮਾਣੂ ਦੀ ਬਣਤਰ: ਲਗਾਤਾਰ ਖੋਜ

08:53 AM Aug 05, 2023 IST

ਗਿਆਨ-ਵਿਗਿਆਨ
Advertisement

ਹਰਜੀਤ ਸਿੰਘ

ਐਟਮ ਜਾਂ ਪਰਮਾਣੂ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ, ਯਾਨੀ ਘੱਟੋ- ਘੱਟ ਇਸ ਦਾ ਨਾਮ ਤਾਂ ਜ਼ਰੂਰ ਸੁਣਿਆ ਹੁੰਦਾ ਹੈ। ਅੱਜ ਅਸੀਂ ਇਸੇ ਪਰਮਾਣੂ ਦੀ ਕਹਾਣੀ ਪੜ੍ਹਾਂਗੇ ਕਿ ਸਾਨੂੰ ਇਸ ਦੀ ਸੰਰਚਨਾ ਤੇ ਬਣਤਰ/ ਸ਼ਕਲ ਬਾਰੇ ਕਿਵੇਂ ਪਤਾ ਲੱਗਾ।
ਪਰਮਾਣੂ ਦਾ ਅੰਗਰੇਜ਼ੀ ਸ਼ਬਦ ‘ਐਟਮ’ ਯੂਨਾਨੀ ਭਾਸ਼ਾ ਤੋਂ ਆਇਆ ਹੈ ਜਿਸ ਦਾ ਮਤਲਬ ਹੈ ਨਾ-ਵੰਡਣਯੋਗ, ਜਿਸ ਦੇ ਅੱਗੇ ਹਿੱਸੇ ਨਾ ਕੀਤੇ ਜਾ ਸਕਣ। ਭਾਰਤੀ ਦਰਸ਼ਨ ਦੀ ਵੈਸੇਸਿਕਾ ਧਾਰਾ, ਜਿਸ ਦਾ ਬਾਨੀ ਰਿਸ਼ੀ ਕਨਾਦ ਨੂੰ ਮੰਨਿਆ ਜਾਂਦਾ ਹੈ, ਵਿੱਚ ਵੀ ਪਰਮਾਣੂ ਨੂੰ ਸਭ ਤੋਂ ਛੋਟਾ ਕਣ ਮੰਨਿਆ ਗਿਆ ਹੈ ਜਿਸ ਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ ਅਤੇ ਸਾਰੇ ਪਦਾਰਥ ਇਨ੍ਹਾਂ ਦੇ ਮੇਲ ਨਾਲ ਹੀ ਬਣਦੇ ਹਨ| ਕਨਾਦ ਭੌਤਿਕ ਵਿਗਿਆਨ ਨੂੰ ਬੁਨਿਆਦੀ ਗਿਆਨ ਮੰਨਦਾ ਸੀ।
ਯੂਨਾਨੀ ਲੋਕਾਂ ਦਾ ਪਰਮਾਣੂ ਬਾਰੇ ਖਿਆਲ ਬਹੁਤ ਸਿੱਧ-ਪਧਰਾ ਸੀ। ਇਸ ਦਾ ਸਿਹਰਾ ਯੂਨਾਨੀ ਦਾਰਸ਼ਨਿਕ ਡੈਮੋਕ੍ਰਿਟਸ (Democritus) (460-370 ਈ. ਪੂ.) ਦੇ ਸਿਰ ਬੰਨ੍ਹਿਆ ਜਾਂਦਾ ਹੈ। ਯੂਨਾਨੀ ਲੋਕ ਪਰਮਾਣੂ ਦਾ ਰੂਪ ਉਸ ਦੇ ਤੱਤ ਦੇ ਹਿਸਾਬ ਨਾਲ ਮੰਨ ਲੈਂਦੇ ਸਨ। ਮਿਸਾਲ ਦੇ ਤੌਰ ’ਤੇ ਉਹ ਲੋਹੇ ਦੇ ਪਰਮਾਣੂਆਂ ਨੂੰ ਹੁੱਕਾਂ ਵਰਗਾ ਸੋਚਦੇ ਸਨ ਜੋ ਆਪਸ ਵਿੱਚ ਫਸ ਕੇ ਇਸ ਨੂੰ ਠੋਸ ਰੂਪ ਦਿੰਦੇ ਸਨ। ਪਾਣੀ ਦੇ ਪਰਮਾਣੂਆਂ ਨੂੰ ਉਹ ਗੋਲ ਤੇ ਮੁਲਾਇਮ ਮੰਨਦੇ ਸਨ ਜੋ ਆਪਸ ਵਿੱਚ ਤਿਲ੍ਹਕ ਜਾਂਦੇ ਸਨ ਅਤੇ ਪਾਣੀ ਨੂੰ ਤਰਲ ਰੂਪ ਦਿੰਦੇ ਸਨ।
ਖੈਰ, 1803 ਵਿੱਚ ਬ੍ਰਿਟਿਸ਼ ਰਸਾਇਣ ਵਿਗਿਆਨੀ ਜਾਨ ਡਾਲਟਨ (John Dalton) ਨੇ ਪਹਿਲੀ ਵਾਰ ਪਰਮਾਣੂ ਦੀ ਵਿਗਿਆਨਕ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ| ਉਸ ਨੇ ਲਗਭਗ ਉਹੀ ਕਿਹਾ, ਜੋ ਯੂਨਾਨੀ ਕਹਿ ਚੁੱਕੇ ਸਨ ਕਿ ਪਰਮਾਣੂ ਛੋਟੇ ਅਤੇ ਸਖ਼ਤ ਗੋਲੇ ਹੁੰਦੇ ਹਨ ਜੋ ਵੰਡੇ ਨਹੀਂ ਜਾ ਸਕਦੇ| ਉਸ ਨੇ ਕਿਹਾ ਕਿ ਇੱਕ ਤੱਤ ਦੇ ਸਾਰੇ ਪਰਮਾਣੂ ਇੱਕੋ ਜਿਹੇ ਹੁੰਦੇ ਹਨ| ਉਸ ਨੇ ਪਰਮਾਣੂਆਂ ਦੁਆਰਾ ਮਿਲ ਕੇ ਅਲੱਗ-ਅਲੱਗ ਮਿਸ਼ਰਣ ਬਣਾਉਣ ਦੇ ਸਿਧਾਂਤ ਦਿੱਤੇ ਅਤੇ ਉਸ ਸਮੇਂ ਜਿਨ੍ਹਾਂ ਤੱਤਾਂ ਦੀ ਜਾਣਕਾਰੀ ਸੀ, ਉਨ੍ਹਾਂ ਦੇ ਰਸਾਇਣਿਕ ਚਿੰਨ੍ਹ ਵੀ ਦਿੱਤੇ| ਡਾਲਟਨ ਦਾ ਇਹ ਕੰਮ ਅੱਗੇ ਜਾ ਕੇ ਰਸਾਇਣਿਕ ਕਿਰਿਆਵਾਂ ਸਮਝਣ ਲਈ ਬੁਨਿਆਦ ਬਣਿਆ|
ਫਿਰ ਅਗਲੇ 100 ਕੁ ਸਾਲ ਕੁਝ ਖਾਸ ਨਹੀਂ ਹੋਇਆ| 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਹੋਰ ਬ੍ਰਿਟਿਸ਼ ਭੌਤਿਕ ਵਿਗਿਆਨੀ ਜੋਸਫ ਥਾਮਸਨ (J.J. Thomson) ਕੈਥੋਡ ਰੇ ਟਿਊਬ ਨਾਲ ਪ੍ਰਯੋਗ ਕਰ ਰਿਹਾ ਸੀ| ਪ੍ਰਯੋਗ ਕਰਦਿਆਂ ਉਸ ਨੇ ਦੇਖਿਆ ਕਿ ਕੈਥੋਡ ਰੇ ਟਿਊਬ ਵਿਚਲੀਆਂ ਕਿਰਨਾਂ ਧਨਾਤਮਕ ਚਾਰਜ ਵੱਲ ਖਿੱਚੀਆਂ ਜਾਂਦੀਆਂ ਸਨ ਅਤੇ ਰਿਣਾਤਮਕ ਚਾਰਜ ਤੋਂ ਦੂਰ ਜਾਂਦੀਆਂ ਸਨ| ਇਸ ਦਾ ਮਤਲਬ ਇਹ ਸੀ ਕਿ ਇਹ ਕਿਰਨਾਂ ਤੇ ਰਿਣਾਤਮਕ ਚਾਰਜ ਹੈ| ਇੱਥੋਂ ਉਹ ਇਸ ਨਤੀਜੇ ’ਤੇ ਪਹੁੰਚਿਆ ਕਿ ਪਰਮਾਣੂ ਵੰਡਣਯੋਗ ਹੈ| ਇਹ ਸਭ ਤੋਂ ਛੋਟੀ ਇਕਾਈ ਨਹੀਂ ਹੈ| ਉਸ ਨੇ ਇਹ ਵੀ ਦੇਖਿਆ ਕਿ ਇਹ ਕਿਰਨਾਂ ਚਾਹੇ ਕਿਸੇ ਵੀ ਧਾਤ ਦੇ ਬਣੇ ਕੈਥੋਡ ਤੋਂ ਨਿਕਲਣ, ਬਿਲਕੁਲ ਇੱਕੋ-ਜਿੱਕੀਆਂ ਹੁੰਦੀਆਂ ਹਨ| ਉਸ ਨੇ ਇਸ ਨਵੇਂ ਕਣ ਨੂੰ ਕਾਰਪਸਕਲ (corpuscle) ਦਾ ਨਾਮ ਦਿੱਤਾ ਜੋ ਬਾਅਦ ਵਿੱਚ ਇਲੈੱਕਟ੍ਰੌਨ ਵਜੋਂ ਜਾਣਿਆ ਗਿਆ| ਇਲੈੱਕਟ੍ਰੌਨ ਦੀ ਖੋਜ ਲਈ ਉਸ ਨੂੰ 1906 ਵਿੱਚ ਨੋਬੇਲ ਇਨਾਮ ਵੀ ਮਿਲਿਆ| ਥਾਮਸਨ ਨੇ ਪਰਮਾਣੂ ਦੀ ਬਣਤਰ ਦਾ ਨਵਾਂ ਸਿਧਾਂਤ ਦਿੱਤਾ ਜਿਸ ਨੂੰ ਅਸੀਂ ‘ਪਲੱਮ ਪੁਡਿੰਗ’ (plum pudding) ਮਾਡਲ ਦੇ ਨਾਮ ਨਾਲ ਜਾਣਦੇ ਹਾਂ| ਉਸ ਨੇ ਕਿਹਾ ਕਿ ਪਰਮਾਣੂ ਵਿੱਚ ਧਨਾਤਮਕ ਚਾਰਜ ਸਮ ਰੂਪ ਵਿੱਚ ਹਰ ਪਾਸੇ ਫੈਲਿਆ ਹੋਇਆ ਹੈ ਅਤੇ ਇਸ ਧਨਾਤਮਕ ਚਾਰਜ ਦੇ ਸਮੁੰਦਰ ਵਿੱਚ ਇਲੈੱਕਟ੍ਰੌਨ ਰਹਿੰਦੇ ਹਨ| ਤੁਸੀਂ ਇਸ ਨੂੰ ਤਰਬੂਜ਼ ਦੀ ਮਿਸਾਲ ਨਾਲ ਸਮਝ ਸਕਦੇ ਹੋ ਜਿਸ ਵਿੱਚ ਲਾਲ ਹਿੱਸਾ ਧਨਾਤਮਕ ਚਾਰਜ ਹੈ ਅਤੇ ਬੀਜ ਇਲੈੱਕਟ੍ਰੌਨ ਹਨ| ਪਰ ਥਾਮਸਨ ਦੇ ਮਾਡਲ ਵਿੱਚ ਇਲੈੱਕਟ੍ਰੌਨ ਧਨਾਤਮਕ ਚਾਰਜ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ| ਮਜ਼ੇਦਾਰ ਗੱਲ ਇਹ ਹੈ ਕਿ ਇਸ ਮਾਡਲ ਨੂੰ ਕੁਝ ਸਾਲਾਂ ਬਾਅਦ ਥਾਮਸਨ ਦੇ ਹੀ ਇੱਕ ਵਿਦਿਆਰਥੀ ਨੇ ਗਲਤ ਸਾਬਤ ਕਰ ਦਿੱਤਾ|
ਅਰਨੈਸਟ ਰੁਦਰਫੋਰਡ (Ernest Rutherford), ਨਿਊਜ਼ੀਲੈਂਡ ਦਾ ਇੱਕ ਭੌਤਿਕ ਵਿਗਿਆਨੀ ਸੀ ਜਿਸ ਨੇ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਥਾਮਸਨ ਕੋਲੋਂ ਪੜ੍ਹਾਈ ਕੀਤੀ| ਰੁਦਰਫੋਰਡ ਨੇ ਥਾਮਸਨ ਦੇ ਮਾਡਲ ਨੂੰ ਸਿੱਧ ਕਰਨ ਦੀ ਸੋਚੀ, ਪਰ ਹੋ ਉਸ ਤੋਂ ਉਲਟ ਗਿਆ| ਉਸ ਨੇ ਸੋਨੇ ਦਾ ਇੱਕ ਬਹੁਤ ਹੀ ਪਤਲਾ ਵਰਕ ਲਿਆ ਅਤੇ ਉਸ ’ਤੇ ਧਨਾਤਮਕ ਅਲਫਾ ਕਣਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ| ਅਲਫਾ ਕਣਾਂ ’ਤੇ ਧਨਾਤਮਕ ਚਾਰਜ ਹੁੰਦਾ ਹੈ ਅਤੇ ਇਹ ਇੰਨੇ ਛੋਟੇ ਹੁੰਦੇ ਹਨ ਕਿ ਜੇ ਅਸੀਂ ਥਾਮਸਨ ਦੇ ਮਾਡਲ ਨੂੰ ਸਹੀ ਮੰਨੀਏ ਤਾਂ ਸਾਰੇ ਅਲਫਾ ਕਣਾਂ ਨੂੰ ਇਸ ਵਰਕ ਵਿੱਚੋਂ ਬਿਨਾਂ ਕੋਈ ਖਾਸ ਰਸਤਾ ਬਦਲੇ ਲੰਘ ਜਾਣਾ ਚਾਹੀਦਾ ਸੀ| ਬਹੁਤੇ ਲੰਘੇ ਵੀ ਏਦਾਂ ਹੀ| ਪਰ ਕੁਝ, ਬਹੁਤ ਥੋੜ੍ਹੇ ਕਣਾਂ ਦਾ ਰਸਤਾ ਬਹੁਤ ਜ਼ਿਆਦਾ ਬਦਲ ਗਿਆ| ਕਈ ਤਾਂ ਵੱਜ ਕੇ ਲਗਭਗ ਵਾਪਸ ਹੀ ਆ ਗਏ| ਰੁਦਰਫੋਰਡ ਇਹ ਦੇਖ ਕੇ ਹੈਰਾਨ ਰਹਿ ਗਿਆ| ਉਸ ਦੇ ਆਪਣੇ ਸ਼ਬਦਾਂ ਵਿੱਚ “ਇਹ ਬਿਲਕੁਲ ਇਸ ਤਰ੍ਹਾਂ ਸੀ ਕਿ ਤੁਸੀਂ ਇੱਕ ਟਿਸ਼ੂ ਪੇਪਰ ’ਤੇ 15 ਇੰਚ ਦਾ ਤੋਪ ਦਾ ਗੋਲਾ ਦਾਗੋ ਅਤੇ ਉਹ ਵਾਪਸ ਤੁਹਾਡੇ ਆ ਕੇ ਵੱਜੇ|’’ ਇਸ ਦਾ ਮਤਲਬ ਕਿ ਧਨਾਤਮਕ ਚਾਰਜ ਸਮ ਰੂਪ ਵਿੱਚ ਫੈਲਿਆ ਨਾ ਹੋ ਕੇ ਕੇਂਦਰ ਵਿੱਚ ਇੱਕ ਛੋਟੀ ਜਿਹੀ ਜਗ੍ਹਾ ’ਤੇ ਇਕੱਠਾ ਸੀ, ਜਿਸ ਨੂੰ ਅਸੀਂ ਨਾਭੀ ਕਹਿੰਦੇ ਹਾਂ| ਬਾਕੀ ਸਾਰਾ ਪਰਮਾਣੂ ਜ਼ਿਆਦਾਤਰ ਖਾਲੀ ਹੀ ਸੀ| ਇਲੈੱਕਟ੍ਰੌਨ ਇਸ ਨਾਭੀ ਦੁਆਲੇ ਆਪੋ ਆਪਣੇ ਪੰਧਾਂ ਵਿੱਚ ਚੱਕਰ ਲਾਉਂਦੇ ਸਨ|
ਪਰ ਇਹ ਮਾਡਲ ਜਵਾਬ ਦੇਣ ਦੀ ਥਾਂ ਹੋਰ ਜ਼ਿਆਦਾ ਸਵਾਲ ਖੜ੍ਹੇ ਕਰਦਾ ਸੀ| ਜੇਕਰ ਇਲੈੱਕਟ੍ਰੌਨ ਨਾਭੀ ਦੁਆਲੇ ਘੁੰਮਦੇ ਨੇ ਤਾਂ ਉਨ੍ਹਾਂ ਨੂੰ ਅੰਦਰ ਵੱਲ ਜਾਣ ਤੋਂ ਕੀ ਰੋਕ ਰਿਹਾ ਹੈ? ਇੱਕ ਰਿਣਾਤਮਕ ਇਲੈੱਕਟ੍ਰੌਨ ਨੂੰ ਕੁੰਡਲੀਦਾਰ ਤਰੀਕੇ ਨਾਲ ਘੁੰਮਦੇ ਹੋਏ ਧਨਾਤਮਕ ਨਾਭੀ ਦੇ ਅੰਦਰ ਸਮਾ ਜਾਣਾ ਚਾਹੀਦਾ ਹੈ| ਇੱਥੇ ਆਉਂਦਾ ਹੈ ਡੈਨਿਸ਼ ਭੌਤਿਕ ਵਿਗਿਆਨੀ ਨੀਲਸ ਬ੍ਹੋਰ (Niels Bohr)| ਉਸ ਨੇ ਰਵਾਇਤੀ ਭੌਤਿਕ ਵਿਗਿਆਨ ਦੀ ਥਾਂ ਕੁਆਂਟਮ ਮਕੈਨਿਕਸ ਦਾ ਸਹਾਰਾ ਲਿਆ| ਉਸ ਨੇ ਅਲੱਗ-ਅਲੱਗ ਊਰਜਾ ਪੱਧਰ ਨਿਸ਼ਚਿਤ (quantize) ਕੀਤੇ ਅਤੇ ਕਿਹਾ ਇਲੈੱਕਟ੍ਰੌਨ ਆਪੋ-ਆਪਣੀ ਊਰਜਾ ਦੇ ਅਨੁਸਾਰ ਇਨ੍ਹਾਂ ਪੱਧਰਾਂ ਵਿੱਚੋਂ ਕਿਸੇ ਇੱਕ ਵਿੱਚ ਹੀ ਰਹਿ ਸਕਦੇ ਹਨ| ਇਹ ਊਰਜਾ ਦੇ ਪੱਧਰ ਨਿਸ਼ਚਿਤ (quantized) ਸਨ ਅਤੇ ਇਲੈੱਕਟ੍ਰੌਨ ਇਨ੍ਹਾਂ ਵਿਚਕਾਰ ਕਿਤੇ ਵੀ ਨਹੀਂ ਘੁੰਮ ਸਕਦੇ ਸਨ| ਹਾਂ, ਉਹ ਊਰਜਾ ਪ੍ਰਾਪਤ ਕਰਕੇ ਜਾਂ ਗੁਆ ਕੇ, ਇੱਕ ਪੱਧਰ ਤੋਂ ਦੂਜੇ ਵਿੱਚ ਜ਼ਰੂਰ ਜਾ ਸਕਦੇ ਸਨ| ਇਹ ਮਾਡਲ ਬਹੁਤ ਸਫਲ ਰਿਹਾ ਅਤੇ ਅੱਜ ਤੱਕ ਚੱਲ ਰਿਹਾ ਹੈ| ਬਹੁਤੇ ਸਕੂਲਾਂ ਵਿੱਚ ਇਹੋ ਪੜ੍ਹਾਇਆ ਜਾਂਦਾ ਹੈ| ਇਹ ਮਾਡਲ ਹਾਈਡ੍ਰੋਜਨ ਗੈਸ ਦੀਆਂ ਸਪੈਕਟ੍ਰਲ ਰੇਖਾਵਾਂ ਦੀ ਸਫਲਤਾਪੂਰਵਕ ਵਿਆਖਿਆ ਕਰਦਾ ਹੈ|
ਪਰ ਜਿਵੇਂ ਕਿ ਬ੍ਹੋਰ ਨੇ ਖੁਦ ਕਿਹਾ “ਜੇ ਕੁਆਂਟਮ ਮਕੈਨਿਕਸ ਨੇ ਤੁਹਾਨੂੰ ਜੜ ਤੋਂ ਹਿਲਾ ਕੇ ਨਹੀਂ ਰੱਖ ਦਿੱਤਾ ਤਾਂ ਤੁਸੀਂ ਇਸ ਨੂੰ ਸਮਝੇ ਹੀ ਨਹੀਂ”| ਇਸ ਤੋਂ ਅੱਗੇ ਗੱਲ ਥੋੜ੍ਹੀ ਅਜੀਬ ਹੋ ਜਾਂਦੀ ਹੈ| ਪਹਿਲੀ ਦਿੱਕਤ ਇਹ ਹੈ ਕਿ ਬ੍ਹੋਰ ਦਾ ਮਾਡਲ ਹਾਈਡ੍ਰੋਜਨ ਤੋਂ ਭਾਰੇ ਪਰਮਾਣੂਆਂ ਬਾਰੇ ਨਹੀਂ ਸਮਝਾ ਸਕਿਆ| ਦੂਜਾ ਹਾਈਜ਼ਨਬਰ (ਬ੍ਰੇਕਿੰਗ ਬੈਡ ਵਾਲਾ ਨਹੀਂ!) ਦਾ ਅਨਿਸ਼ਚਿਤਤਾ ਦਾ ਸਿਧਾਂਤ (ਜੋ ਕਿ ਸਹੀ ਹੈ) ਸਾਨੂੰ ਇਹ ਦੱਸਦਾ ਹੈ ਕਿ ਇੱਕ ਚੀਜ਼ ਦੀ ਸਥਿਤੀ ਅਤੇ ਸੰਵੇਗ ਇੱਕੋ ਸਮੇਂ ਸਟੀਕਤਾ ਨਾਲ ਨਹੀਂ ਜਾਣੇ ਜਾ ਸਕਦੇ| ਬ੍ਹੋਰ ਦੇ ਮਾਡਲ ਵਿੱਚ ਹਰ ਊਰਜਾ ਪੱਧਰ ਦਾ ਸੰਵੇਗ ਅਤੇ ਨਾਭੀ ਤੋਂ ਦੂਰੀ ਨਿਸ਼ਚਿਤ ਸੀ| ਇਹ ਹਾਈਜ਼ਨਬਰ ਦੇ ਸਿਧਾਂਤ ’ਤੇ ਖਰਾ ਨਹੀਂ ਉਤਰਦਾ ਸੀ|
ਹੁਣ ਤੱਕ ਬ੍ਰੌਗਲੀ (Louis de Broglie) ਇਹ ਸਿੱਧ ਕਰ ਚੁੱਕਾ ਸੀ ਕਿ ਇਲੈੱਕਟ੍ਰੌਨ ਵਰਗੀ ਛੋਟੀ ਚੀਜ਼ ਇੱਕ ਕਣ ਅਤੇ ਇੱਕ ਤਰੰਗ ਦੋਵਾਂ ਦੇ ਵਾਂਗ ਵਿਹਾਰ ਕਰ ਸਕਦੀ ਸੀ| ਆਸਟਰੀਆ ਦੇ ਇੱਕ ਪ੍ਰਸਿੱਧ ਭੌਤਿਕ ਵਿਗਿਆਨੀ ਇਰਵਿਨ ਸ਼ਰੋਡਿੰਗਰ (ਡੱਬੇ ਵਿੱਚ ਬਿੱਲੀ ਬੰਦ ਕਰਨ ਵਾਲਾ ਸ਼ਖ਼ਸ, ਜੇ ਇਸ ਬਾਰੇ ਨਹੀਂ ਜਾਣਦੇ ਤਾਂ ਜ਼ਰੂਰ ਪੜ੍ਹੋ) ਨੇ ਸੁਝਾਇਆ ਕਿ ਇੱਕ ਪਰਮਾਣੂ ਅੰਦਰ ਇਲੈੱਕਟ੍ਰੌਨ ਬੰਨ੍ਹੇ ਹੋਏ ਪੰਧ ਵਿੱਚ ਨਾ ਚੱਲ ਕੇ ਤਰੰਗ ਵਾਂਗ ਵਿਹਾਰ ਕਰਦੇ ਹਨ| ਉਸ ਨੇ ਕਈ ਸਮੀਕਰਨਾਂ ਹੱਲ ਕਰ ਕੇ ਇੱਕ ਇਲੈੱਕਟ੍ਰੌਨ ਦੇ ਨਾਭੀ ਦੁਆਲੇ ਹੋਣ ਦੀ ਸੰਭਾਵਨਾ ਵੰਡ ਦਾ ਮਾਡਲ ਬਣਾਇਆ| ਉਸ ਦੇ ਮਾਡਲ ਨੇ ਨਾਭੀ ਦੁਆਲੇ ਇਲੈੱਕਟ੍ਰੌਨ ਘਣਤਾ ਦੇ ਬੱਦਲ ਦਿੱਤੇ| ਇਹ ਬੱਦਲ ਸੰਭਾਵਨਾ ਦੇ ਬੱਦਲ ਸਨ| ਚਾਹੇ ਸਾਨੂੰ ਨਹੀਂ ਪਤਾ ਕਿ ਇਲੈੱਕਟ੍ਰੌਨ ਨਿਸ਼ਚਿਤ ਤੌਰ ’ਤੇ ਕਿੱਥੇ ਹੈ, ਪਰ ਸਾਨੂੰ ਇਹ ਪਤਾ ਹੈ ਕਿ ਇਨ੍ਹਾਂ ਦੇ ਮਿਲਣ ਦੀ ਸੰਭਾਵਨਾ ਕਿੱਥੇ ਹੈ ਅਤੇ ਕਿੰਨੀ ਹੈ|
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ| 1932 ਵਿੱਚ ਜੇਮਸ ਚਾਡਵਿਕ ਨੇ ਪਰਮਾਣੂ ਦੀ ਨਾਭੀ ਵਿੱਚ ਰਹਿੰਦੇ ਇੱਕ ਹੋਰ ਕਣ ਨਿਊਟ੍ਰੌਨ ਦੀ ਖੋਜ ਕੀਤੀ ਜਿਸ ਦਾ ਪੁੰਜ ਲਗਭਗ ਪ੍ਰੋਟੋਨ ਦੇ ਬਰਾਬਰ ਹੁੰਦਾ ਹੈ ਅਤੇ ਇਸ ’ਤੇ ਕੋਈ ਚਾਰਜ ਨਹੀਂ ਹੁੰਦਾ| ਪ੍ਰੋਟੋਨ, ਨਿਊਟ੍ਰੌਨ ਅਤੇ ਇਲੈੱਕਟ੍ਰੌਨ ਨੂੰ ਮਿਲਾ ਕੇ ਇਹ ਮਾਡਲ ਸਾਡੇ ਕੋਲ ਹੁਣ ਤੱਕ ਦਾ ਸਭ ਤੋਂ ਸਟੀਕ ਮਾਡਲ ਹੈ| ਹਾਲਾਂਕਿ ਬਾਅਦ ਵਿੱਚ ਇਹ ਕਣ ਵੀ ਕੁਆਰਕਾਂ ਵਿੱਚ ਵੰਡੇ ਗਏ, ਪਰ ਉਨ੍ਹਾਂ ਬਾਰੇ ਕਦੇ ਫੇਰ ਸਹੀ|
*ਵਿਗਿਆਨੀ, ਇਸਰੋ, ਤਿਰੂਵਨੰਤਪੁਰਮ|
ਸੰਪਰਕ: 99957-65095

Advertisement

Advertisement